ਅਫਰੀਕਾ ਦਾ ਜਨਤਕ ਰੋਹ ਸੰਸਾਰ ਸਰਮਾਏਦਾਰੀ ਸੰਕਟ ਦਾ ਫੁੱਟ ਰਿਹਾ ਲਾਵਾ •ਸੁਖਦੇਵ ਹੁੰਦਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਸਾਲ ਤੋਂ ਪੂਰੇ ਅਫਰੀਕਨ ਮਹਾਂਦੀਪ ਵਿੱਚ ਸਿਆਸੀ ਬੇਚੈਨੀ ਬੇਹੱਦ ਵਧਦੀ ਜਾ ਰਹੀ ਹੈ। ‘ਹਾਰਨ ਆਫ ਅਫਰੀਕਾ’ ਤੋਂ ਲੈ ਕੇ ‘ਕੇਪ ਆਫ ਗੁੱਡ ਹੋਪ’ ਤੱਕ, ਸੱਤਾ ਤੇ ਬਿਰਾਜਮਾਨ ਜਮਾਤਾਂ ਅਤੇ ਸੰਸਥਾਵਾਂ ਵਿਰੁੱਧ ਜਨਤਕ ਰੋਹ ਵਧਦਾ ਜਾ ਰਿਹਾ ਹੈ। ਕੌਮਾਂਤਰੀ ਮੰਡੀ ਵਿੱਚ ਘਟੀਆਂ ਹੋਈਆਂ ਤੇਲ ਦੀਆਂ ਕੀਮਤਾਂ ਨੇ ਨਾਈਜੀਰੀਆ, ਕੌਂਗੋ, ਅੰਗੋਲਾ ਅਤੇ ਅਲਜੀਰੀਆ ਵਰਗੇ ਦੇਸ਼ਾਂ ਦੀ ਆਰਥਿਕਤਾ ਤੇ ਸੱਟ ਮਾਰੀ ਹੈ। ਇਥੋਪੀਆ ਵਿੱਚ ਹਿੰਸਾ ਫੈਲ਼ ਰਹੀ ਹੈ। ਜਲਸੇ ਮੁਜਾਹਰੇ ਕਰ ਰਹੇ ਲੋਕਾਂ ਤੇ ਜਬਰ ਕੀਤਾ ਜਾ ਰਿਹਾ ਹੈ। ਸੁਰੱਖਿਆ ਦਸਤਿਆਂ ਹੱਥੋਂ ਸੈਂਕੜੇ ਕਾਰਕੁੰਨ ਮਾਰੇ ਜਾ ਚੁੱਕੇ ਹਨ। ਜ਼ਿਆਦਾਤਰ ਅਫਰੀਕਨ ਦੇਸ਼ਾਂ ਦੇ ਮੁਕਾਮੀ ਹਾਕਮ ਨੰਗੇ ਚਿੱਟੇ, ਤਾਨਾਸ਼ਾਹ ਬਣੇ ਹੋਏ, ਲੰਬੇ ਸਮੇਂ ਤੋਂ ਆਪਣੀਆਂ ਹਕੂਮਤੀ ਕੁਰਸੀਆਂ ਨੂੰ ਚੰਬੜੇ ਹੋਏ ਹਨ। ਸਪਸ਼ਟ ਹੈ ਕਿ ਜਮਹੂਰੀ ਅਸੂਲਾਂ ਨੂੰ ਮੰਨਦਿਆਂ, ਹੁਣ ਉਹਨਾਂ ਲਈ ਰਾਜ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਹਨਾਂ ਵਿੱਚੋਂ ਜੋ ਕੌਮੀ ਮੁਕਤੀ ਘੋਲਾਂ ਦੀ ਪੈਦਾਵਾਰ ਹਨ, ਕਿਸੇ ਸਮੇਂ ਆਮ ਲੋਕਾਂ ਦੇ ਨਾਇਕ ਵੀ ਰਹੇ ਹਨ, ਜਾਂ ਤਾਂ ਨੰਗੇ ਚਿੱਟੇ ਤਾਨਾਸ਼ਾਹਾਂ ਵਿੱਚ ਬਦਲ ਗਏ ਹਨ ਜਾਂ ਕਿਸੇ ਵੀ ਕਿਸਮ ਦੀ ਜਨਤਕ ਅਗਵਾਈ ਕਰ ਸਕਣ ਦੀ ਯੋਗਤਾ ਗਵਾ ਚੁੱਕੇ ਹਨ। ਅਫਰੀਕਨ ਦੇਸ਼ਾਂ ਦੀਆਂ ਸਰਮਾਏਦਾਰ ਜਮਾਤਾਂ ਅਤੇ ਉਹਨਾ ਦੀਆਂ ਪਾਰਟੀਆਂ ਹੁਣ ਸਾਮਰਾਜੀ ਲੁੱਟ ਤੰਤਰ ਵਿਰੁੱਧ ਲੋਕਾਂ ਦੀ ਅਗਵਾਈ ਦੀ ਥਾਂ, ਸਾਮਰਾਜੀ ਸਰਮਾਏ ਨਾਲ਼ ਗਲਵੱਕੜੀਆਂ ਪਾ ਰਹੀਆਂ ਹਨ। ਜਿਸ ਦੀ ਸਭ ਤੋਂ ਉੱਘੀ ਮਿਸਾਲ, ਗੋਰੀ ਨਸਲਵਾਦੀ ਸਰਕਾਰ ਦੇ ਖਾਤਮੇ ਤੋਂ ਬਾਅਦ, ਦੱਖਣੀ ਅਫਰੀਕਾ ਵਿੱਚ ਬੇਮਿਸਾਲ ਕੁਰਬਾਨੀਆਂ ਅਤੇ ਖਾੜਕੂ ਘੋਲ ਤੋਂ ਬਾਅਦ ਵੀ ਆਰਥਿਕ ਮੁੜ ਉਸਾਰੀ ਸਮੇਂ ਸੰਸਾਰ ਸਰਮਾਏਦਾਰੀ ਦਾ ਨਵ ਉਦਾਰਵਾਦੀ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਹੈ। ਅਫਰੀਕੀ ਹੀ ਨਹੀਂ, ਕਿਸੇ ਸਮੇਂ ਦੁਨੀਆਂ ਭਰ ਦੇ ਲੋਕਾਂ ਲਈ ਨਾਇਕ ਤੇ ਮੁਕਤੀ ਯੋਧੇ ਰਹੇ ਨੈਲਸਲ ਮੰਡੇਲਾ ਅਤੇ ਉਸ ਦੀ ਪਾਰਟੀ ਅਫਰੀਕਨ ਨੈਸ਼ਨਲ ਪਾਰਟੀ ਦਾ ਲੀਹੋਂ ਲੱਥਣਾ ਆਮ ਲੋਕਾਂ ਦੇ ਸੰਘੋ ਨਹੀਂ ਲਹਿ ਰਿਹਾ। 93 ਸਾਲ ਦੀ ਬੁੱਢੀ ਉਮਰ ਵਿੱਚ ਵੀ ਕਿਸੇ ਸਮੇਂ ਨਸਲਵਾਦ ਵਿਰੋਧੀ ਘੋਲ ਦਾ ਆਗੂ ਰਾਬਰਟ ਮੋਗਾਬੇ ਦਾ ਵੀ ਇਹੋ ਹਾਲ ਹੈ। ਧਾਰਮਿਕ, ਨਸਲੀ ਅਤੇ ਕਬਾਇਲੀ ਪਛਾਣਾਂ ਨੂੰ ਹਵਾ ਦੇ ਕੇ ਲੋਕਾਂ ਵਿੱਚ ਫੁੱਟ ਪਾ ਕੇ ਜਨਤਕ ਰੋਹ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। 2007 ਦੇ ਚੋਣ ਨਤੀਜਿਆਂ ਤੋਂ ਬਾਅਦ ਕੀਨੀਆ ਦੇ ਹਜ਼ਾਰਾਂ ਲੋਕ ਨਸਲੀ ਦੰਗਿਆਂ ਵਿੱਚ ਮਾਰੇ ਜਾ ਚੁੱਕੇ ਹਨ। ਹੁਣ 2017 ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਫਿਰਕੂ, ਨਸਲੀ ਅਤੇ ਕਬਾਇਲੀ ਵੈਰ ਵਿਰੋਧ ਦੀ ਸਿਆਸਤ ਕਿਰਤੀ ਲੋਕਾਂ ਦੀ ਏਕਤਾ ਲਈ ਵੱਡੀ ਰੁਕਾਵਟ ਹੈ। ਦੱਖਣੀ ਸੂਡਾਨ ਵਿੱਚ ਘਰੇਲੂ ਜੰਗ ਅਤੇ ਅਕਾਲ ਦੀ ਹਾਲਤ ਹੈ। ਪੱਛਮੀ ਸਰਮਾਏਦਾਰ ਦੇਸ਼ਾਂ ਦਾ ਹਰਮਨ ਪਿਆਰਾ ਆਗੂ ਰਵਾਂਡਾ ਦਾ ਰਾਸ਼ਟਰਪਤੀ ਪਾਲ ਕਾਗਾਮੇ ਹਰ ਕਿਸਮ ਦੇ ਸਿਆਸੀ ਵਿਰੋਧ ਨੂੰ ਸਖ਼ਤੀ ਨਾਲ਼ ਕੁਚਲਣ ਲਈ ਮਸ਼ਹੂਰ ਹੈ। 20 ਸਾਲਾਂ ਤੋਂ ਸੱਤਾ ਤੇ ਕੁੰਡਲੀ ਮਾਰੀ ਬੈਠੇ ਇਸ ਤਾਨਾਸ਼ਾਹ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ‘ਸਾਡੇ ਸਮੇਂ ਦੇ ਸਭ ਤੋਂ ਮਹਾਨ ਨੇਤਾਵਾਂ ਵਿੱਚੋਂ ਇੱਕ’ ਕਿਹਾ ਸੀ।

54 ਦੇਸ਼ਾਂ ਵਲੋਂ ਇਸ ਮਹਾਂਦੀਪ ਵਿੱਚ ਜੋ ਚੀਜਾਂ ਸਾਂਝੀਆਂ ਹਨ, ਉਹ ਹਨ, ਜਨਤਕ ਬੇਚੈਨੀ, ਸਿਆਸੀ ਅਸਥਿਰਤਾ, ਜਮਹੂਰੀ ਕਦਰਾਂ ਕੀਮਤਾਂ ਤੇ ਹਮਲਾ ਅਤੇ ਕਿਰਤੀ ਲੋਕਾਂ ਦੀ ਮੰਦਹਾਲੀ। ਉੱਪਰ ਤਾਂ ਕੁਝ ਕੁ ਵੰਨਗੀਆਂ ਦਾ ਹੀ ਜਿਕਰ ਕੀਤਾ ਗਿਆ ਹੈ। ਪਰ ਦੁਨੀਆਂ ਭਰ ਦੇ ਹੋਰ ਕਿਰਤੀ ਲੋਕਾਂ ਵਾਂਗ ਹੀ, ਅਫਰੀਕਨ ਲੋਕਾਂ ਦੇ ਜ਼ੁਲਮ ਅਤੇ ਅਨਿਆ ਵਿਰੁੱਧ ਲੜਨ ਦੇ ਮਹਾਨ ਜਜ਼ਬੇ ਨੂੰ ਕਈ ਸਦੀਆਂ ਦੇ ਬਸਤੀਵਾਦੀ ਤੇ ਸਾਮਰਾਜੀਆਂ ਦੇ ਧਾੜਵੀ ਹਮਲੇ ਵੀ ਕਮਜ਼ੋਰ ਨਹੀਂ ਕਰ ਸਕੇ। ਅਫਰੀਕਨ ਲੋਕਾਂ ਦਾ ਟਾਕਰੇ ਦਾ ਸ਼ਾਨਦਾਰ ਇਤਿਹਾਸ ਹੈ। ਮੌਜੂਦਾ ਅਸਥਿਰਤਾ ਦਾ ਮਹੌਲ ਵੀ ਕੋਈ ਸਥਿਰ ਵਰਤਾਰਾ ਨਹੀਂ ਹੈ। ਇਹ ਸਾਡੇ ਸਮੇਂ ਦੇ ਖਾਸ ਇਤਿਹਾਸਕ ਦੌਰ ਦਾ ਇੱਕ ਪੜਾਅ ਹੈ। ਇਸ ਦਾ ਬੀਤੇ ਦਾ ਇੱਕ ਇਤਿਹਾਸ ਹੈ ਅਤੇ ਵਰਤਮਾਨ ਦੌਰ ਅੰਦਰ ਹੀ ਭਵਿੱਖ ਦੀਆਂ ਸੰਭਾਵਨਾਵਾਂ ਦੇ ਬੀਜ ਮੌਜੂਦ ਹਨ। ਇਸ ਨੂੰ ਸਾਮਰਾਜ ਦੇ ਸਾਡੇ ਇਸ ਦੌਰ ਦੇ ਇਤਿਹਾਸ ਦੇ ਪ੍ਰਸੰਗ ਵਿੱਚ ਹੀ ਸਮਝਣ ਦੀ ਲੋੜ ਹੈ। ਮਹਾਨ ਇਨਕਲਾਬੀ ਅਤੇ ਚਿੰਤਕ ਲੈਨਿਨ ਨੇ ਅਜ਼ਾਦ ਮੁਕਾਬਲੇ ਵਾਲ਼ੀ ਸਰਮਾਏਦਾਰੀ ਦੇ ਸਾਮਰਾਜ ਵਿੱਚ ਬਦਲਣ ਦੇ ਇਤਿਹਾਸਕ ਵਰਤਾਰੇ ਦੀ ਨਿਸ਼ਾਨਦੇਹੀ ਕੀਤੀ ਸੀ। ਉਹਨਾਂ ਨੇ ਸਾਮਰਾਜ ਨੂੰ ਸਰਮਾਏਦਾਰੀ ਦਾ ਆਖਰੀ ਪੜਾਅ ਅਤੇ ਸਮਾਜਵਾਦ ਦੀਆਂ ਬਰੂਹਾਂ ਕਿਹਾ ਸੀ। ਉਹਨਾਂ ਨੇ ਇਸ ਨੂੰ ਮੌਤ ਦੇ ਕੰਡੇ ਪਹੁੰਚੀ ਸਰਮਾਏਦਾਰੀ ਵੀ ਕਿਹਾ ਸੀ। ਉਹਨਾਂ ਅਨੁਸਾਰ, ਮਨੁੱਖੀ ਸੱਭਿਅਤਾ ਹਜ਼ਾਰਾਂ ਸਾਲਾਂ ਦੇ ਮਨੁੱਖ ਦੋਖੀ ਜਮਾਤੀ ਪ੍ਰਬੰਧਾਂ ਤੋਂ ਮਨੁੱਖੀ ਬਰਾਬਰੀ ਅਤੇ ਹਰ ਤਰਾਂ ਦੀ ਲੁੱਟ ਖਸੁੱਟ ਤੋਂ ਮੁਕਤ ਜਮਾਤ ਰਹਿਤ ਪ੍ਰਬੰਧ ਵਿੱਚ ਦਾਖਲ ਹੋਣ ਦੇ ਇਤਿਹਾਸ ਦੌਰ ਵਿੱਚ ਹੈ।  ਜਿੰਨਾ ਚਿਰ ਕਿਰਤ ਅਤੇ ਸਰਮਾਏ ਦੇ ਇਸ ਆਖਰੀ ਮਹਾਂ-ਸੰਗ੍ਰਾਮ ਵਿੱਚ ਸਮਾਜਵਾਦੀ ਇਨਕਲਾਬਾਂ ਨਾਲ਼ ਸਰਮਾਏਦਾਰੀ ਢਾਂਚਾ ਤਬਾਹ ਨਹੀਂ ਹੋ ਜਾਂਦਾ ਅਸੀਂ ਸਾਮਰਾਜ ਦੇ ਦੌਰ ਵਿੱਚ ਹੀ ਰਹਿ ਰਹੇ ਹਾਂ। 20ਵੀਂ ਸਦੀ ਦੇ ਸਮਾਜਵਾਦੀ ਇਨਕਲਾਬ 21ਵੀਂ ਸਦੀ ਦੇ ਸਮਾਜਵਾਦੀ ਇਨਕਲਾਬਾਂ ਦੇ ਅਗਲੇ ਗੇੜ ਲਈ ਸ਼ਾਨਦਾਰ ਸਬਕ ਛੱਡ ਗਏ ਹਨ। ਚੀਜ਼ਾਂ ਲਗਾਤਾਰ ਗਤੀ ਵਿੱਚ ਰਹਿੰਦੀਆਂ ਹਨ। ਅਜੋਕਾ ਸਾਮਰਾਜ ਵੀ 20ਵੀਂ ਸਦੀ ਦੇ ਸ਼ੁਰੂ ਦੇ ਸਮੇਂ ਤੋਂ ਲੈਕੇ ਅੱਜ ਤੱਕ ਕਈ ਪੜਾਅ ਪਾਰ ਕਰ ਚੁੱਕਾ ਹੈ। ਬਸਤੀਵਾਦ ਦਾ ਦੌਰ ਬੀਤ ਚੁੱਕਾ ਹੈ। ਸਾਮਰਾਜ ਦੇ ਵਰਤਮਾਨ ਸਮੇਂ ਵਿੱਚ ਸੰਸਾਰ ਸਰਮਾਏਦਾਰੀ ਢਾਂਚਾ ਲੰਬੇ ਸਮੇਂ ਦੇ ਆਰਥਿਕ ਮੰਦਵਾੜੇ ਦੇ ਦੌਰ ਵਿੱਚ ਦਾਖਲ ਹੋਣ ਦੀ ਵਜਾ ਨਾਲ਼ ਹੋਰ ਜ਼ਿਆਦਾ ਮਨੁੱਖ ਦੋਖੀ ਮਜ਼ਦੂਰ ਵਿਰੋਧੀ ਅਤੇ ਖੁੰਖਾਰ ਹੋ ਗਿਆ ਹੈ। ਇਹ ਹੁਣ ਅਜ਼ਾਦੀ ਬਰਾਬਰੀ ਅਤੇ ਭਾਈਚਾਰੇ ਵਰਗੀਆਂ ਆਪਣੀਆਂ ਹੀ ਜਮਹੂਰੀ ਕਦਰਾਂ ਕੀਮਤਾਂ ਨਾਲ਼ ਬੇ ਮੇਲ ਹੋ ਗਿਆ ਹੈ। 1929-30 ਦੀ ਮਹਾਂਮੰਦੀ ਤੋਂ ਬਾਅਦ ਤੇ ਕੀਨਜ਼ਵਾਦੀ ਕਲਿਆਣਕਾਰੀ ਰਾਜ ਵਾਲ਼ੇ ਦੌਰ ਦਾ ਵੀ ਭੋਗ ਪੈ ਚੁੱਕਾ ਹੈ ਅਤੇ 20ਵੀਂ ਸਦੀ ਦੇ ਅਖੀਰ ਵਿੱਚ ਹੀ ਸੰਸਾਰੀਕਰਨ, ਨਿੱਜੀਕਰਨ ਅਤੇ ਕੰਟਰੌਲ ਮੁਕਤੀ ਦੇ ਨਾਹਰਿਆਂ ਨਾਲ਼ ਵਰਤਮਾਨ ਨਵ-ਉਦਾਰੀਕਰਨ ਦੇ ਦੌਰ ਦੀ ਸ਼ੁਰੂਆਤ ਹੁੰਦੀ ਹੈ। ਸੰਸਾਰ ਸਰਮਾਏਦਾਰੀ ਪ੍ਰਬੰਧ ਦੀ ਏਥੋਂ ਤੱਕ ਦੀ ਯਾਤਰਾ ਵਿੱਚ ਅਫਰੀਕਨ ਲੋਕਾਂ ਦਾ ਕਿੰਨਾ ਯੋਗਦਾਨ ਹੈ ਮਹਾਨ ਇਨਕਲਾਬੀ ਅਤੇ ਮਜ਼ਦੂਰ ਜਮਾਤ ਦੀ ਮੁਕਤੀ ਦਾ ਸਿਧਾਂਤ ਦੇਣ ਵਾਲ਼ੇ ਕਾਰਲ ਮਾਰਕਸ ਲਿਖਦੇ ਹਨ, “ਅਫਰੀਕਾ ਵਿੱਚ ਸੋਨੇ ਤੇ ਚਾਂਦੀ ਦੀ ਖੋਜ਼, ਮੂਲਵਾਸੀ ਅਬਾਦੀ ਦੀ ਤਬਾਹੀ, ਗੁਲਾਮੀ ਅਤੇ ਕਬਰਸਤਾਨ ਬਣੀਆਂ ਖਾਣਾਂ, ਈਸਟ ਇੰਡੀਜ਼ ਖੇਤਰ ਦੀ ਜਿੱਤ ਅਤੇ ਅਫਰੀਕਾ ਦੇ ਕਾਲੀ ਚਮੜੀ ਦੀ ਸ਼ਿਕਾਰਗਾਹ ਵਿੱਚ ਤਬਦੀਲ ਹੋ ਜਾਣ ਨੇ ਸਰਮਾਏਦਾਰੀ ਪੈਦਾਵਾਰ ਦੇ ਯੁੱਗ ਦੀ ਗੁਲਾਬੀ ਸਵੇਰ ਦੀ ਸ਼ੁਰੂਆਤ ਦੇ ਸੰਕੇਤ ਦੇ ਦਿੱਤੇ। ਇਹ ਨਜ਼ਰ ਆ ਰਹੇ ਵਰਤਾਰੇ, ਮੁੱਢਲੇ ਇਕੱਤ੍ਰੀਕਰਨ ਦਾ ਮੁੱਖ ਆਵੇਗ ਹਨ, ਸਰਮਾਏਦਾਰੀ ਪੈਦਾਵਾਰ ਦੀ ਜਰੂਰੀ ਸ਼ਰਤ।” (ਸਿਆਸੀ ਆਰਥਿਕਤਾ ਦੀ ਅਲੋਚਨਾ ਵਿੱਚੋਂ) ਅਫਰੀਕੀ ਲੋਕਾਂ ਦਾ ਸ਼ਿਕਾਰ ਕਰਕੇ, ਪਸ਼ੂਆਂ ਵਾਂਗ ਸਮੁੰਦਰੀ ਜਹਾਜਾਂ ਵਿੱਚ ਤੂੜ ਕੇ ਅਮਰੀਕਾ ਦੀਆਂ ਮੰਡੀਆਂ ਵਿੱਚ ਵੇਚਿਆ ਜਾਂਦਾ ਸੀ। ਗੁਲਾਮਾਂ ਦੇ ਵਪਾਰ ਨਾਲ਼ ਅਫਰੀਕਾ ਦੇ ਆਪਣੇ ਸੱਭਿਆਚਾਰਕ ਤੇ ਆਰਥਿਕ ਵਿਕਾਸ ਦੀ ਬਲੀ ਦੇ ਦਿੱਤੀ ਗਈ। ਇਹ ਉਹੀ ਅਫਰੀਕੀ ਮਹਾਂਦੀਪ ਹੈ ਜਿਸ ਦਾ ਮੱਧ-ਪੂਰਬ ਅਰਬ ਨਾਲ਼ ਲਗਦਾ ਇਲਾਕਾ ਕਿਸੇ ਸਮੇਂ ਸੰਸਾਰ ਵਪਾਰ ਦਾ ਵੱਡਾ ਲਾਂਘਾ ਸੀ। ਵਪਾਰ ਦੇ ਨਾਲ਼-ਨਾਲ਼, ਗਿਆਨ ਵਿਗਿਆਨ ਅਤੇ ਬੌਧਿਕ ਚਿੰਤਨ ਦੀਆਂ ਸਰਗਰਮੀਆਂ ਦਾ ਵੀ ਵੱਡਾ ਕੇਂਦਰ ਸੀ। ਪ੍ਰਸਿੱਧ ਅਲੈਗਜ਼ਾਂਦਰੀਆ ਸ਼ਹਿਰ ਵੀ ਇੱਥੇ ਹੀ ਸੀ। ਮਨੁੱਖੀ ਸਭਿਅਤਾ ਦੇ ਵਿਕਾਸ ਵਿੱਚ, ਅਫਰੀਕਾ ਨਿਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਮਾਰਕਸ ਨੇ ਉਹਨਾਂ ਯੂਰਪੀ ਚਿੰਤਕਾਂ ਦੀ ਉਸ ਧਾਰਨਾ ਦੀ ਨਿਖੇਧੀ ਕੀਤੀ ਸੀ, ਜਿਹੜੇ ਕਹਿੰਦੇ ਸਨ ਅਫਰੀਕਾ ਵਿੱਚ ਬਸਤੀਵਾਦੀਆਂ ਦੀਆਂ ਕਾਰਵਾਈਆਂ, ਉਹਨਾਂ ਲੋਕਾਂ ਦੇ ਵਿਕਾਸ ਅਤੇ ਭਲੇ ਲਈ ਹੀ ਕੀਤੀਆਂ ਜਾ ਰਹੀਆਂ ਹਨ। ਇਹ ਮਹਾਂਦੀਪ ਕੁਦਰਤੀ ਖਜ਼ਾਨਿਆਂ ਨਾਲ਼ ਵੀ ਭਰਪੂਰ ਹੈ। ਸਸਤੀ ਕਿਰਤ ਅਤੇ ਕੱਚੇ ਮਾਲ ਦੀ ਦੌੜ ਵਿੱਚ 19ਵੀਂ ਸਦੀ ਦੇ ਅੰਤ ਵਿੱਚ ਹੀ, ਅਫਰੀਕੀ ਲੋਕਾਂ ਦੀ ਕਿਸਮਤ, ਬਸਤੀਵਾਦੀ ਹਾਕਮਾਂ ਨੇ ਲਿਖਣੀ ਸ਼ੁਰੂ ਕਰ ਦਿੱਤੀ। 1884-85 ਵਿੱਚ ਬਰਲਿਨ ਕਾਨਫਰੰਸ ਵਿੱਚ ਸਾਮਰਾਜੀ ਬਸਤੀਵਾਦੀ ਸ਼ਕਤੀਆਂ ਨੇ ਅਫਰੀਕਾ ਨੂੰ ਵੰਡ ਲਿਆ। ਉਸ ਸਮੇਂ ਇੱਕ ਅਫਰੀਕੀ ਚਿੰਤਕ ਨੇ ਇਸ ਨੂੰ, ‘ਖੁਸ਼ਕ ਧਰਤੀ ਤੇ ਸਮੁੰਦਰੀ ਜਹਾਜ਼ਾਂ ਦਾ ਡਾਕਾ’ ਕਿਹਾ ਸੀ। ਅਫਰੀਕੀ ਲੋਕਾਂ ਨੇ ਲੁਟੇਰੇ ਸਾਮਰਾਜੀਆਂ ਨੂੰ ਇੱਕ ਦਿਨ ਵੀ ਚੈਨ ਨਹੀਂ ਲੈਣ ਦਿੱਤਾ। ਅਜ਼ਾਦੀ ਘੋਲ਼ ਲੜੇ ਗਏ, ਨਸਲਵਾਦ ਵਿਰੁੱਦ ਲਹਿਰਾਂ ਉੱਠੀਆਂ। ਅਜ਼ਾਦੀਆਂ ਵੀ ਜਿੱਤੀਆਂ ਗਈਆਂ। ਫਿਰ ਵੀ ਸਾਮਰਾਜੀ ਦਖ਼ਲਅੰਦਾਜ਼ੀ ਬੰਦ ਨਹੀਂ ਹੋਈ। ਏਸ਼ੀਆ ਤੇ ਅਫਰੀਕਾ ਦੇ ਨਵੇਂ ਅਜ਼ਾਦ ਹੋਏ ਦੇਸ਼ਾਂ ਦੀ ਇੰਡੋਨੇਸ਼ੀਆ ਦੇ ਬੈਂਡੁਗ ਸ਼ਹਿਰ ਵਿੱਚ ਹੋਈ 29 ਦੇਸ਼ਾਂ ਦੀ ਕਾਨਫਰੰਸ ਨੇ ਠੰਡੀ ਜੰਗ ਦੇ ਦੌਰ ਵਿੱਚ ਆਪਣੀਆਂ ਸਿਆਸੀ ਅਤੇ ਆਰਥਿਕ ਅਜ਼ਾਦੀਆਂ ਲਈ ਯਤਨ ਕੀਤੇ, ਗੁੱਟ ਨਿਰਪੱਖ ਲਹਿਰ ਲਈ ਵੀ ਪ੍ਰੇਰਣਾ ਬਣੇ ਪਰ ਇਹ ਸਾਰੇ ਦੇਸ਼ ਵੀ ਸਾਮਰਾਜੀ ਦਬਾਵਾਂ ਤੋਂ ਮੁਕਤ ਨਹੀਂ ਸਨ। ਐਫਰੀਕੋਮ ਦੇ ਨਾਂ ਤੇ ਮਿਲਟਰੀ ਕਮਾਂਡ ਖੜੀ ਕਰਕੇ ਅਮਰੀਕਾ ਦੇ ਇਸ ਖੇਤਰ ਦਾ ਪੁਲਸੀਆ ਬਣਨ ਤੋਂ ਪਹਿਲਾਂ, ਫਰਾਂਸ, ਬਰਤਾਨੀਆ, ਬੈਲਜੀਅਮ, ਜਰਮਨੀ, ਯਮਨ ਅਤੇ ਪੁਰਤਗਾਲ ਇਹ ਰੋਲ਼ ਨਿਭਾਉਂਦੇ ਰਹੇ। ਮੁਕਤੀ ਘੋਲ਼ਾਂ ਸਾਹਮਣੇ, ਬਸਤੀਵਾਦੀਆਂ ਦੀਆਂ ਹਾਰਾਂ ਤੋਂ ਬਾਅਦ ਸਾਮਰਾਜ ਨੇ ਆਪਣੀ ਯੁੱਧਨੀਤੀ ਵਿੱਚ ਤਬਦੀਲੀ ਸ਼ੁਰੂ ਕਰ ਦਿੱਤੀ ਸੀ। ਖਾਸ ਕਰਕੇ ਮੋਜਾਂਬਿਕ, ਅੰਗੋਲਾ, ਗਿੱਨੀ ਅਤੇ ਸਾਓ ਟੋਮ ਵਿੱਚ ਪੁਰਤਗਾਲੀ ਬਸਤੀਵਾਦੀਆਂ ਦੀ ਹਾਰ ਤੋਂ ਬਾਅਦ। ਜ਼ਿੰਬਾਵੇ ਵਿੱਚ ਗੋਰੀ ਨਸਲਵਾਦੀ ਸਰਕਾਰ ਦੀ ਹਾਰ ਹੋਈ। ਉਸ ਦੌਰ ਵਿੱਚ ਅਫਰੀਕਨ ਸੁਤੰਤਰਤਾ ਸੰਗਰਾਮੀਆਂ ਨੂੰ ਅਮਰੀਕਾ ਅਤੇ ਯੁਰਪੀ ਸਾਮਰਾਜੀ ਦੇਸ਼ ਦਹਿਸ਼ਤਗਰਦ ਕਹਿੰਦੇ ਸਨ। ਦੱਖਣੀ ਅਫਰੀਕਾ ਦੀ ਨਸਲਵਾਦੀ ਹਕੂਮਤ, ਸਾਮਰਾਜੀ ਸਹਾਇਤਾ ਦੇ ਬਲ-ਬੂਤੇ ਹੀ ਖੜੀ ਸੀ। ਇਤਿਹਾਸ ਵਿੱਚ ਅਫਰੀਕਾ ਵਿੱਚ ਲੜੇ ਗਏ ਅਜ਼ਾਦੀ ਸੰਘਰਸ਼ਾਂ ਵਿੱਚ, ਇੱਕ ਵੀ ਮਿਸਾਲ ਨਹੀਂ ਮਿਲ਼ਦੀ ਜਿਸ ਦੀ ਅਮਰੀਕਾ ਨੇ ਮਦਦ ਕੀਤੀ ਹੋਵੇ। ਦੁਨੀਆਂ ਨੂੰ ਕਮਿਊਨਿਜ਼ਮ ਤੋਂ ਬਚਾਉਣ ਦੇ ਪਵਿੱਤਰ ਮਕਸਦ ਦੇ ਨਾਂ ਤੇ ਅਤੇ ਠੰਡੀ ਜੰਗ ਦੇ ਦੌਰ ਵਿੱਚ, ਆਪਣੇ ਸ਼ਰੀਕ ਸੋਵੀਅਤ ਯੂਨੀਅਨ ਦੇ ਪ੍ਰਭਾਵ ਨੂੰ ਰੋਕਣ ਦੇ ਨਾਂ ਤੇ ਅਮਰੀਕਾ ਅਤੇ ਉਸ ਦੇ ਸਾਮਰਾਜੀ ਸਹਿਯੋਗੀਆਂ ਦੇ ਸ਼ਰਮਨਾਕ ਕਾਰਿਆਂ ਦੀ ਸੂਚੀ ਬਹੁਤ ਲੰਬੀ ਹੈ। ਸੀ. ਆਈ. ਏ. ਵੱਲੋਂ ਅਫਰੀਕਨ ਅਜ਼ਾਦੀ ਘੁਲਾਟੀਆਂ ਦੇ ਕਤਲ ਕੀਤੇ ਜਾਂਦੇ ਸਨ। ਕਾਂਗੋ ਦੇ ਦੇਸ਼ ਭਗਤ ਇਨਕਲਾਬੀ ਪੈਟਰਿਸ ਲੰਬੂਬਾ ਦਾ ਕਤਲ 35 ਸਾਲਾਂ ਦੀ ਉਮਰ ਵਿੱਚ ਕੀਤਾ ਗਿਆ ਜਦੋਂ ਕਿ ਉਸੇ ਸਮੇਂ ਕਾਂਗੋ ਦੇ ਜਾਲਮ ਤਾਨਾਸ਼ਾਹ ਮੋਬੁਤੂ ਨੂੰ ਸਾਮਰਾਜੀਆਂ ਦੀ ਭਰਪੂਰ ਹਮਾਇਤ ਹਾਸਲ ਸੀ। ਸਾਨੂੰ ਭੁਲੇਖਾ ਨਹੀਂ ਚਾਹੀਦਾ ਕਿ ਜਿਸ ਸਮੇਂ ਅਮਰੀਕਾ ਉਸਾਮਾ ਬਿਨ ਲਾਦਿਨ ਵਰਗੇ ਦਹਿਸ਼ਤਗਰਦਾਂ ਨੂੰ ਵਿੱਤੀ ਸਹਾਇਤਾ ਅਤੇ ਫੌਜੀ ਸਿਖ਼ਲਾਈ ਦੇ ਕੇ ਆਪਣੇ ਮਕਸਦ ਲਈ ਤਿਆਰ ਕਰ ਰਿਹਾ ਸੀ, ਉਸੇ ਸਮੇਂ ਨੈਲਸਨ ਮੰਡੇਲਾ ਸਮੇਤ ਅਫਰੀਕਾ ਦੇ ਸਾਰੇ ਮੁਕਤੀ ਸੰਗਰਾਮੀਆਂ ਦੇ ਨਾਂ, ਅਮਰੀਕਾ ਦੀ ਦਹਿਸ਼ਤਗਰਦਾਂ ਦੀ ਸੂਚੀ ਵਿੱਚ ਸ਼ਾਮਲ ਸਨ।

ਠੰਡੀ ਜੰਗ ਦੇ ਦੌਰ ਤੋਂ ਬਾਅਦ ਚੀਜ਼ਾਂ ਬਦਲ ਗਈਆਂ ਹਨ। 1976 ਤੋਂ ਬਾਅਦ ਚੀਨ ਵਿੱਚ ਸਰਮਾਏਦਾਰੀ ਦੀ ਬਹਾਲੀ ਤੋਂ ਬਾਅਦ ਮਜ਼ਦੂਰ ਜਮਾਤ ਦਾ ਆਖ਼ਰੀ ਕਿਲਾ ਵੀ ਢਹਿ ਗਿਆ ਹੈ। ਬਸਤੀਵਾਦੀ ਅਤੇ ਨਵ-ਬਸਤੀਵਾਦੀ ਤੌਰ ਤਰੀਕਿਆਂ ਦਾ ਦੌਰ ਬੀਤ ਗਿਆ ਹੈ। ਸਾਮਰਾਜ ਦੇ ਵਰਤਮਾਨ ਦੌਰ ਵਿੱਚ ਸਾਮਰਾਜੀ ਸਰਮਾਇਆ ਨਵੇਂ ਅਜ਼ਾਦ ਹੋਏ ਦੇਸ਼ਾਂ ਨੂੰ ਛੋਟੇ ਭਿਆਲ ਬਣਾ ਕੇ ਦੁਨੀਆਂ ਭਰ ਦੇ ਮਜ਼ਦੂਰਾਂ, ਕਿਰਤੀ ਲੋਕਾਂ ਅਤੇ ਕੁਦਰਤੀ ਖਜ਼ਾਨਿਆਂ ਦੀ ਲੁੱਟ ਕਰ ਰਿਹਾ ਹੈ। ਨਿੱਜੀ ਫੌਜੀ ਕੰਮਾਂ ਦੇ ਠੇਕੇਦਾਰਾਂ ਅਤੇ ਐਨ. ਜੀ. ਓ. ਦੀ ਵਰਤੋਂ ਤੇਜ਼ੀ ਨਾਲ਼ ਵਧ ਰਹੀ ਹੈ। 

ਪਰ ਅਫਰੀਕਾ ਦੀ ਇਸ ਲੁੱਟ ਵਿੱਚ ਸਾਮਰਾਜੀ ਸ਼ਕਤੀਆਂ ਦਾ ਆਪਸੀ ਖਹਿਭੇੜ ਵੀ ਪ੍ਰਗਟ ਹੋ ਰਿਹਾ ਹੈ। ਅਮਰੀਕਾ ਦੇ ਸ਼ਰੀਕ ਦੇ ਰੂਪ ਵਿੱਚ, ਰੂਸ, ਜਪਾਨ, ਚੀਨ ਤੋਂ ਬਿਨਾਂ ਪੱਛਮੀ ਯੂਰੋਪ ਜਰਮਨੀ ਅਤੇ ਫਰਾਂਸ ਵਰਗੇ ਦੇਸ਼ ਵੀ ਆਪਣੇ ਪਰ ਤੋਲ ਰਹੇ ਹਨ। ਕੁਦਰਤੀ ਗੈਸਾ, ਕੱਚੇ ਤੇਲ, ਰੇਗਿਸਤਾਨ ਹੇਠਲੇ ਪਾਣੀ ਅਤੇ ਹੋਰ ਕੁਦਰਤੀ ਸ੍ਰੋਤਾਂ ਨਾਲ਼ ਭਰਪੂਰ ਇਸ ਮਹਾਂਦੀਪ ਦੀ ਲੁੱਟ ਲਈ ਦੌੜ ਦਾ ਇਹ ਨਵਾਂ ਦੌਰ ਹੈ। ਪਰ ਕੁਦਰਤੀ ਸ੍ਰੋਤਾਂ ਦੀ ਇਸ ਲੁੱਟ ਲਈ, ਕਿਰਤ ਸ਼ਕਤੀ ਦੀ ਲੋੜ ਹੈ। ਇਸ ਲਈ ਮਜ਼ਦੂਰ ਜਮਾਤ ਦੀ ਵਾਧੂ ਕਦਰ ਦੀ ਲੁੱਟ, ਦੁਨੀਆਂ ਦੇ ਸਰਮਾਏਦਾਰਾਂ ਦੇ ਮੁਨਾਫੇ ਦੀ ਇੱਕ ਜ਼ਰੂਰੀ ਸ਼ਰਤ ਹੈ। ਅਫਰੀਕਾ ਦੇ ਮਜ਼ਦੂਰ ਵੀ ਆਪਣੇ ਅਧਿਕਾਰਾਂ ‘ਤੇ ਹੋ ਰਹੇ ਹਮਲਿਆਂ ਦਾ ਸੇਕ ਮਹਿਸੂਸ ਕਰ ਰਹੇ ਹਨ। ਇਸ ਮਾਮਲੇ ਵਿੱਚ, ਮਜ਼ਦੂਰਾਂ ਦੇ ਅਧਿਕਾਰਾਂ ‘ਤੇ ਹਮਲੇ ਦੇ ਮਾਮਲੇ ਵਿੱਚ, ਨਵੇਂ ਅਜ਼ਾਦ ਹੋਏ ਸਰਮਾਏਦਾਰਾ ਰਾਹ ਪਏ ਦੇਸ਼ਾਂ ਦੀਆਂ ਹਾਕਮ ਜਮਾਤਾਂ ਅਤੇ ਸਾਮਰਾਜੀਆਂ ਦੇ ਹਿੱਤ ਇੱਕ ਹੋ ਜਾਂਦੇ ਹਨ। ਮਜ਼ਦੂਰਾਂ ਦੇ ਸੰਘਰਸ਼ਾਂ ਨੂੰ ਹਥਿਆਰ ਬੰਦ ਦਸਤਿਆਂ ਦੀ ਮਦਦ ਨਾਲ਼ ਕੁਚਲਣ ਦੀਆਂ ਕਾਰਵਾਈਆਂ ਹੋ ਰਹੀਆਂ ਹਨ। ਆਮ ਲੋਕਾਂ ਦੇ ਨਾਲ਼ ਨਾਲ਼, ਮਜ਼ਦੂਰਾਂ ਵਿੱਚ ਵੀ ਬੇਚੈਨੀ ਤੇ ਰੋਸ ਵਧਣਾ ਸੁਭਾਵਕ ਹੀ ਹੈ। ਇਸ ਨਵ-ਉਦਾਰਵਾਦੀ ਦੌਰ ਵਿੱਚ, ਜਨਤਕ ਰੋਸ ਦੀ ਵੱਡੀ ਮਿਸਾਲ ਅਰਬ-ਬਹਾਰ ਨਾਲ਼ ਜਾਣੇ ਜਾਂਦੇ 2011 ਦੇ ਵਿਦਰੋਹ ਦੀ ਹੈ। ਕਿਉਂਕਿ ਮੁਕਤੀ ਘੋਲ਼ਾਂ ਦੇ ਸਮੇਂ ਜੋ ਸੁਪਨੇ ਲੋਕਾਂ ਨੇ ਲਏ ਸਨ, ਉਹਨਾਂ ਦੀਆਂ ਆਸਾਂ ਉਮੰਗਾਂ ਤੇ ਪਾਣੀ ਫਿਰ ਗਿਆ। ਇਹ ਵਿਦਰੋਹ ਵੀ ਅਫਰੀਕਾ ਦੀ ਧਰਤੀ ਤੋਂ ਸ਼ੁਰੂ ਹੋਇਆ ਸੀ। ਅਫਰੀਕੀ ਦੇਸ਼ ਟੁਨੀਸ਼ੀਆ ਵਿੱਚ ਸ਼ੁਰੂ ਹੋਏ ਇਸ ਘੋਲ਼ ਨਾਲ਼ ਮਿਸਰ ਦੇ ਹੁਸਨੀ ਮੁਬਾਰਕ ਸਮੇਤ ਕਈ ਦੇਸ਼ਾਂ ਦੀਆਂ ਹਕੂਮਤਾਂ ਲੋਕ ਰੋਹ ਅੱਗੇ ਗੋਡੇ ਟੇਕ ਗਈਆਂ। ਸਹੀ ਤੇ ਮਜ਼ਬੂਤ ਜਥੇਬੰਦਕ ਸੇਧ ਦੀ ਅਣਹੋਂਦ ਅਤੇ ਸਾਮਰਾਜੀ ਦਖਲ ਕਾਰਨ, ਲਹਿਰ ਸਹੀ ਦਿਸ਼ਾ ਵਿੱਚ ਅੱਗੇ ਨਹੀਂ ਵਧ ਸਕੀ। ਇਹਨਾਂ ਦੇਸ਼ਾਂ ਦੀਆਂ ਸਰਮਾਏਦਾਰ ਜਮਾਤਾਂ, ਫੌਜੀ ਅਫ਼ਸਰਾਂ ਅਤੇ ਸਾਮਰਾਜੀ ਸ਼ਕਤੀਆਂ ਨੇ ਇਸ ਗੁਲਾਬੀ ਇਨਕਲਾਬ ਨੂੰ ਪੁੱਠਾ ਗੇੜਾ ਦਿੱਤਾ। ਸਾਡੇ ਯੁੱਗ ਦੀ ਇਤਿਹਾਸਕ ਤਬਦੀਲੀ ਦੀ ਵਾਹਕ ਮਜ਼ਦੂਰ ਜਮਾਤ ਦੀ ਸਿਆਸੀ ਅਤੇ ਜਥੇਬੰਦਕ ਪ੍ਰਪੱਕਤਾ ਦੀ ਕਮੀ ਵੀ, ਹਾਰ ਦਾ ਇੱਕ ਅੰਤਰਮੁਖੀ ਕਾਰਨ ਸੀ। ਫਿਰ ਵੀ ਇਹ ਇੱਕ ਸ਼ਾਨਦਾਰ ਪਹਿਲ-ਕਦਮੀ ਸੀ। ਇਸੇ ਅਫਰਾਤਫਰੀ ਦਾ ਲਾਭ ਉਠਾਉਂਦੇ ਹੋਏ ਅਫਰੀਕੀ ਦੇਸ਼ ਲੀਬੀਆ ਵਿੱਚ ਫੌਜੀ ਹਮਲਾ ਕਰਕੇ ਅਮਰੀਕਾ ਅਤੇ ਨਾਟੋ ਦੀਆਂ ਫੌਜਾਂ ਨੇ ਤਖਤਾ ਪਲਟ ਕਰਵਾ ਦਿੱਤਾ। ਦਿਲਚਸਪ ਹੈ ਕਿ ਸੰਸਾਰ ਸਰਮਾਏਦਾਰੀ, ਆਪਣੀ ਸਾਰੀਆਂ ਕਾਰਵਾਈਆਂ ਅਤੇ ਹਮਲਿਆਂ ਨੂੰ, ਮਨੁੱਖੀ ਹਮਦਰਦੀ, ਲੋਕ ਭਲਾਈ ਅਤੇ ਸੰਸਾਰ ਨੂੰ ਦਹਿਸ਼ਤਗਰਦੀ ਤੋਂ ਮੁਕਤ ਕਰਾਉਣ ਦੇ ਨਾਂ ਤੇ, ਜਾਇਜ਼ ਠਹਿਰਾਉਂਦੀ ਹੈ। ‘ਦਹਿਸ਼ਤਗਰਦੀ ਵਿਰੁੱਧ ਲੜਾਈ’-ਅੱਜ ਸੰਸਾਰ ਸਰਮਾਏਦਾਰੀ ਦਾ ਆਪਣੇ ਮਨਸੂਬਿਆਂ ‘ਤੇ ਪੜਦਾ ਪਾਉਣ ਲਈ, ਮੁੱਖ ਨਾਹਰਾ ਹੈ। ਪਰ ਇਹਨਾਂ ਦੇ ਆਪਣੇ ਦਸਤਾਵੇਜ਼, ਇਹਨਾਂ ਦੇ ਝੂਠ ਨੂੰ ਬੇਪਰਦਾ ਕਰ ਦਿੰਦੇ ਹਨ। 8 ਫਰਵਰੀ 2008 ਦੀ ਐਫਰੀਕੌਮ ਦੀ ਕਾਨਫਰੰਸ ਵਿੱਚ ਵਾਇਸ ਐਡਮਿਰਲ ਟੀ. ਮੌਇਕਰ, ਆਪਣੇ ਮਕਸਦ ਨੂੰ ਸਪਸ਼ਟ ਕਰਦੇ ਹੋਏ ਕਹਿੰਦੇ ਹਨ ਕਿ ਐਫਰੀਕੌਮ ਦਾ ਮਾਰਗ ਦਰਸ਼ਕ ਸਿਧਾਂਤ ਹੈ, ”ਸੰਸਾਰ ਮੰਡੀ ਵੱਲ਼, ਅਫਰੀਕਾ ਦੇ ਕੁਦਰਤੀ ਸ੍ਰੋਤਾਂ ਦਾ ਅਜ਼ਾਦ ਵਹਾਅ”।

ਇਸ ਸੰਦਰਭ ਵਿੱਚ, ਅਫਰੀਕਾ ਦੇ ਜਨਤਕ ਰੋਸ ਨੂੰ ਸਮਝਿਆ ਜਾ ਸਕਦਾ ਹੈ। ਸੰਸਾਰ ਸਰਮਾਏਦਾਰੀ ਦੇ ਸੰਕਟ ਦੇ ਦੌਰ ਵਿੱਚ, ਜਿਵੇਂ ਜਿਵੇਂ ਹਾਕਮ ਜਮਾਤਾਂ ਦਾ ਹਮਲਾ ਤਿੱਖਾ ਹੋ ਰਿਹਾ ਹੈ, ਉਸੇ ਅਨੁਪਾਤ ਨਾਲ਼, ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦਾ ਰੋਸ ਵਧ ਰਿਹਾ ਹੈ। ਆਪਣੇ ਆਪ ਨੂੰ ਜਿਉਂਦਾ ਰੱਖਣ ਲਈ, ਸਰਮਾਏਦਾਰੀ ਪ੍ਰਬੰਧ, ਦੁਨੀਆਂ ਭਰ ਦੇ ਊਰਜਾ ਦੇ ਸ੍ਰੋਤਾਂ, ਹੋਰ ਕੁਦਰਤੀ ਸ੍ਰੋਤਾਂ ਦੀ ਲੁੱਟ ਅਤੇ ਵਾਤਾਵਰਣ ਦੀ ਤਬਾਹੀ ਵੱਲ਼ ਵਧ ਰਿਹਾ ਹੈ। ਆਰਥਿਕ ਮੰਦਵਾੜੇ ਕਾਰਨ ਤਬਾਹੀ ਵੱਲ਼ ਵਧ ਰਿਹਾ ਢਾਂਚਾ, ਮਜ਼ਦੂਰ ਜਮਾਤ ਨੂੰ ਹੋਰ ਨਿਚੋੜ ਕੇ ਹੀ ਆਪਣੀ ਜ਼ਿੰਦਗੀ ਦੇ ਕੁੱਝ ਦਿਨ ਵਧਾ ਸਕਦਾ ਹੈ। ਮਜ਼ਦੂਰ ਦੀ ਕਿਰਤ ਸ਼ਕਤੀ ਦੀ ਲੁੱਟ ਅਤੇ ਹੋਰ ਲੁੱਟ, ਪ੍ਰਬੰਧ ਦੇ ਜਿਉਂਦਾ ਰਹਿਣ ਦੀ ਸ਼ਰਤ ਬਣ ਗਈ ਹੈ। ਸਰਮੇਦਾਰੀ ਢਾਂਚੇ ਦਾ ਪ੍ਰਚਾਰ ਮਾਧਿਅਮ, ਸਮਾਜਕ ਸੰਸਥਾਵਾਂ ਅਤੇ ਹਥਿਆਰਬੰਦ ਦਸਤੇ ਇਸ ਦੀ ਢਾਲ ਬਣੇ ਹੋਏ ਹਨ। ਇਸ ਤੋਂ ਬਿਨਾਂ ਆਮ ਜ਼ਿੰਦਗੀ ਵਿੱਚ, ਸਰਮਾਏਦਾਰੀ ਦਾ ਵਿਚਾਰਧਾਰਕ ਦਬਦਬਾ, ਹਾਕਮ ਜਮਾਤਾਂ ਦੇ ਮੁਕਾਬਲੇ ਲੋਕਾਂ ਦੀ ਧਿਰ ਨੂੰ ਕਮਜ਼ੋਰ ਕਰਦਾ ਹੈ। ਲੋਕਾਂ ਦੇ ਪਛੜੇਪਣ ਦਾ ਲਾਭ ਉਠਾ ਕੇ, ਫਿਰਕੂ ਨਸਲਵਾਦੀ, ਜਾਤੀਵਾਦੀ ਅਤੇ ਕਈ ਕਿਸਮ ਦੀ ਪਛਾਣ ਦੀ ਸਿਆਸਤ ਦੇ ਨਾਂ ਤੇ, ਸਾਰੇ ਸੰਸਾਰ ਵਿੱਚ ਐਨ.ਜੀ.ਓ ਦਾ ਜਾਲ ਵਿਛਾਇਆ ਹੋਇਆ ਹੈ। ਸਾਮਰਾਜੀ ਫੰਡਿੰਗ ਏਜੰਸੀਆਂ ਇਹਨਾਂ ਦੀ ਆਰਥਿਕ ਸਹਾਇਤਾ ਕਰਦੀਆਂ ਹਨ। ਇਹਨਾਂ ਸੰਸਥਾਵਾਂ ਨੂੰ ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਦੀ ਏਕਤਾ ਨੂੰ ਤੋੜਨ ਅਤੇ ਜਨਤਕ ਰੋਸ ਨੂੰ ਦਿਸ਼ਾਹੀਣ ਕਰਨ ਦੇ ਵਿਚਾਰਧਾਰਕ ਹਥਿਆਰ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ। ਪਰ ਇਤਿਹਾਸ ਕਦੇ ਵੀ ਪਿੱਛੇ ਵੱਲ਼ ਨਹੀਂ ਮੁੜਦਾ। ਸਰਮਾਏਦਾਰਾਂ ਦੀਆਂ ਚਾਲਾਂ ਤਹਿਤ, ਬੇਬਸ ਲੋਕਾਂ ਅੱਗੇ ਸੁੱਟੇ ਜਾਣ ਵਾਲ਼ੇ ਰਿਆਇਤਾਂ ਦੇ ਇਹ ਟੁਕੜੇ, ਲੋਕਾਂ ਦੀਆਂ ਮੁਸ਼ਕਲਾਂ ਨੂੰ ਨਹੀਂ ਘਟਾ ਸਕਦੇ। ਕਿਰਤੀ ਲੋਕਾਂ ਨੂੰ ਧੋਖੇ ਤੇ ਝੂਠ ਫਰੇਬ ਨਾਲ਼, ਬਹੁਤ ਚਿਰ ਗੁਮਰਾਹ ਨਹੀਂ ਕੀਤਾ ਜਾ ਸਕਦਾ। ਅਫਰੀਕਾ ਸਮੇਤ, ਸਾਰੇ ਸੰਸਾਰ ਦੇ ਮਜ਼ਦੂਰਾਂ ਅਤੇ ਕਿਰਤੀ ਅਬਾਦੀ ਵਿੱਚ ਵਧ ਰਿਹਾ ਰੋਸ ਇਸ ਦੀ ਪੁਸ਼ਟੀ ਕਰਦਾ ਹੈ। ਸਾਮਰਾਜ ਦੇ ਇਸ ਅੰਤਮ ਪੜਾਅ ਵਿੱਚ, ਇਸ ਨੂੰ ਇਤਿਹਾਸ ਦੇ ਕੂੜੇਦਾਨ ਵਿੱਚ ਪਹੁੰਚਾਉਣ ਦੀਆਂ ਸੰਭਾਵਨਾਵਾਂ, ਦੁਨੀਆਂ ਭਰ ਵਿੱਚ ਵਧ ਰਹੇ ਇਸ ਜਨਤਕ ਰੋਸ ਵਿੱਚ ਹੀ ਮੌਜੂਦ ਹਨ। 

(21-03-2017)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ

 

Advertisements