ਅਫ਼ਗਾਨਿਸਤਾਨ ਦੇ ਸ਼ਹਿਰ ਕੁੰਦੂਜ਼ ਦੇ ਹਸਪਤਾਲ ‘ਤੇ ਅਮਰੀਕੀ ਹਵਾਈ ਹਮਲਾ •ਕੁਲਦੀਪ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 3 ਅਕਤੂਬਰ ਨੂੰ ਅਫ਼ਗਾਨਿਸਤਾਨ ਦੇ ਇੱਕ ਸ਼ਹਿਰ ਕੁੰਦੂਜ਼ ਦੇ ਹਸਪਤਾਲ ‘ਤੇ ਅਮਰੀਕੀ ਹਵਾਈ ਹਮਲੇ ਵਿੱਚ 22 ਲੋਕ ਮਾਰੇ ਗਏ ਹਨ। ਅਮਰੀਕੀ ਫ਼ੌਜ ਨੇ ਭਾਵੇਂ ਬਹਾਨਾ ਇਹ ਬਣਾਇਆ ਹੈ ਕਿ ਉੱਥੇ ਤਾਲਿਬਾਨ ਦੇ ਲੋਕ ਲੁਕੇ ਹੋਏ ਸਨ, ਪਰ ਇਹ ਅਸਲ ਵਿੱਚ ਨੰਗੀ-ਚਿੱਟੀ ਦਹਿਸ਼ਤ ਦਾ ਇੱਕ ਰੂਪ ਹੈ। ਉਂਝ ਤਾਂ 1978 ਤੋਂ ਹੀ ਅਮਰੀਕਾ ਆਪਣੇ ਹਿੱਤ ਸਾਧਣ ਲਈ ਅਫ਼ਗਾਨਿਸਤਾਨ ‘ਚ ਮੌਤ ਦਾ ਤਾਂਡਵ ਰਚ ਰਿਹਾ ਹੈ। ਉੱਥੋਂ ਦੇ ਕੁਦਰਤੀ ਸਾਧਨਾਂ ਨੂੰ ਹਥਿਆਉਣਾ ਚਾਹੁੰਦਾ ਹੈ। ਉੱਥੇ ਅਫ਼ੀਮ ਦੀ ਖੇਤੀ ਕਰ ਰਿਹਾ ਹੈ। ਉਦੋਂ ਤੋਂ ਹੀ ਅਮਰੀਕਾ ਦੇ ਯਤਨ ਅਫ਼ਗਾਨਿਸਤਾਨ ਨੂੰ ਗ਼ੁਲਾਮ ਬਣਾਉਣ ਦੇ ਹਨ। ਲੋਕਾਂ ਨੇ ਕਦੇ ਵੀ ਅਮਰੀਕੀ ਸੱਤਾ ਨੂੰ ਨਹੀਂ ਕਬੂਲਿਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਲੋਕ ਬਹਾਦਰੀ ਨਾਲ਼ ਲੜ ਰਹੇ ਹਨ।

ਭਾਵੇਂ ਅਮਰੀਕਾ ਨੇ ਮੁਜਾਹੂਦੀਨਾਂ, ਤਾਲਿਬਾਨ ਆਦਿ ਰਾਹੀਂ ਵੀ ਦਹਿਸ਼ਤ ਦੇ ਅਨੇਕਾਂ ਭੱਦੇ ਰੂਪ ਅਪਣਾ ਕੇ ਦੇਖੇ ਹਨ, ਪਰ ਲੋਕ ਡਟੇ ਹੋਏ ਹਨ ਅਤੇ ਆਪਣੀ ਅਜ਼ਾਦੀ ਨੂੰ ਕਿਸੇ ਵੀ ਕੀਮਤ ‘ਤੇ ਅਮਰੀਕਾ ਨੂੰ ਵੇਚਣ ਲਈ ਤਿਆਰ ਨਹੀਂ ਹਨ। ਕਦੇ ਅਮਰੀਕਾ ਕੌਮਾਂਤਰੀ ਪੱਧਰ ‘ਤੇ ਅਫ਼ਗਾਨਿਸਤਾਨ ‘ਚੋਂ ਫ਼ੌਜਾਂ ਵਾਪਸ ਭੇਜਣ ਦਾ ਐਲਾਨ ਕਰ ਚੁੱਕਿਆ ਹੈ। ਪਰ ਫ਼ਿਰ ਆਪਣਾ ਥੁੱਕਿਆ ਚੱਟ ਕੇ ਅਫ਼ਗਾਨਿਸਤਾਨ ‘ਤੇ ਹਮਲੇ ਕਰਦਾ ਹੈ।

ਇਹ ਹਮਲਾ ਵੀ ਕੋਈ ਅਚਾਨਕ ਹੋਈ ਦੁਰਘਟਨਾ ਨਹੀਂ ਹੈ ਸਗੋਂ ਜੀ.ਪੀ.ਐਸ ਰਾਹੀਂ ਬੰਬ ਸੁੱਟਣ ਵੇਲੇ ਹਸਪਤਾਲ ਦੀ ਇਮਾਰਤ ਨੂੰ ਹੀ ਗਿਣੇ-ਮਿਥੇ ਢੰਗ ਨਾਲ਼ ਨਿਸ਼ਾਨਾ ਬਣਾਇਆ ਸੀ। ਅਮਰੀਕੀ ਜ਼ਹਾਜ ਨੇ ਲਗਪਗ ਅੱਧਾ ਘੰਟਾ ਇੱਥੇ ਬੰਬਾਰੀ ਕੀਤੀ ਅਤੇ ਹਸਪਤਾਲ ਦੇ ਅਮਲੇ, ਬੱਚਿਆਂ ਤੇ ਮਰੀਜ਼ਾਂ ਸਮੇਤ ਲਗਪਗ 22 ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਕੁੰਦੂਜ਼ ਸ਼ਹਿਰ ਦੇ ਇਲਾਕੇ ਵਿੱਚ ਇਹੀ ਇੱਕ ਹਸਪਤਾਲ ਸੀ ਜੋ ਉੱਥੇ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਰਿਹਾ ਸੀ। ਕਿਉਂਕਿ ਅਫ਼ਗਾਨਿਸਤਾਨ ਦੇ ਲੋਕ ਕਿਸੇ ਵੀ ਕੀਮਤ ‘ਤੇ ਅਮਰੀਕਾ ਮੁਹਰੇ ਗੋਡੇ ਟੇਕਣ ਲਈ ਤਿਆਰ ਨਹੀਂ ਹਨ, ਇਸ ਕਰਕੇ ਅਮਰੀਕਾ ਉੱਥੋਂ ਦੀਆਂ ਜਨਤਕ ਥਾਵਾਂ ਨੂੰ ਨਿਸ਼ਾਨੇ ਬਣਾ ਰਿਹਾ ਹੈ। ਇਹੀ ਨਹੀਂ ਜੁਲਾਈ ਵਿੱਚ ਵੀ ਅਮਰੀਕਾ ਨੇ ਅਫ਼ਗਾਨਿਸਤਾਨ ਦੇ ਇੱਕ ਮਿਲਟਰੀ ਬੇਸ ਕੈਂਪ ‘ਤੇ ਹਮਲਾ ਕਰਕੇ 10 ਲੋਕਾਂ ਨੂੰ ਮਾਰ ਦਿੱਤਾ ਸੀ, ਇਹੀ ਕੈਂਪ ਵੀ ਲੋਕਾਂ ਨੂੰ ਕੁੱਝ ਬੁਨਿਆਦੀ ਸਹੂਲਤਾਂ ਮੁਹੱਇਆ ਕਰਵਾਉਂਦਾ ਸੀ।

ਅਜਿਹੀਆਂ ਵਰਦਾਤਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਅਫ਼ਗਾਨਿਸਤਾਨ ਦੇ ਲੋਕਾਂ ਤੋਂ ਮੂੰਹ ਦੀ ਖਾਣ ਬਾਅਦ ਹੁਣ ਅਮਰੀਕਾ ਬਹੁਤ ਹੀ ਘਟੀਆਂ-ਕਮੀਨੀਆਂ ਹਰਕਤਾਂ ‘ਤੇ ਉਤਰ ਆਇਆ ਹੈ। ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਕੇ ਉਹ ਆਪਣੀ ਦਹਿਸ਼ਤ ਲੋਕਾਂ ‘ਤੇ ਥੋਪਣੀ ਚਾਹੁੰਦਾ ਹੈ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਅਮਰੀਕਾ ਆਪਣੇ ‘ਤੇ ਨਿਰਭਰ ਬਣਾਉਣਾ ਚਾਹੁੰਦਾ ਹੈ। ਪਰ ਇਸ ਵਾਰ ਵੀ ਲੋਕ ਅਮਰੀਕਾ ਦੀਆਂ ਕੋਝੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦੇਣਗੇ।

ਕਿਉਂਕਿ ਜਿੰਨਾ ਜ਼ਬਰ ਤਿੱਖਾ ਹੁੰਦਾ ਹੈ ਉਸਦਾ ਟਾਕਰਾ ਵੀ ਓਨਾ ਹੀ ਤੀਖਣ ਹੁੰਦਾ ਹੈ। ਲੋਕਾਂ ਨੂੰ ਜਥੇਬੰਦ ਹੋਣ ‘ਚ ਦੇਰ ਲੱਗ ਸਕਦੀ ਹੈ, ਪਰ ਜਦ ਲੋਕ ਇਕੱਠੇ ਹੁੰਦੇ ਹਨ ਤਾਂ ਅਜਿਹੇ ਦੈਂਤਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਆਸ ਹੈ ਅਫ਼ਗਾਨਿਸਤਾਨ ਦੇ ਲੋਕ ਵੀ ਅਮਰੀਕੀ ਹਾਕਮਾਂ ਦੀਆਂ ਅਜਿਹੀਆਂ ਨਵੀਂਆਂ ਕੋਝੀਆਂ ਚਾਲਾਂ ਤੋਂ ਸੁਚੇਤ ਹੋ ਕੇ ਉਹਦੇ ਦੰਦ ਭੰਨਣਗੇ ਅਤੇ ਇਤਿਹਾਸ ਦੇ ਆਪਣੇ ਇਸ ਮਾਣ ਨੂੰ – ਕਿ ਉਹਨਾਂ ਨੇ ਕਦੇ ਕਿਸੇ ਹਾਕਮ ਦੀ ਗ਼ੁਲਾਮੀ ਨਹੀਂ ਕਬੂਲੀ ਬਰਕਰਾਰ ਰੱਖਣਗੇ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements