ਕੀ ਵੱਧ ਅਬਾਦੀ ਹੀ ਗਰੀਬੀ-ਬੇਰੁਜ਼ਗਾਰੀ ਦਾ ਕਾਰਣ ਹੈ? – ਲਖਵਿੰਦਰ

 (ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਾਨੂੰ ਹਮੇਸ਼ਾਂ ਹੀ ਇਹ ਦੱਸਿਆ ਗਿਆ ਹੈ ਕਿ ਦੇਸ਼ ਦੀ ਵੱਧ ਅਬਾਦੀ ਹੀ ਗਰੀਬੀ ਅਤੇ ਬੇਰੁਜ਼ਗਾਰੀ ਦਾ ਮੁੱਖ ਕਾਰਣ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਜੇ ਵਧਦੀ ਅਬਾਦੀ ’ਤੇ ਕਾਬੂ ਪਾ ਲਿਆ ਜਾਵੇ ਤਾਂ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਸਕੂਲਾਂ-ਕਾਲਜਾਂ ਦੀਆਂ ਕਿਤਾਬਾਂ ਵਿੱਚ ਇਹੋ ਰੱਟਾ ਲਵਾਇਆ ਜਾਂਦਾ ਹੈ। ਸਾਡੇ ਤੋਂ ਵੋਟਾਂ ਲੈ ਕੇ ਗਏ ਹਾਕਮਾਂ ਤੋਂ ਜਦੋਂ ਰੁਜ਼ਗਾਰ ਦੀ ਮੰਗ ਕਰਦੇ ਹਾਂ ਤਾਂ ਉਹ ਵੀ ਇਹੋ ਘੜਿਆ-ਘੜਾਇਆ ਜਵਾਬ ਦੇ ਕੇ ਪਿੱਛਾ ਛੁਡਾਉਣ ਦੀ ਕਰਦੇ ਹਨ। ਹਰ ਪਾਸੇ ਤੋਂ ਹੀ ਇਸ ਭਰਮ ਦੀ ਇੱਕ ਹਨੇਰੀ ਜਿਹੀ ਲਿਆ ਦਿੱਤੀ ਗਈ ਹੈ। ਇਸ ਕੁਤਰਕ ਦਾ ਏਨਾ ਕੂੜ-ਪਰਚਾਰ ਕੀਤਾ ਗਿਆ ਹੈ ਕਿ ਦੇਸ਼ ਦੇ ਆਮ ਲੋਕ ਇਸ ਗੱਲ ਨੂੰ ‘ਰੱਬੀ ਸੱਚ’ ਮੰਨ ਕੇ ਆਪਣੇ ਦਿਮਾਗਾਂ ਨੂੰ ਜੰਦਰੇ ਜੜ੍ਹੀ ਬੈਠੇ ਹਨ। ਇੱਕ ਧਰਮ ਨੂੰ ਮੰਨਣ ਵਾਲੇ ਲੋਕ ਦੂਜੇ ਧਰਮ ਦੇ ਪੈਰੋਕਾਰਾਂ ਨੂੰ ਵੱਧ ਬੱਚੇ ਪੈਦਾ ਕਰਨ ਕਰਕੇ ਕੋਸਦੇ ਰਹਿੰਦੇ ਹਨ। ‘‘ਉਚੀਆਂ ਜਾਤਾਂ’’ ਵਾਲੇ ‘‘ਨੀਵੀਆਂ ਜਾਤਾਂ’’ ਵਾਲੇ ਲੋਕਾਂ ਨੂੰ ਇਸਦੇ ਲਈ ਬੁਰਾ-ਭਲਾ ਆਖਦੇ ਹਨ। ਕਿਸੇ ਇੱਕ ਖੇਤਰ/ਇਲਾਕੇ ਦੇ ਨਿਵਾਸੀ ਦੂਜੇ ਇਲਾਕਿਆਂ ਤੋਂ ਆਏ ਪ੍ਰਵਾਸੀ ਕਿਰਤੀਆਂ ਨੂੰ ਹੀ ਅਬਾਦੀ ਵਧਾ ਦੇਣ ਦਾ ਦੋਸ਼ ਲਾਉਂਦੇ ਹੋਏ ਉਹਨਾਂ ਵਿਰੁੱਧ ਦੰਗੇ ਫ਼ਸਾਦ ਲਈ ਤਿਆਰ ਹੋ ਜਾਂਦੇ ਹਨ।

 
ਜਦੋਂ ਅਸੀਂ ਥੋੜ੍ਹੀ ਜਿਹੀ ਹੀ ਗੰਭੀਰਤਾ ਅਤੇ ਗਹਿਰਾਈ ਨਾਲ਼ ਤੱਥਾਂ ਦੀ ਪੜਤਾਲ ਕਰਦੇ ਹਾਂ ਤਾਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਸਾਨੂੰ ਕਿਸ ਤਰ੍ਹਾਂ ਵਧ ਅਬਾਦੀ ਨੂੰ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕਹਿਣਾ ਪੂਰੀ ਤਰ੍ਹਾਂ ਬੇਬੁਨਿਆਦ ਗੱਲ ਹੈ। ਅਬਾਦੀ ਨੂੰ ਗਰੀਬੀ-ਬੇਰੁਜ਼ਗਾਰੀ ਦਾ ਕਾਰਨ ਦੱਸਣਾ ਕੋਰਾ ਝੂਠ ਹੈ। ਕੁਝ ਲੋਕ ਇਸ ਤਰ੍ਹਆਂ ਦਾ ਪ੍ਰਚਾਰ ਆਪਣੀ ਗੈਰ ਜਾਣਕਾਰੀ ਕਰਕੇ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜਿਹਨ੍ਹਾਂ ਦਾ ਸਵਰਗ ਇਸੇ ਢਾਂਚੇ ਵਿੱਚ ਹੈ। ਦੂਜਿਆਂ ਦੀ ਮਿਹਨਤ ’ਤੇ ਆਪਣੀਆਂ ਤਜੌਰੀਆਂ ਭਰਨ ਵਾਲੇ ਸਰਮਾਏਦਾਰ ਇਸ ਢਾਂਚੇ ਨੂੰ ਜਿਉਂਦਾ ਰੱਖਣ ਲਈ ਇਸ ਤਰ੍ਹਾਂ ਦੇ ਭਰਮ ਲੋਕਾਂ ਵਿੱਚ ਫੈਲਾਉਂਦੇ ਹੀ ਰਹਿੰਦੇ ਹਨ।
 
ਅਬਾਦੀ ਨੂੰ ਸਭ ਸਮੱਸਿਆਵਾਂ ਦੀ ਜੜ੍ਹ ਦੱਸਣ ਵਾਲਾ ਝੂਠਾ ਸਿਧਾਂਤ ਅਸਲ ਵਿੱਚ ਇੱਕ ਪੂੰਜੀਵਾਦੀ ਸਿਧਾਂਤਕਾਰ ਮਾਲਥਸ ਵੱਲੋਂ ਘੜਿਆ ਗਿਆ ਹੈ। ਉਸਨੇ ਦਾਅਵਾ ਕੀਤਾ ਕਿ ਆਬਾਦੀ ਰੇਖਾ ਗਣਿਤਕ ਕ੍ਰਮ (1,2,4,8,16…..) ਅਨੁਸਾਰ ਵਧਦੀ ਹੈ ਜਦੋਂ ਕਿ ਗੁਜ਼ਾਰੇ ਦੇ ਸਾਧਨ ਅੰਕ ਗਣਿਤਕ ਕ੍ਰਮ (1,2,3,4,5…..) ਅਨੁਸਾਰ ਵਧਦੇ ਹਨ। ਮਾਲਥਸ ਨੇ ਕਿਹਾ ਕਿ ਅਬਾਦੀ ਕਿਉਂ ਕਿ ਜ਼ਿਆਦਾ ਤੇਜ਼ੀ ਨਾਲ਼ ਵਧਦੀ ਹੈ ਤੇ ਗੁਜ਼ਾਰੇ ਦੇ ਸਾਧਨ ਨਾ-ਮਾਤਰ ਗਤੀ ਨਾਲ਼। ਇਸ ਲਈ ਵੱਧ ਅਬਾਦੀ ਹੀ ਗਰੀਬੀ-ਬੇਰੁਜ਼ਗਾਰੀ ਦਾ ਕਾਰਣ ਹੈ। ਮਾਲਥਸ ਨੇ ਆਪਣੇ ਦੁਆਰਾ ਘੜੇ ਇਸ ਬੇਬੁਨਿਆਦ ਅਬਾਦੀ ਸਿਧਾਂਤ ਨੂੰ ਸੱਚ ਸਾਬਿਤ ਕਰਨ ਲਈ ਕੁਤਰਕ ਕੀਤੇ। ਵਧਦੀ ਅਬਾਦੀ ਲਈ ਉਸਨੇ ਅਮਰੀਕਾ ਦੇ ਆਂਕੜੇ ਪੇਸ਼ ਕੀਤੇ ਅਤੇ ਗੁਜ਼ਾਰੇ ਦੇ ਸਾਧਨਾਂ ਦੇ ਵਾਧੇ ਨੂੰ ਦਿਖਾਉਣ ਲਈ ਫਰਾਂਸ ਦੇ! ਉਸਨੇ ਪੂਰੀ ਤਰ੍ਹਾਂ ਮਨੁੱਖਤਾ ਵਿਰੋਧੀ ਹੋ ਕੇ ਇਹ ਬਕਵਾਸ ਕੀਤੀ ਕਿ ਜੰਗਾਂ, ਮਹਾਂਮਾਰੀਆਂ ਅਤੇ ਕੁਦਰਤੀ ਆਫ਼ਤਾਂ ਆਦਿ ਮਨੁੱਖ ਜਾਤੀ ਲਈ ਵਰਦਾਨ ਦੀ ਤਰ੍ਹਾਂ ਹਨ ਕਿਉਂ ਕਿ ਇਹਨਾਂ ਨਾਲ਼ ਅਬਾਦੀ ਘੱਟਦੀ ਹੈ! ਮਾਲਥਸ ਦਾ ਅਬਾਦੀ ਸਿਧਾਂਤ ਭਾਂਵੇਂ ਕਿ ਵਿਗਿਆਨਕ ਤੌਰ ’ਤੇ ਪੂਰੀ ਤਰ੍ਹਾਂ ਗ਼ਲਤ ਸਾਬਤ ਕੀਤਾ ਜਾ ਚੁੱਕਾ ਹੈ ਪਰ ਫੇਰ ਵੀ ਲੋਕਾਂ ਨੂੰ ਮੂਰਖ ਬਣਾਉਣ ਲਈ ਪੂੰਜੀਪਤੀਆਂ ਦੁਆਰਾ ਲਗਾਤਾਰ ਇਸੇ ਦਾ ਪ੍ਰਚਾਰ ਕੀਤਾ ਜਾਂਦਾ ਹੈ। ਮਾਲਥਸ ਨੇ ਜਿਹੜੇ ਦੇਸ਼ਾਂ ਦੀਆਂ ਉਦਾਹਰਣਾਂ ਦਿੱਤੀਆਂ ਉਹਨਾਂ ਵਿੱਚ ਉਸ ਸਮੇਂ ਵੀ ਅਤੇ ਅੱਜ ਵੀ ਗੁਜ਼ਾਰੇ ਦੇ ਸਾਧਨਾਂ ਦਾ ਅਬਾਦੀ ਨਾਲੋਂ ਕਿਤੇ ਤੇਜ਼ੀ ਨਾਲ ਅਤੇ ਕਿਤੇ ਵੱਧ ਵਿਕਾਸ ਹੋਇਆ। ਸਾਡੇ ਦੇਸ਼ ਦੀ ਹੀ ਅਰਥਵਿਵਸਥਾ ’ਤੇ ਜੇ ਨਜ਼ਰ ਮਾਰ ਲਈ ਜਾਵੇ ਤਾਂ ਸਾਰੀ ਗੱਲ ਸਪੱਸ਼ਟ ਹੋ ਜਾਂਦੀ ਹੈ। 1947 ਤੋਂ ਹੁਣ ਤੱਕ ਸਾਡੇ ਦੇਸ਼ ਦੀ ਅਬਾਦੀ ਲੱਗਭਗ ਸਵਾ ਤਿੰਨ ਗੁਣਾ ਵਧੀ ਹੈ ਪਰ ਪ੍ਰਤੀ ਵਿਅਕਤੀ ਔਸਤ ਆਮਦਨ ਇਸ ਤੋਂ ਕਿਤੇ ਜ਼ਿਆਦਾ ਵਧੀ ਹੈ। ਪਰ ਇਹ ਧਨ-ਦੌਲਤ ਜੋ ਵਧੀ ਉਸਦਾ ਵੱਡਾ ਹਿੱਸਾ ਤਾਂ ਟਾਟੇ-ਬਿਰਲੇ-ਰਿਲਾਇੰਸ ਵਰਗੇ ਮੁੱਠੀ ਭਰ ਅਮੀਰਾਂ ਕੋਲ ਇਕੱਠਾ ਹੋ ਗਿਆ। ਟਾਟਾ ਘਰਾਨਾ ਜਿਸਦੀ 1947 ਸਮੇਂ 100 ਕਰੋੜ ਰੁਪਏ ਦੇ ਲਗਭਗ ਦੀ ਸੰਪਤੀ ਸੀ ਅੱਜ 150 ਹਜ਼ਾਰ ਕਰੋੜ ਤੋਂ ਵੀ ਵੱਧ ਸੰਪੱਤੀ ਦਾ ਮਾਲਕ ਹੈ।
 
ਅਬਾਦੀ ਗਰੀਬੀ-ਬੇਰੁਜ਼ਗਾਰੀ ਦਾ ਕਾਰਣ ਹੈ ਜਾਂ ਨਹੀਂ ਇਸ ਸਬੰਧ ਵਿੱਚ ਦੂਜੇ ਦੇਸ਼ਾਂ ਦੀਆਂ ਹਾਲਤਾਂ ਤੇ ਥੋੜੀ ਜਿਹੀ ਨਜ਼ਰ ਮਾਰ ਲੈਣੀ ਚਾਹੀਦੀ ਹੈ। ਅਮਰੀਕਾ, ਆਸਟ੍ਰੇਲੀਆ ਅਤੇ ਯੂਰਪੀ ਵਿਕਸਿਤ ਪੂੰਜੀਵਾਦੀ ਦੇਸ਼ ਅਜਿਹੇ ਹਨ ਜਿਥੇ ਅਬਾਦੀ ਜਾਂ ਤਾਂ ਸਥਿਰ ਹੈ ਜਾਂ ਲਗਾਤਾਰ ਘੱਟ ਰਹੀ ਹੈ। ਜਪਾਨ, ਫਰਾਂਸ ਅਤੇ ਆਸਟ੍ਰੇਲੀਆ ਦੀਆਂ ਸਰਕਾਰਾਂ ਨੇ ਤਾਂ ਇੱਕ ਤੋਂ ਵੱਧ ਬੱਚੇ ਪੈਦਾ ਕਰਨ ਲਈ ਇਨਾਮ ਵੀ ਰੱਖੇ ਹਨ। ਪਰ ਇਹਨਾਂ ਦੇਸ਼ਾਂ ਵਿੱਚ ਵੀ ਬੇਰੁਜ਼ਗਾਰੀ ਅਤੇ ਗਰੀਬੀ ਲਗਾਤਾਰ ਵੱਧ ਰਹੇ ਹਨ ਅਤੇ ਵਿਸਫ਼ੋਟਕ ਰੂਪ ਧਾਰਨ ਕਰ ਰਹੇ ਹਨ। ਅਮਰੀਕਾ ਦੇ ਲਗਭਗ ਤਿੰਨ ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਉਪਰਲੇ 3 ਲੱਖ ਅਮੀਰ ਅਮਰੀਕੀਆਂ ਕੋਲ ਹੇਠਲੇ 15 ਕਰੋੜ ਅਮਰੀਕੀਆਂ ਜਿਨਾਂ ਧਨ ਹੈ। ਅਮਰੀਕਾ ਵਿੱਚ ਅਮੀਰੀ-ਗਰੀਬੀ ਦਾ ਪਾੜਾ ਇਸ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਉਪਰਲੇ 10% ਅਮਰੀਕੀਆਂ ਕੋਲ ਅਮਰੀਕੀ ਸਮਾਜ ਦੇ ਕੁਲ ਧਨ ਦਾ 48.5% ਇਕੱਠਾ ਹੋ ਚੁੱਕਾ ਹੈ। ਉਥੇ ਬੇਰੁਜ਼ਗਾਰੀ 4.5% ਦੇ ਹਿਸਾਬ ਨਾਲ਼ ਵੱਧ ਰਹੀ ਹੈ। ਇਸ ਲਈ ਜਦੋਂ ਅਸੀਂ ਦੇਖਦੇ ਹਾਂ ਕਿ ਅਮਰੀਕਾ ਅਤੇ ਹੋਰ ਪੂੰਜੀਵਾਦੀ ਵਿਕਸਿਤ ਦੇਸ਼ਾਂ ਵਿੱਚ ਜਿਥੇ ਅਬਾਦੀ ਦੇ ਵਾਧੇ ਵਰਗੀ ਕੋਈ ‘‘ਸਮੱਸਿਆ’’ ਨਹੀਂ ਪਰ ਉਥੇ ਵੀ ਗਰੀਬੀ ਅਤੇ ਬੇਰੁਜ਼ਗਾਰੀ ਲਗਾਤਾਰ ਵਧਦੇ ਜਾ ਰਹੇ ਹਨ ਤਾਂ ਅਬਾਦੀ ਨੂੰ ਸਭ ਸਮੱਸਿਆਵਾਂ ਦੀ ਜੜ੍ਹ ਦੱਸਣ ਵਾਲੇ ਪੂੰਜੀਵਾਦੀ ਸਿਧਾਂਤਾਂ ਦੀ ਫੂਕ ਨਿਕਲ ਜਾਂਦੀ ਹੈ।
 
ਭਾਰਤ ਦੀ ਅਬਾਦੀ ਔਸਤ ਵਾਧਾ ਦਰ 1980-1990 ਦੋਰਾਨ 2.4 ਪ੍ਰਤੀਸ਼ਤ ਸੀ ਅਤੇ ਨਾਲ਼ ਹੀ ਰੁਜ਼ਗਾਰ ਦੀ ਔਸਤ ਵਾਧਾ ਦਰ ਵੀ 2.4 ਪ੍ਰਤੀਸ਼ਤ ਹੀ ਸੀ। ਪਰ 1990 ਤੋਂ 2000 ਦੇ ਦਹਾਕੇ ਦੌਰਾਨ ਅਬਾਦੀ ਔਸਤ ਵਾਧਾ ਦਰ ਘੱਟ ਕੇ 1.8% ਰਹਿ ਗਈ। ਅਬਾਦੀ ਨੂੰ ਗਰੀਬੀ-ਬੇਰੁਜ਼ਗਾਰੀ ਦਾ ਕਾਰਣ ਦੱਸਣ ਵਾਲਿਆਂ ਨੂੰ ਇਸ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜੇ ਅਬਾਦੀ ਦੀ ਵਧਣ ਦੀ ਰਫ਼ਤਾਰ ਘਟੀ ਹੈ ਤਾਂ ਰੁਜ਼ਗਾਰ ਦੀ ਰਫ਼ਤਾਰ ਵੱਧਣ ਦੀ ਬਜਾਏ ਘੱਟ ਕਿਉਂ ਗਈ ਕਿਉਂ ਕਿ 1990-2000 ਦੇ ਦਹਾਕੇ ਦੌਰਾਨ ਰੁਜ਼ਗਾਰ ਦੀ ਔਸਤ ਵਾਧਾ ਦਰ ਘੱਟ ਕੇ ਸਿਰਫ਼ 1% ਹੀ ਰਹਿ ਗਈ। ਇਹ ਇਸ ਲਈ ਹੋਇਆ ਕਿਉਂ ਕਿ 1990 ਤੋਂ ਬਾਅਦ ਉਦਾਰੀਕਰਨ-ਨਿਜੀਕਰਨ-ਵਿਸ਼ਵੀਕਰਨ ਦੇ ਅਨੁਸਾਰੀ ਜੋ ਨੀਤੀਆਂ ਭਾਰਤੀ ਹਾਕਮਾਂ ਦੁਆਰਾ ਲਾਗੂ ਕੀਤੀਆਂ ਗਈਆਂ ਉਹਨਾਂ ਕਾਰਨ ਭਾਰਤ ਵਿੱਚ ਪੂੰਜੀਵਾਦੀ ਵਿਕਾਸ ਬਹੁਤ ਤੇਜੀ ਨਾਲ਼ ਹੋਇਆ।
 
 ਭਾਰਤ ਵਿੱਚ ਲੱਗਭਗ 10 ਕਰੋੜ ਬੱਚਿਆਂ ਤੋਂ ਪੜ੍ਹਨ-ਲਿਖਣ ਦੀ ਉਮਰ ਵਿੱਚ ਲੱਕ ਤੋੜਵੀਂ ਮਿਹਨਤ ਕਰਵਾਈ ਜਾਂਦੀ ਹੈ। ਜਿਸ ਦੇਸ਼ ਵਿੱਚ ਏਨੀ ਵੱਡੀ ਗਿਣਤੀ ਵਿੱਚ ਬਾਲ-
ਮਜ਼ਦੂਰ ਹੋਣ ਉਥੇ ਕੰਮ ਨਾ ਹੋਣ ਦੀ ਗੱਲ ਕਰਨਾ ਇੱਕ ਭੈੜਾ ਮਜਾਕ ਨਹੀਂ ਤਾਂ ਹੋਰ ਕੀ ਹੈ? ਭਾਂਵੇਂ ਕਿ ਮੌਜੂਦਾ ਪੂੰਜੀਵਾਦੀ ਢਾਂਚੇ ਦੇ ਅੰਦਰ ਇਸ ਦਾ ਕੋਈ ਹੱਲ ਸੰਭਵ ਨਹੀਂ ਹੈ ਪਰ ਫੇਰ ਵੀ ਜੇ ਪੂੰਜੀਵਾਦੀ ਕੁਤਰਕੀਆਂ ਦੁਆਰਾ ਫੈਲਾਏ ਜਾਂਦੇ ਭਰਮਾਂ ਦਾ ਪਰਦਾਫ਼ਾਸ਼ ਕਰਨਾ ਹੋਵੇ ਤਾਂ ਇਹ ਤਰਕ ਦਿੱਤਾ ਜਾ ਸਕਦਾ ਹੈ ਕਿ ਜੇ ਬਾਲ-ਮਜ਼ਦੂਰਾਂ ਨੂੰ ਮਜ਼ਦੂਰੀ ਤੋਂ ਹਟਾ ਕੇ ਪੜ੍ਹਨ ਲਈ ਸਕੂਲ ਭੇਜਿਆ ਜਾਵੇ ਤਾਂ ਪਹਿਲੇ ਨੰਬਰ ’ਤੇ ਹੋਵੇਗਾ ਇਹ ਕਿ 10 ਕਰੋੜ ਬਾਲਗ ਬੇਰੁਜ਼ਗਾਰਾਂ ਨੂੰ ਕੰਮ ਲਈ ਥਾਂ ਖਾਲੀ ਹੋ ਜਾਵੇਗੀ। ਫੇਰ ਬੱਚਿਆਂ ਨੂੰ ਸਿੱਖਿਆ ਦੇਣ ਲਈ ਬਿਲਡਿੰਗਾਂ, ਬੈਂਚ, ਕਿਤਾਬਾਂ ਆਦਿ ਤਿਆਰ ਕਰਨ ਲਈ ਵੀ ਕਿਰਤੀਆਂ ਦੀ ਲੋੜ ਹੋਵੇਗੀ। ਇਹ ਬੱਚੇ ਜਿਹਨਾਂ ਕੋਲ ਮੁਸ਼ਕਿਲ ਨਾਲ਼ ਇੱਕ ਜੋੜੀ ਫਟਿਆ ਪੁਰਾਣਾ ਪੈਂਟ-ਕਮੀਜ਼ ਹੁੰਦਾ ਹੈ ਉਹਨਾਂ ਨੂੰ ਸਕੂਲ ਦੀ ਵਰਦੀ ਅਤੇ ਹੋਰ ਕੱਪੜੇ ਮੁਹੱਈਆ ਕਰਵਾਉਣ ਲਈ ਵੀ ਕਾਮਿਆਂ ਦੀ ਲੋੜ ਪਵੇਗੀ। ਪਰ ਮੁਨਾਫ਼ੇ ਦੇ ਭੁੱਖੇ ਪੂੰਜੀਪਤੀ ਅਜਿਹਾ ਕਰਨਗੇ ਹੀ ਕਿਉਂ?
 
ਵੈਸੇ ਵੀ ਇਨਸਾਨ ਜਦੋਂ ਪੈਦਾ ਹੁੰਦਾ ਹੈ ਤਾਂ ਸਿਰਫ਼ ਕੰਮ ਕਰਨ ਵਾਲੇ ਹੱਥ ਲੈ ਕੇ ਹੀ ਪੈਦਾ ਨਹੀਂ ਹੁੰਦਾ। ਜਿਉਂਦੇ ਰਹਿਣ ਲਈ ਕਿੰਨੀਆਂ ਹੀ ਲੋੜਾਂ ਵੀ ਨਾਲ ਲੈ ਕੇ ਪੈਦਾ ਹੁੰਦਾ ਹੈ। ਇਹਨਾਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਕੰਮ ਕਰਨ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਅਬਾਦੀ ਵਧਣ ਨਾਲ਼ ਸਿਰਫ਼ ਕੰਮ ਚਾਹੁਣ ਵਾਲੇ ਹੀ ਨਹੀਂ ਵਧਦੇ ਸਗੋਂ ਕਰਨ ਵਾਲ਼ਾ ਕੰਮ ਵੀ ਵਧਦਾ ਹੈ।
 
ਸਾਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਜਿਸ ਪੂੰਜੀਵਾਦੀ ਢਾਂਚੇ ਵਿੱਚ ਰਹਿ ਰਹੇ ਹਾਂ ਉਹ ਹੀ ਗਰੀਬੀ-ਬੇਰੁਜ਼ਗਾਰੀ ਦੀ ਜੜ੍ਹ ਹੈ। ਪੂੰਜੀਵਾਦੀ ਢਾਂਚੇ ਵਿੱਚ ਪੈਦਾਵਾਰ ਦੇ ਸਾਧਨ (ਫੈਕਟਰੀਆਂ-ਜ਼ਮੀਨਾਂ ਆਦਿ) ਮੁੱਖ ਤੌਰ ’ਤੇ ਮੁੱਠੀ ਭਰ ਪਜੀਪਤੀ ਘਰਾਣਿਆਂ ਕੋਲ ਇਕੱਠੇ ਹੋ ਜਾਂਦੇ ਹਨ। ਪੂੰਜੀਪਤੀ ਹਮੇਸ਼ਾਂ ਚਾਹੁੰਦੇ ਹਨ ਕਿ ਉਹ ਘੱਟ ਤੋਂ ਘੱਟ ਮਜ਼ਦੂਰਾਂ ਤੋਂ ਵੱਧ ਤੋਂ ਵੱਧ ਕੰਮ ਲੈਣ ਅਤੇ ਉਹਨਾਂ ਨੂੰ ਘੱਟ ਤੋਂ ਘੱਟ ਤਨਖਾਹ ਦੇਣ। ਉਹ ਮਨੁੱਖ ਜਾਤੀ ਦੁਆਰਾ ਹਾਸਿਲ ਕੀਤੀ ਵਿਗਿਆਨਕ ਤਰੱਕੀ ਦਾ ਇਸਤੇਮਾਲ ਆਪਣੇ ਨਿੱਜੀ ਹਿੱਤਾਂ ਵਾਸਤੇ ਕਰਦੇ ਹਨ, ਆਪਣਾ ਮੁਨਾਫ਼ਾ ਵਧਾਉਣ ਲਈ ਕਰਦੇ ਹਨ। ਇਸੇ ਲਈ ਜਦੋਂ ਨਵੀਆਂ ਉਨਤ ਮਸ਼ੀਨਾਂ ਫੈਕਟਰੀਆਂ ਵਿੱਚ ਆਉਂਦੀਆਂ ਹਨ ਤਾਂ ਮਜ਼ਦੂਰਾਂ ਦੀ ਇੱਕ ਬਹੁਤ ਵੱਡੀ ਗਿਣਤੀ ਦੀ ਛਾਂਟੀ ਕਰ ਦਿੱਤੀ ਜਾਂਦੀ ਹੈ। ਪੰੂਜੀਵਾਦੀ ਢਾਂਚੇ ਵਿੱਚ ਵੱਡੀ ਪੂੰਜੀ ਹਮੇਸ਼ਾਂ ਹੀ ਛੋਟੀ ਪੂੰਜੀ ਨੂੰ ਨਿਗਲਦੀ ਰਹਿੰਦੀ ਹੈ। ਛੋਟੇ ਗਰੀਬ ਕਿਸਾਨ, ਛੋਟੇ ਵਪਾਰੀ, ਛੋਟੇ ਕਾਰਖਾਨੇਦਾਰ ਆਦਿ ਲਗਾਤਾਰ ਵੱਡੇ ਪੂੰਜੀਪਤੀਆਂ ਦੇ ਮੁਕਾਬਲੇ ਵਿੱਚ ਹਾਰਦੇ ਰਹਿੰਦੇ ਹਨ। ਉਹਨਾਂ ਕੋਲ ਜੋ ਥੋੜ੍ਹੇ-ਬਹੁਤ ਪੈਦਾਵਾਰ ਦੇ ਸਾਧਨ ਬਚੇ ਵੀ ਹੁੰਦੇ ਹਨ ਉਹ ਵੀ ਲਗਾਤਾਰ ਖੁਸਦੇ ਰਹਿੰਦੇ ਹਨ। ਇਹ ਸਭ ਉਜੜ ਕੇ ਮਜ਼ਦੂਰ ਭਾਵ ਨਵੇਂ ਉਜਰਤੀ ਗੁਲਾਮ ਬਣਨ ਲਈ ਲਾਈਨ ਵਿੱਚ ਲੱਗ ਜਾਂਦੇ ਹਨ। ਪੂੰਜੀਵਾਦੀ ਢਾਂਚਾ ਜੋ ਸਿਰਫ਼ ਮੁਨਾਫ਼ੇ ਲਈ ਪੈਦਾਵਾਰ ਕਰਦਾ ਹੈ, ਮੁਨਾਫ਼ੇ ਲਈ ਹੀ ਰੁਜ਼ਗਾਰ ਪੈਦਾ ਕਰਦਾ ਹੈ ਨਾ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ, ਕਦੇ ਵੀ ਸਾਰੇ ਕੰਮ ਕਰਨ ਯੋਗ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਨਹੀਂ ਕਰਵਾ ਸਕਦਾ। ਸਗੋਂ ਬੇਰੁਜ਼ਗਾਰੀ ਵੀ ਪੂੰਜੀਪਤੀਆਂ ਵਾਸਤੇ ਇੱਕ ਵਰਦਾਨ ਹੀ ਸਾਬਿਤ ਹੁੰਦੀ ਹੈ। ਬੇਰੁਜ਼ਗਾਰ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਦੀ ਖ਼ਾਤਰ ਮਜ਼ਬੂਰੀ ਵਿੱਚ ਘੱਟ ਤਨਖਾਹ ’ਤੇ ਕੰਮ ਕਰਨ ਨੂੰ ਵੀ ਤਿਆਰ ਹੋ ਜਾਂਦੇ ਹਨ। ਇਸ ਵਜ੍ਹਾ ਕਰਕੇ ਬੇਰੁਜ਼ਗਾਰਾਂ ਦੀਆਂ ਹਾਲਤਾਂ ਤਾਂ ਭੈੜੀਆਂ ਹੁੰਦੀਆਂ ਹੀ ਹਨ, ਨਾਲ ਹੀ ਜਿਹੜੇ ਰੁਜ਼ਗਾਰ ’ਤੇ ਲੱਗੇ ਵੀ ਹੁੰਦੇ ਹਨ ਉਹ ਵੀ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਦਿੱਤੇ ਜਾਂਦੇ ਹਨ। ਰੁਜ਼ਗਾਰ ਉਤੇ ਅਸੁਰੱਖਿਆ ਦੀ ਤਲਵਾਰ ਹਮੇਸ਼ਾਂ ਲਟਕਦੀ ਰਹਿੰਦੀ ਹੈ। ਬੇਰੁਜ਼ਗਾਰਾਂਅਰਧ-ਬੇਰੁਜ਼ਗਾਰਾਂ ਦੀ ਫ਼ੌਜ ਰੋਜ਼ਾਨਾ ਕੁਰਬਲ-ਕੁਰਬਲ ਕਰਦੀ, ਸਨਅਤੀ ਇਲਾਕਿਆਂ ਵਿੱਚ ਫੈਕਟਰੀ ਗੇਟਾਂ ’ਤੇ ਰੁਜ਼ਗਾਰ ਦੀ ਆਸ ਵਿੱਚ ਮੂੰਹ ਲਟਕਾਏ ਖੜੀ ਦੇਖੀ ਜਾ ਸਕਦੀ ਹੈ। ਪੂੰਜੀਵਾਦੀ ਢਾਂਚੇ ਵਿੱਚ ਮਜ਼ਦੂਰਾਂ ਨੂੰ ਸਿਰਫ਼ ਉਨਾਂ ਹੀ ਮਿਲਦਾ ਹੈ ਕਿ ਉਹ ਦੂਜੇ ਦਿਨ ਕੰਮ ’ਤੇ ਆ ਸਕਣ। ਪੂੰਜੀਪਤੀ ਬਾਲਗਾਂ ਦੇ ਮੁਕਾਬਲੇ ਬੱਚਿਆਂ ਤੋਂ ਕੰਮ ਕਰਾਉਣਾ ਜ਼ਿਆਦਾ ਪਸੰਦ ਕਰਦੇ ਹਨ ਕਿਉਂ ਕਿ ਜਿਸ ਕੰਮ ਲਈ ਬਾਲਗ ਮਜ਼ਦੂਰ 2000 ਰੁਪਏ ਲੈਂਦਾ ਹੈ ਉਸੇ ਲਈ ਬੱਚੇ ਨੂੰ 400-500 ਰੁਪਏ ਦੇ ਕੇ ਕੰਮ ਸਾਰ ਦਿੱਤਾ ਜਾਂਦਾ ਹੈ। ਉਹ ਯੂਨੀਅਨ ਵੀ ਨਹੀਂ ਬਣਾ ਸਕਦੇ। ਇਹਨਾਂ ਹੀ ਕਾਰਨਾਂ ਕਰਕੇ ਬਹੁਤ ਸਾਰੇ ਧੰਦਿਆਂ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ।
 
ਪੂੰਜੀਵਾਦੀ ਢਾਂਚੇ ਵਿੱਚ ਅਮੀਰੀ-ਗਰੀਬੀ ਦੇ ਪਾੜੇ ਲਗਾਤਾਰ ਵਧਦੇ ਜਾਂਦੇ ਹਨ ਕਿਉਂ ਕਿ ਪੂੰਜੀਪਤੀਆਂ ਦੀ ਧਨ ਦੀ ਭੁੱਖ ਕਦੇ ਸ਼ਾਂਤ ਨਹੀਂ ਹੁੰਦੀ। ਉਹ ਮਜ਼ਦੂਰਾਂ ਦੀਆਂ ਤਨਖਾਹਾਂ ਲਗਾਤਾਰ ਘੱਟ ਕਰਦੇ ਜਾਂਦੇ ਹਨ। ਉਹ ਤਾਂ ਇਹ ਵੀ ਚਾਹਣਗੇ ਕਿ ਜਦੋਂ ਮਜ਼ਦੂਰ ਕੰਮ ਕਰਨ ਯੋਗ ਨਾ ਰਹੇ ਤਾਂ ਉਸਦੀਆਂ ਹੱਡੀਆਂ ਦਾ ਪਾਊਡਰ ਬਣਾ ਕੇ ਵੇਚ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਧਨ-ਦੋਲਤ ਹੋਰ ਵਧ ਜਾਵੇ। ਇਹਨਾਂ ਆਦਮ-ਖੋਰ ਪੂੰਜੀਪਤੀ ਲੁਟੇਰਿਆਂ ਦੀ ਭੁੱਖ ਦੇ ਹੀ ਨਤੀਜੇ ਦੇ ਤੌਰ ’ਤੇ ਹੀ ਨਿਠਾਰੀ ਕਾਂਡ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਸੱਟੇ-ਬਜ਼ਾਰ ਦੁਆਰਾ ਅੱਜ ਧਨਾਢ ਕਿਸੇ ਕਿਸਮ ਦੀ ਪੈਦਾਵਾਰ ਵਿੱਚ ਨਿਵੇਸ਼ ਕੀਤੇ ਤੋਂ ਬਿਨਾਂ ਹੀ ਅਰਬਾਂ-ਖਰਬਾਂ ਰੁਪਏ ਕਮਾ ਰਹੇ ਹਨ ਅਤੇ ਦੂਜੇ ਪਾਸੇ ਗਰੀਬਾਂ ਦੀ ਹਾਲਤ ਦਿਨ-ਬ-ਦਿਨ ਭਿਅੰਕਰ ਹੁੰਦੀ ਜਾਂਦੀ ਹੈ।
 
ਉਹ ਜਿਨ੍ਹਾਂ ਦਾ ਸਵਰਗ ਇਸੇ ਵਿਵਸਥਾ ਦੇ ਅੰਦਰ ਹੈ ਉਹ ਇਸਦੀ ਕਰੂਰਤਾ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਉਹ ਅਬਾਦੀ ਸਿਧਾਂਤ ਦੀ ਤਰ੍ਹਾਂ ਹੋਰ ਵੀ ਕਈ ਕੁਤਰਕ ਕਰਦੇ ਹਨ। ਉਹ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਕਹਿੰਦੇ ਹਨ ਕਿ ਤੁਸੀਂ ਪਿਛਲੇ ਜਨਮਾਂ ਵਿੱਚ ਬੁਰੇ ਕੰਮ ਕੀਤੇ, ਇਸੇ ਦੀ ਸਜ਼ਾ ਦੇ ਵਜੋਂ ਤੁਹਾਨੂੰ ਇਹ ਗਰੀਬੀ ਹਾਸਿਲ ਹੋਈ! ਉਹ 14-14 ਘੰਟੇ ਹੱਡ ਭੱਨਵੀਂ ਮਹਿਨਤ ਕਰਨ ਵਾਲੇ ਕਿਰਤੀਆਂ ਨੂੰ ਕਹਿੰਦੇ ਹਨ ਕਿ ਤੁਸੀਂ ਕੰਮ ਨਹੀਂ ਕਰਦੇ ਇਸੇ ਲਈ ਭੈੜੀ ਜ਼ਿੰਦਗੀ ਜਿਉਂਦੇ ਹੋ! ਤੁਸੀਂ ਪੜ੍ਹੇ ਨਹੀਂ! ਤੁਹਾਡੀਆਂ ਨੌਕਰੀਆਂ ਦੂਜੇ ਧਰਮਾਂ , ਦੂਜੇ ਇਲਾਕਿਆਂ, ਦੂਜੀਆਂ ਜਾਤਾਂ ਵਾਲਿਆਂ ਨੇ ਖੋਹ ਲਈਆਂ! ਪਰ ਅਸਲ ਵਿੱਚ ਇਹ ਸਚਾਈ ਕਿ ਪੂੰਜੀਵਾਦੀ ਢਾਂਚਾ ਸਭ ਨੂੰ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾ ਹੀ ਨਹੀਂ ਸਕਦਾ, ਕਿ ਇਸ ਢਾਂਚੇ ਵਿੱਚ ਜ਼ਿਆਦਾਤਰ ਲੋਕ ਜਾਨਵਰਾਂ ਵਰਗੀਆਂ ਹਾਲਤਾਂ ਤੋਂ ਬਾਹਰ ਨਹੀਂ ਕੱਢੇ ਜਾ ਸਕਦੇ, ਉਤੇ ਕੁਤਰਕਾਂ ਦੀ ਬਦਬੂਦਾਰ ਚਾਦਰ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
 
ਪੂੰਜੀਵਾਦੀ ਲੁਟੇਰੇ ਲੋਕਾਂ ਨੂੰ ਸਚਾਈ ਕਦੇ ਵੀ ਨਹੀਂ ਦੱਸਣਗੇ। ਉਹ ਤਾਂ ਰੋਜ਼ ਸਵੇਰੇ ਉਠਣ ਸਾਰ ਹੀ ਮੁਰਗੇ ਵਾਂਗ ਵੱਧ ਅਬਾਦੀ ਦੇ ਸਿਧਾਂਤ ਦੀ ਬਾਂਗ ਦਿੰਦੇ ਰਹਿਣਗੇ। ਪਰ ਜਦੋਂ ਲੋਕਾਂ ਨੂੰ ਇਹਨਾਂ ਭਰਮਾਂ ਤੋਂ ਮੁਕਤ ਕਰ ਲਿਆ ਗਿਆ ਤਾਂ ਇਸ ਮੁਰਗੇ ਦੀ ਗਰਦਨ ਮਰੌੜਨ ਵਿੱਚ ਥੋੜੀ ਵੀ ਦੇਰ ਨਹੀਂ ਲੱਗੇਗੀ। ਇਸ ਲੋਕ-ਦੋਖੀ ਪੂੰਜੀਵਾਦੀ ਢਾਂਚੇ ਨੂੰ ਤਬਾਹ ਕਰਕੇ ਅਜਿਹਾ ਸਮਾਜ ਬਣਾਇਆ ਜਾਣਾ ਚਾਹੀਦਾ ਹੈ ਜਿਥੇ ਪੈਦਾਵਾਰ ਦੇ ਸਾਧਨ ਕਿਰਤੀਆਂ ਦੀ ਮਲਕੀਅਤ ਹੋਣ ਨਾ ਕਿ ਮੁੱਠੀ ਭਰ ਵਿਹਲੜਾਂ ਦੀ। ਇੱਕ ਅਜਿਹਾ ਸਮਾਜ ਜਿੱਥੇ ਕੰਮ ਕਰਨ ਵਾਲਿਆਂ ਨੂੰ ਹੀ ਖਾਣ ਦਾ ਹੱਕ ਹੋਵੇ। ਅਜਿਹੇ ਸਮਾਜ ਅੰਦਰ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਪੈਦਾਵਾਰ ਕੀਤੀ ਜਾਵੇਗੀ ਨਾ ਕਿ ਕਿਸੇ ਪੂੰਜੀਪਤੀ ਦੇ ਮੁਨਾਫ਼ੇ ਨੂੰ ਧਿਆਨ ’ਚ ਰੱਖ ਕੇ ਕਿਉਂ ਕਿ ਅਜਿਹੇ ਸਮਾਜ ਵਿੱਚ ਪੂੰਜੀਪਤੀ ਹੋਣਗੇ ਹੀ ਨਹੀਂ। ਸਿਰਫ ਸਮਾਜਵਾਦੀ ਢਾਂਚੇ ਵਾਲੇ ਸਮਾਜ ਵਿੱਚ ਹੀ ਗਰੀਬੀ ਅਤੇ ਬੇਰੁਜ਼ਗਾਰੀ ਦਾ ਪੱਕਾ ਇਲਾਜ ਕੀਤਾ ਜਾ ਸਕਦਾ ਹੈ।

ਅੰਕ-01 ਜੁਲਾਈ-ਸਤੰਬਰ-2007 ਵਿਚ ਪ੍ਰਕਾਸ਼ਿ

Advertisements

One comment on “ਕੀ ਵੱਧ ਅਬਾਦੀ ਹੀ ਗਰੀਬੀ-ਬੇਰੁਜ਼ਗਾਰੀ ਦਾ ਕਾਰਣ ਹੈ? – ਲਖਵਿੰਦਰ

  1. Teji Dhillon says:

    ਗਰੀਬੀ ਤਾ ਆਮ ਲੋਕਾ ਲਈ ਮੇਰਾ ਦੇਸ ਗਰੀਬ ਆ ਪਰ ਖਾਸ ਲੋਕਾ ਲਈ ਨਹੀ

    Like

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s