ਆਸਾਰਾਮ ਹੀ ਨਹੀਂ ਸਗੋਂ ਸਮੁੱਚੇ ਧਰਮ ਦੇ ਲੁਟੇਰੇ ਕਿਰਦਾਰ ਦੀ ਪਹਿਚਾਣ ਕਰੋ -ਲਖਵਿੰਦਰ

assa ram (ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਬਲਾਤਕਾਰ ਦੇ ਕੇਸ ਵਿੱਚ ਅੱਜ-ਕੱਲ ਜੇਲ੍ਹ ਦੀ ਹਵਾ ਖਾ ਰਹੇ ਆਸਾਰਾਮ ਬਾਰੇ ਟੀ.ਵੀ. ਚੈਨਲਾਂ, ਅਖਬਾਰਾਂ, ਮੈਗਜ਼ੀਨਾਂ ਰਾਹੀਂ ਰੋਜ਼ਾਨਾਂ ਨਵੇਂ-ਨਵੇਂ ਖੁਲਾਸੇ ਲੋਕਾਂ ਸਾਹਮਣੇ ਆ ਰਹੇ ਹਨ। ਜਿਆਦਾਤਰ ਵਿਚਾਰ-ਚਰਚਾ ਇਸ ‘ਤੇ ਹੋ ਰਹੀ ਹੈ ਕਿ ਇੱਕ ਸੰਤ ਹੋਣ ਦਾ ਦਾਅਵਾ ਕਰਨ ਵਾਲ਼ੇ ਵਿਅਕਤੀ ਵੱਲੋਂ ਆਪਣੇ ਭਗਤਾਂ ਦੀ ਸ਼ਰਧਾ ਦਾ ਨਾਜਾਇਜ਼ ਫਾਇਦਾ ਉਠਾਇਆ ਗਿਆ ਹੈ, ਕਿ ਸੰਤ ਅਖਵਾਉਣ ਵਾਲ਼ੇ ਵਿਅਕਤੀ ਵੱਲੋਂ ਆਪਣੀਆਂ ਭਗਤਣਾਂ ਨਾਲ਼ ਬਲਾਤਕਾਰ ਕਰਕੇ ਉਹਨਾਂ ਨੂੰ ਡਰਾ-ਧਮਕਾ ਕੇ ਰੱਖਿਆ ਜਾਂਦਾ ਰਿਹਾ ਹੈ ਅਤੇ ਉਸ ਵੱਲੋਂ ਅਥਾਹ ਧਨ-ਦੌਲਤ ਇਕੱਠੀ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਅਜਿਹਾ ਵਿਅਕਤੀ ਸੰਤ ਨਹੀਂ ਹੋ ਸਕਦਾ। ਸਰਮਾਏਦਾਰਾ ਮੀਡੀਆ ਵਿੱਚ ਹੋ ਰਹੀ ਇਸ ਸਾਰੀ ਵਿਚਾਰ-ਚਰਚਾ ਰਾਹੀਂ ਵਿਅਕਤੀਗਤ ਤੌਰ ‘ਤੇ ਆਸਾਰਾਮ ਜਿਹੇ ਬਾਬਿਆਂ ‘ਤੇ ਤਾਂ ਨਿਸ਼ਾਨਾਂ ਸਾਧਿਆ ਜਾ ਰਿਹਾ ਹੈ ਪਰ ਕੁੱਲ ਮਿਲ਼ਾ ਕੇ ਧਰਮ ਅਤੇ ਸੰਤਾਂ ਦੇ ਕਿਰਦਾਰ ‘ਤੇ ਪਰਦਾ ਪਾਉਣ ਦੀ ਚਾਹੀ-ਅਣਚਾਹੀ, ਸਿੱਧੀ-ਅਸਿੱਧੀ ਕੋਸ਼ਿਸ਼ ਹੋ ਰਹੀ ਹੈ। ਅਸਲ ਵਿੱਚ ਧਰਮ ਅਤੇ ਸਾਧੂ-ਸੰਤ ਲੋਟੂ ਸਰਮਾਏਦਾਰਾ ਅਰਥਚਾਰੇ ਅਤੇ ਸਿਆਸਤ ਨਾਲ਼ ਪੂਰੀ ਤਰ੍ਹਾਂ ਘਿਓ-ਖਿਚੜੀ ਹਨ। ਅੱਜ ਲੋੜ ਇਸ ਗੱਲ ਦੀ ਹੈ ਕਿ ਇਸ ਗਠਜੋੜ ਨੂੰ ਬੇਨਕਾਬ ਕੀਤਾ ਜਾਵੇ।

ਲੋਕ ਸਮਾਜਿਕ-ਆਰਥਿਕ ਅਸੁਰੱਖਿਆ ਅਤੇ ਤਾਰਕਿਕ ਤੇ ਵਿਗਿਆਨਕ ਨਜ਼ਰੀਆ ਨਾ ਹੋਣ ਕਾਰਨ ਰੱਬ, ਭੂਤ-ਪ੍ਰੇਤ, ਸ਼ੈਤਾਨ, ਜਾਦੂ-ਟੂਣੇ, ਪੂਜਾ-ਪਾਠ ਆਦਿ ਵਿੱਚ ਵਿਸ਼ਵਾਸ਼ ਰੱਖਦੇ ਹਨ। ਵੱਖ-ਵੱਖ ਧਰਮਾਂ ਵਿੱਚ ਇਹਨਾਂ ਵਿਸ਼ਵਾਸ਼ਾਂ ਦੇ ਵੱਖ-ਵੱਖ ਰੂਪ ਹਨ, ਵੱਖ-ਵੱਖ ਰੀਤੀ-ਰਿਵਾਜ ਹਨ। ਲੁਟੇਰੀਆਂ ਜਮਾਤਾਂ ਹਮੇਸ਼ਾਂ ਤੋਂ ਲੋਕਾਂ ਦੇ ਧਾਰਮਿਕ ਵਿਸ਼ਵਾਸ਼ਾਂ ਦਾ ਫਾਇਦਾ ਉਠਾ ਕੇ ਉਨ੍ਹਾਂ ਦੀ ਆਰਥਿਕ-ਸਮਾਜਿਕ-ਸਿਆਸੀ ਲੁੱਟ ਕਰਦੀਆਂ ਰਹੀਆਂ ਹਨ। ਧਰਮ ਕਦੇ ਵੀ ਕੋਈ ਪਰਲੋਕਿਕ ਚੀਜ਼ ਨਹੀਂ ਰਿਹਾ ਸਗੋਂ ਇਹ ਹਮੇਸ਼ਾਂ ਤੋਂ ਲੌਕਿਕ ਰਿਹਾ ਹੈ। ਭਾਂਵੇਂ ਹਮੇਸ਼ਾਂ ਤੋਂ ਹੀ ਲੁਟੇਰੀਆਂ ਜਮਾਤਾਂ ਲੋਕਾਂ ‘ਤੇ ਹਥਿਆਰਬੰਦ ਤਾਕਤ ਦੇ ਦਮ ‘ਤੇ ਰਾਜ ਕਰਦੀਆਂ ਰਹੀਆਂ ਹਨ ਪਰ ਮੌਜੂਦਾ ਸਰਮਾਏਦਾਰਾ ਪ੍ਰਬੰਧ ਤੋਂ ਪਹਿਲਾਂ ਗੁਲਾਮ-ਮਾਲਕ ਅਤੇ ਖਾਸਕਰ ਜਗੀਰੂ ਰਾਜੇ-ਰਜਵਾੜੇ ਰਾਜ ਕਰਨ ਦੀ ਤਾਕਤ ਇਸ ਧਾਰਮਿਕ ਵਿਚਾਰ ਤੋਂ ਪ੍ਰਾਪਤ ਕਰਦੇ ਸਨ ਕਿ ਉਹ ਰੱਬ ਦਾ ਰੂਪ ਹਨ ਜਾਂ ਕਿ ਰੱਬ ਨੇ ਉਹਨਾਂ ਨੂੰ ਰਾਜ ਕਰਨ, ਧਨ-ਦੌਲਤ ਦੇ ਮਾਲਕ ਬਣਨ ਲਈ ਅਤੇ ਲੋਕਾਂ ਤੋਂ ਸੇਵਾ ਕਰਾਉਣ ਲਈ ਭੇਜਿਆ ਹੈ। ਇਹ ਲੁਟੇਰੀ ਸੱਤਾ ਦਾ ਦੈਵੀ ਕਨੂੰਨੀਕਰਨ ਸੀ। ਪਰ ਸਰਮਾਏਦਾਰੀ ਪ੍ਰਬੰਧ ਅਧੀਨ ਅਜਿਹਾ ਨਹੀਂ ਹੈ। ਸਰਮਾਏਦਾਰਾ ਸੱਤਾ ਨੂੰ ਧਰਮ ਵੱਲੋਂ ਸਿੱਧਾ ਦੈਵੀ ਕਨੂੰਨੀਕਰਨ ਪ੍ਰਾਪਤ ਨਹੀਂ ਹੈ। ਪਰ ਜਿਵੇਂ ਕਿ ਹਮੇਸ਼ਾਂ ਤੋਂ ਹੁੰਦਾ ਆਇਆ ਹੈ, ਧਰਮ ਅੱਜ ਵੀ ਹਾਕਮ ਜਮਾਤ ਦੇ ਹੱਥਾਂ ਵਿੱਚ ਰਾਜ ਕਰਨ ਦਾ ਇੱਕ ਮਹੱਤਵਪੂਰਣ ਹਥਿਆਰ ਹੈ। 

ਸਾਧੂ, ਸੰਤਾਂ, ਪਾਦਰੀਆਂ, ਮੌਲਵੀਆਂ ਆਦਿ ਨੂੰ ਹਮੇਸ਼ਾਂ ਤੋਂ ਹੀ ਲੁਟੇਰੀਆਂ ਹਾਕਮ ਜਮਾਤਾਂ ਇਸਤੇਮਾਲ ਕਰਦੀਆਂ ਰਹੀਆਂ ਹਨ। ਇਸਦੇ ਬਦਲੇ ਵਿੱਚ ਇਹਨਾਂ ਨੂੰ ਵੀ ਲੁੱਟ ਦਾ ਹਿੱਸਾ ਪ੍ਰਾਪਤ ਹੁੰਦਾ ਰਿਹਾ ਹੈ। ਜਿਵੇਂ-ਜਿਵੇਂ ਸਮਾਜਿਕ-ਆਰਥਿਕ-ਸਿਆਸੀ ਹਾਲਤਾਂ ਵਿੱਚ ਤਬਦੀਲੀਆਂ ਆਉਂਦੀਆਂ ਰਹੀਆਂ ਹਨ ਤਿਵੇਂ ਤਿਵੇਂ ਧਰਮ ਵੀ ਬਦਲਦਾ ਗਿਆ ਹੈ। ਅੱਜ ਸਰਮਾਏਦਾਰਾ ਪ੍ਰਬੰਧ ਕਾਇਮ ਹੋ ਚੁੱਕਾ ਹੈ ਅਤੇ ਧਰਮ ਵੀ ਹੁਣ ਸਰਮਾਏਦਾਰਾ ਧਰਮ ਬਣ ਗਿਆ ਹੈ। ਧਰਮ ਦੇ ਪ੍ਰਚਾਰਕ ਸਾਧੂ, ਸੰਤ, ਪਾਦਰੀ, ਮੌਲਵੀ ਆਦਿ ਵੀ ਸਰਮਾਏਦਾਰਾ ਰੰਗ ਵਿੱਚ ਰੰਗੇ ਗਏ ਹਨ। ਆਮ ਤੌਰ ‘ਤੇ ਇਹ ਪ੍ਰਚਾਰਕ, ”ਰੱਬ ਦੇ ਭੇਜੇ ਹੋਏ”, ਜਾਂ ”ਰੱਬ ਦਾ ਰੂਪ” ਇਹ ਸੰਤ-ਬਾਬੇ ਖੁਦ ਸਰਮਾਏਦਾਰ ਬਣ ਚੁੱਕੇ ਹਨ। ਇਹ ਹੁਣ ਸਾਧੂ-ਸੰਤ ਬਾਅਦ ਵਿੱਚ ਹਨ ਸਗੋਂ ਕਾਰੋਬਾਰੀ, ਦਲਾਲ, ਸਰਮਾਏਦਾਰ ਪਹਿਲਾਂ ਹਨ।

ਮੁਨਾਫਾ ਹਰ ਸਰਮਾਏਦਾਰ ਦਾ ਇੱਕੋ-ਇੱਕ ਮਕਸਦ ਹੁੰਦਾ ਹੈ। ਕਿਸੇ ਵੀ ਢੰਗ ਨਾਲ਼, ਭਾਂਵੇਂ ਉਸ ਨੂੰ ਕਿੰਨਾਂ ਵੀ ਵੱਡਾ ਅਪਰਾਧ ਕਿਉਂ ਨਾ ਕਰਨਾ ਪਵੇ, ਉਸਨੂੰ ਅਣਮਨੁੱਖਤਾ ਦੀ ਕਿਸੇ ਵੀ ਪੱਧਰ ‘ਤੇ ਕਿਉਂ ਨਾ ਡਿੱਗਣਾ ਪਵੇ ਉਹ ਹਮੇਸ਼ਾਂ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗਿਆ ਰਹਿੰਦਾ ਹੈ। ਹਰ ਸਰਮਾਏਦਾਰ ਪੈਦਾਵਾਰ ਕਰਾਉਣ ਵੇਲ਼ੇ ਅਤੇ ਵੇਚਣ ਵੇਲ਼ੇ ਲੋਕਾਂ ਦੀ ਅਗਿਆਨਤਾ ਅਤੇ ਉਹਨਾਂ ਦੇ ਤਰ੍ਹਾਂ-ਤਰ੍ਹਾਂ ਦੇ ਵਿਸ਼ਵਾਸ਼ਾਂ-ਅੰਧਵਿਸਵਾਸ਼ਾਂ ਦਾ ਫਾਇਦਾ ਉਠਾ ਕੇ ਵੱਧ ਤੋਂ ਵੱਧ ਮੁਨਾਫਾ ਹਾਸਿਲ ਕਰਨਾ ਚਾਹੁੰਦਾ ਹੈ। ਧਰਮ ਨੂੰ ਕਾਰੋਬਾਰ ਨਾਲ਼ ਜੋੜ ਕੇ ਇਹ ਕੰਮ ਹੋਰ ਵੀ ਬਿਹਤਰ ਢੰਗ ਨਾਲ਼ ਕੀਤਾ ਜਾ ਸਕਦਾ ਹੈ ਅਤੇ ਕੀਤਾ ਜਾ ਰਿਹਾ ਹੈ। ਧਰਮ ਅਤੇ ਸਰਮਾਏ ਦਾ ਸੁਮੇਲ ਅਥਾਹ ਮੁਨਾਫੇ ਦਾ ਸ੍ਰੋਤ ਹੈ। ਸਾਡੇ ਦੇਸ਼ ਵਿੱਚ ਸਰਮਾਏਦਾਰ ਧਾਰਮਿਕ ਬਾਬਿਆਂ ਦੇ ਖੁੰਭਾਂ ਵਾਂਗ ਉੱਗ ਆਉਣ ਪਿੱਛੇ ਇਹੋ ਕਾਰਨ ਹੈ। 

ਸਾਰੀਆਂ ਸਰਮਾਏਦਾਰਾ ਪਾਰਟੀਆਂ ਦੇ ਲੀਡਰ ਇਹਨਾਂ ਬਾਬਿਆਂ ਦੇ ”ਭਗਤ” ਹਨ। ਹਰ ਬਾਬੇ ਦੇ ਲੋਕ ਅਧਾਰ ਨੂੰ ਹਰ ਸਰਮਾਏਦਾਰ ਪਾਰਟੀ ਆਪਣਾ ਵੋਟ ਬੈਂਕ ਬਣਾ ਲੈਣਾ ਚਾਹੁੰਦੀ ਹੈ। ਬਾਬੇ ਆਪਣੇ ਸਰਮਾਏ ਅਤੇ ਸਮਾਜਿਕ ਅਧਾਰ ਦੇ ਦਮ ‘ਤੇ ਅੱਛਾ-ਖਾਸਾ ਸਿਆਸੀ ਅਸਰ-ਰਸੂਖ ਹਾਸਿਲ ਕਰ ਲੈਂਦੇ ਹਨ। ਬਾਬਿਆਂ ਦਾ ਧਰਮ ਦੇ ਨਾਂ ‘ਤੇ ਖੜ੍ਹਾ ਕੀਤਾ ਕਾਰੋਬਾਰ ਅਤੇ ਸਿਆਸਤ ਇੱਕ ਦੂਜੇ ਦੇ ਪੂਰਕ ਹਨ। ਦੋਵੇਂ ਇੱਕ ਦੂਜੇ ਦੀ ਸੇਵਾ ਕਰਦੇ ਹਨ। ਬਾਬੇ ਆਪਣਾ ਕਾਰੋਬਾਰ ਵਧਾਉਣ ਲਈ ਅਤੇ ਆਪਣੇ ਅਪਰਾਧਾਂ ਨੂੰ ਢੱਕਣ ਅਤੇ ਕਨੂੰਨੀ ਪਚੜਿਆਂ ਤੋਂ ਬਚਣ ਲਈ ਆਪਣੇ ਸਮਾਜਿਕ ਅਧਾਰ, ਸਰਮਾਏ ਅਤੇ ਸਿਆਸੀ ਅਸਰ-ਰਸੂਖ ਦਾ ਪੂਰਾ ਫਾਇਦਾ ਉਠਾਉਂਦੇ ਹਨ।

ਆਸਾਰਾਮ ਵੀ ਸਰਮਾਏਦਾਰ ਸੰਤਾਂ ਵਿੱਚੋਂ ਇੱਕ ਸੰਤ ਹੈ। ਆਸਾਰਾਮ ਦੀ ਕੁੱਲ ਜਾਇਦਾਦ ਲਗਭੱਗ 5 ਹਜ਼ਾਰ ਕਰੋੜ ਰੁਪਏ ਹੈ। ਸੰਤ ਆਸਾਰਾਮ ਬਾਪੂ ਟਰੱਸਟ ਨਾਂ ਦੀ ਸੰਸਥਾਂ ਦੇ ਕੁੱਲ 425 ਆਸ਼ਰਮ ਹਨ ਜਿਨ੍ਹਾਂ ਚੋਂ ਕੁਝ ਵਿਦੇਸ਼ਾਂ ਵਿੱਚ ਹਨ। ਦਵਾਈਆਂ, ਹਸਪਤਾਲਾਂ, ਸਕੂਲਾਂ, ਕਿਤਾਬਾਂ, ਮੈਗਜ਼ੀਨਾਂ ਤੋਂ ਮੁਨਾਫਾ ਆਉਂਦਾ ਹੀ ਹੈ, ਚੜਾਵਾ ਵੱਖ ਤੋਂ ਚੜ੍ਹਦਾ ਹੈ। ਸ਼੍ਰੀ ਸ਼੍ਰੀ ਰਵੀਸ਼ੰਕਰ, ਗੁਰਮੀਤ ਰਾਮ ਰਹੀਮ, ਬਾਬਾ ਰਾਮਦੇਵ ਆਦਿ ਅਜਿਹੇ ਸਰਮਾਏਦਾਰ ਸੰਤਾਂ ਦੀ ਗਿਣਤੀ ਭਾਰਤ ਵਿੱਚ ਕਾਫੀ ਹੈ। ਸੰਨ 2011 ਵਿੱਚ ਹੀ ਬਾਬਾ ਰਾਮਦੇਵ 1100 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਸੀ। ਉੱਤਰਾਖੰਡ ਵਿੱਚ ਜਿੱਥੇ ਕੋਈ ਬਾਹਰੀ ਵਿਅਕਤੀ 250 ਵਰਗ ਮੀਟਰ ਤੋਂ ਵੱਧ ਜਮੀਨ ਨਹੀਂ ਖਰੀਦ ਸਕਦਾ ਉੱਥੇ ਬਾਬਾ ਰਾਮਦੇਵ 1700 ਬੀਘੇ ਦਾ ਮਾਲਕ ਹੈ। ਸਾਡਾ ਇਹ ਸਵਦੇਸ਼ੀ ਬਾਬਾ ਅਮਰੀਕਾ ਦੇ ਹਾਊਸਟਨ ਵਿੱਚ 100 ਏਕੜ ਜਮੀਨ ਅਤੇ ਸਕਾਟਲੈਂਡ ਵਿੱਚ ਇੱਕ ਟਾਪੂ ਖਰੀਦ ਚੁੱਕਾ ਹੈ। ਤੁਸੀਂ ਵੇਖ ਸਕਦੇ ਹੋ ਕਿ ਸਰਮਾਏਦਾਰਾ ਧਰਮ ਕਿੰਨਾ ਮੁਨਾਫ਼ੇ ਵਾਲ਼ਾ ਕਾਰੋਬਾਰ ਹੈ!

ਇਹਨਾਂ ਸੰਤਾਂ ਦੇ ਸਰਮਾਏਦਾਰਾ ਸਿਆਸਤ ਵਿੱਚ ਅਸਰ ਰਸੂਖ ਨੂੰ ਵੀ ਕੁੱਝ ਉਦਾਹਰਣਾਂ ਰਾਹੀਂ ਅਸਾਨੀ ਨਾਲ਼ ਦੇਖਿਆ ਜਾ ਸਕਦਾ ਹੈ। ਆਸਾਰਾਮ ਦੁਆਰਾ ਅਸੀਮ ਮੁਨਾਫੇ ਵਾਲ਼ਾ ਆਸ਼ਰਮਾਂ, ਗੁਰੂਕੁਲਾਂ, ਸਕੂਲਾਂ ਦਾ ਸਾਮਰਾਜ ਸਰਕਾਰ ਵੱਲੋਂ ਗਰਾਂਟ ਕੀਤੀਆਂ ਗਈਆਂ ਜਮੀਨਾਂ ‘ਤੇ ਖੜ੍ਹਾ ਕੀਤਾ ਗਿਆ ਹੈ। ਸਰਕਾਰ ਵੱਲੋਂ ਹਾਸਿਲ ਜਮੀਨ ਤੋਂ ਬਾਅਦ ਉਸਨੇ ਨਾਲ਼ ਲੱਗਦੀਆਂ ਹੋਰ ਸਰਕਾਰੀ-ਗੈਰਸਰਕਾਰੀ ਜਮੀਨਾਂ ‘ਤੇ ਵੀ ਕਬਜੇ ਕਰ ਲਏ। ਗੁਜਰਾਤ ਸਰਕਾਰ ਨੇ ਸੰਨ 2009 ਵਿੱਚ ਮੰਨਿਆਂ ਸੀ ਕਿ ਆਸਾਰਾਮ ਦੇ ਆਸ਼ਰਮਾਂ ਨੇ 67, 099 ਏਕੜ ਜਮੀਨ ‘ਤੇ ਕਬਜ਼ਾ ਕਰ ਰੱਖਿਆ ਹੈ। ਇਸੇ ਤਰ੍ਹਾਂ ਦੇ ਦੋਸ਼ ਮੱਧ ਪ੍ਰਦੇਸ਼, ਛਤੀਸ਼ਗੜ੍ਹ ਅਤੇ ਰਾਜਸਥਾਨ ਵਿੱਚ ਵੀ ਲੱਗੇ ਹਨ। ਸੰਨ 2010 ਵਿੱਚ ਆਸਾਰਾਮ ਦੇ ਮੱਠਾਂ ਵਿੱਚ ਜਦੋਂ ਚਾਰ ਬੱਚਿਆਂ ਦੀਆਂ ਰਹੱਸਮਈ ਮੌਤਾਂ ਹੋਈਆਂ ਸਨ ਤਾਂ ਆਪਣੀ ਇਸੇ ਤਾਕਤ ਦੇ ਦਮ ‘ਤੇ ਉਹ ਜੇਲ੍ਹ ਜਾਣੋ ਬਚ ਗਿਆ ਸੀ। ਇਸ ਸਬੰਧੀ ਗੁਜਰਾਤ ਸਰਕਾਰ ਵੱਲੋਂ ਮਜ਼ਬੂਰੀ ਵਿੱਚ ਜੋ ਜਾਂਚ ਕਰਵਾਈ ਗਈ ਸੀ ਉਸਦੀ ਰਿਪੋਰਟ ਅੱਜ ਤੱਕ ਜਨਤਕ ਨਹੀਂ ਹੋਈ। ਗੁਜਰਾਤ ਵਿੱਚ ਸਰਕਾਰ ਭਾਂਵੇਂ ਹਿੰਦੂ ਕੌਮਵਾਦੀ ਭਾਜਪਾ ਦੀ ਰਹੀ ਹੋਵੇ ਜਾਂ ਅਖੌਤੀ ਧਰਮ-ਨਿਰਪੱਖ ਕਾਂਗਰਸ ਦੀ ਆਸਾਰਾਮ ਅਣਐਲ਼ਾਨਿਆ ”ਰਾਜਗੁਰੂ” ਰਿਹਾ ਹੈ। ਖਾਸ ਕਰਕੇ ਭਾਜਪਾ ਦੀ ਅਗਵਾਈ ਹੇਠਲੀਆਂ ਸੂਬਾ ਸਰਕਾਰਾਂ ਤਾਂ ਆਸਾਰਾਮ ਜਿਹੇ ਬਾਬਿਆਂ ਦਾ ਖੁੱਲੇਆਮ ਸਾਥ ਦਿੰਦੀਆਂ ਅਤੇ ਸਾਥ ਲੈਂਦੀਆਂ ਰਹੀਆਂ ਹਨ। ਉਮਾ ਭਾਰਤੀ ਜਦ ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਸੀ ਤਾਂ ਬਾਕਾਇਦਾ ਵਿਧਾਨ ਸਭਾ ਵਿੱਚ ਆਸਾਰਾਮ ਦੇ ਪ੍ਰਵਚਨ ਕਰਵਾਏ ਗਏ ਸਨ। ਭਾਜਪਾ ਦੇ ਅਡਵਾਨੀ ਅਤੇ ਕਾਂਗਰਸ ਦੇ ਦਿਗਵਿਜੈ ਸਿੰਘ ਜਿਹੇ ਵੱਡੇ ਲੀਡਰਾਂ ਦੇ ਆਸਾਰਾਮ ਨਾਲ਼ ਪੁਰਾਣੇ ਸਬੰਧ ਰਹੇ ਹਨ। ਹੁਣ ਜਦੋਂ ਆਸਾਰਾਮ ਦੁਆਰਾ ਨਾਬਾਲਿਗ ਨਾਲ਼ ਬਲਾਤਕਾਰ ਦੀ ਘਟਨਾ ਸਾਹਮਣੇ ਆ ਗਈ ਹੈ ਤਾਂ ਇਹ ਲੀਡਰ ਅਤੇ ਇਹਨਾਂ ਦੀਆਂ ਪਾਰਟੀਆਂ ਸ਼ਰੇਆਮ ਉਸਦਾ ਸਾਥ ਦੇਣ ਤੋਂ ਕਿਨਾਰਾ ਕਰ ਗਏ ਹਨ ਪਰ ਇਸਦਾ ਅਰਥ ਇਹ ਨਹੀਂ ਕਿ ਅੰਦਰੋਂ-ਅੰਦਰੀ ਉਸਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨਹੀਂ ਹੋ ਰਹੀਆਂ ਹੋਣਗੀਆਂ। ਇਸ ਵਾਰ ਬਲਾਤਕਾਰ ਦੇ ਮਾਮਲੇ ਵਿੱਚ ਸਬੂਤਾਂ ਦਾ ਬੇਹੱਦ ਸਪੱਸ਼ਟ ਹੋਣਾ, ਮੀਡੀਆ ਦੇ ਵੱਖ-ਵੱਖ ਹਿੱਸਿਆਂ ‘ਚ ਜ਼ਬਰਦਸਤ ਮੁਕਾਬਲੇਬਾਜ਼ੀ, ਸਰਮਾਏਦਾਰ ਜਮਾਤ ਦੀਆਂ ਅੰਦਰੂਨੀ ਵਿਰੋਧਤਾਈਆਂ, ਅਗਾਂਹਵਧੂ-ਇਨਕਲਾਬੀ ਹਿੱਸਿਆਂ ਵੱਲੋਂ ਆਸਾਰਾਮ ਖਿਲਾਫ਼ ਉੱਠੀ ਅਵਾਜ਼ ਆਦਿ ਕਾਰਨਾਂ ਕਰਕੇ ਆਖ਼ਰਕਾਰ ਆਸਾਰਾਮ ਨੂੰ ਜੇਲ੍ਹ ਜਾਣ ਪਿਆ ਹੈ। ਦੇਸ਼ ਦਾ ਸਰਮਾਏਦਾਰਾ ਕਨੂੰਨ ਪ੍ਰਬੰਧ ਉਸਦਾ ਅਪਰਾਧ ਸਿੱਧ ਕਰੇਗਾ ਅਤੇ ਉਸਨੂੰ ਸਜਾ ਦੇਵੇਗਾ ਇਸਦੀ ਉਮੀਦ ਘੱਟ ਹੀ ਹੈ। ਪਰ ਜੇਕਰ ਉਸਨੂੰ ਸਜਾ ਮਿਲ ਵੀ ਜਾਂਦੀ ਹੈ ਇਸ ਨਾਲ਼ ਸਿਰਫ਼ ਏਨਾ ਹੀ ਹੋਵੇਗਾ ਕਿ ਦੂਜੇ ਸੰਤਾਂ ਨੂੰ ਕੁਝ ਧਿਆਨ ਨਾਲ਼ ਚੱਲਣ ਦਾ ਸਬਕ ਮਿਲੇਗਾ। ਇਸ ਤੋਂ ਵੱਧ ਕੁੱਝ ਵੀ ਫਰਕ ਨਹੀਂ ਪੈਣ ਵਾਲ਼ਾ।

ਹੋਰ ਸੰਤਾਂ ਦੇ ਸਿਆਸੀ ਅਸਰ-ਰਸੂਖ ਦੀਆਂ ਉਦਾਹਰਣਾਂ ਵੀ ਵੇਖੋ। ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਆਰਟ ਆਫ਼ ਲਿਵਿੰਗ ਦੇ ਹੈਡਕਵਾਟਰਾਂ ਲਈ ਕਰਨਾਟਕਾ ਸਰਕਾਰ ਵੱਲੋਂ 99 ਸਾਲਾਂ ਲਈ ਜਮੀਨ ਲੀਜ ਦੇ ਦੇ ਦਿੱਤੀ ਗਈ ਹੈ। ਆਰਟ ਆਫ਼ ਲਿਵਿੰਗ  ਨੇ ਓਡੀਸਾ ਸਰਕਾਰ ਵੱਲੋਂ 200 ਏਕੜ ਜਮੀਨ ਦੀ ਗਰਾਂਟ ਵਜੋਂ ਦਿੱਤੀ ਜਮੀਨ ‘ਤੇ ”ਪ੍ਰਾਚੀਨ ਕਦਰਾਂ-ਕੀਮਤਾਂ ਨਾਲ਼ ਅਧੁਨਿਕ ਸਿੱਖਿਆ” ਦੀ ”ਯੂਨੀਵਰਸਿਟੀ” ਪਿਛਲੇ ਸਾਲ ਸ਼ੁਰੂ ਕੀਤੀ ਹੈ। ਮੱਧ ਪ੍ਰਦੇਸ਼ ਵਿੱਚ ਮਹਾਂਰਿਸ਼ੀ ਮਹੇਸ਼ ਯੋਗੀ ਨੂੰ ਸਰਕਾਰ ਵੱਲੋਂ ਇੱਕ ”ਯੂਨੀਵਰਸਿਟੀ” ਲਈ ਜਮੀਨ ਗਰਾਂਟ ਕੀਤੀ ਗਈ ਹੈ। ਬਾਬਾ ਰਾਮਦੇਵ ਨੂੰ ਵੀ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਜਮੀਨ ਦਿੱਤੀ ਗਈ ਹੈ। ਨਵਉਦਾਰੀਕਰਨ-ਨਿੱਜੀਕਰਨ ਦੇ ਇਸ ਦੌਰ ਵਿੱਚ ਸਰਕਾਰਾਂ ਜਨਤਕ ਸ੍ਰੋਤ-ਸਾਧਨਾ ਦੇਸ਼ੀ-ਵਿਦੇਸ਼ੀ ਸਰਮਾਏ ਨੂੰ ਸੌਂਪਦੀਆਂ ਜਾ ਰਹੀਆਂ ਹਨ। ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦੇ ਨਾਂ ‘ਤੇ ਲੋਕਾਂ ਦਾ ਪੈਸਾ ਅਤੇ ਸਾਧਨ ਸਰਮਾਏਦਾਰਾਂ ਦੀਆਂ ਤਿਜ਼ੋਰੀਆਂ ਭਰਨ ‘ਤੇ ਲਾਏ ਜਾ ਰਹੇ। ਇਹਨਾਂ ਨੀਤੀਆਂ ਦਾ ਇਹ ਸਰਮਾਏਦਾਰ ਸੰਤ ਬਾਖੂਬੀ ਫਾਇਦਾ ਉਠਾ ਰਹੇ ਹਨ। 

ਆਸਾਰਾਮ ਨੇ ਆਪਣਾ ਪਹਿਲਾ ਆਸ਼ਰਮ ਗੁਜਰਾਤ ਦੇ ਅਹਿਮਦਾਬਾਦ ਵਿੱਚ 1970 ਵਿੱਚ ਖੋਲ੍ਹਿਆ ਸੀ। ਪਰ ਉਸਦੀ ਪ੍ਰਸਿੱਧੀ ਅਤੇ ਕਾਰੋਬਾਰ ਖਾਸ ਕਰਕੇ 1980 ਤੋਂ ਬਾਅਦ ਹੀ ਵਧੇ-ਫੁੱਲੇ ਹਨ। ਇਹੋ ਉਹ ਸਮਾਂ ਹੈ ਜਦੋਂ ਭਾਰਤ ਵਿੱਚ ਨਵਉਦਾਰਵਾਦ ਦੀ ਸ਼ੁਰੂਆਤ ਹੁੰਦੀ ਹੈ ਅਤੇ ਹਿੰਦੂਤਵੀ ਕੱਟੜਪੰਥੀ ਤਾਕਤਾਂ ਅਤੇ ਹੋਰਨਾਂ ਧਾਰਮਿਕ ਕੱਟੜਪੰਥੀ ਤਾਕਤਾਂ ਦਾ ਉਭਾਰ ਹੁੰਦਾ ਹੈ। ਆਸਾਰਾਮ ਦਾ ਉਭਾਰ ਵੀ ਹਿੰਦੂਤਵੀ ਕੱਟੜਪੰਥ ਦੇ ਉਭਾਰ ਦਾ ਇੱਕ ਹਿੱਸਾ ਹੈ। ਆਸਾਰਾਮ ਆਤਮਸੁਧਾਰ ਦੇ ਪ੍ਰਵਚਨਾਂ ਦੇ ਨਾਂ ‘ਤੇ ਹਿੰਦੂਤਵੀ ਕੱਟੜਤਾ ਅਤੇ ਰੂੜੀਵਾਦੀ ਸੱਭਿਆਚਾਰ ਦਾ ਪ੍ਰਚਾਰ ਕਰਦਾ ਹੈ। ਔਰਤਾਂ ਦੀ ਅਜ਼ਾਦੀ ਦਾ ਇਹ ਕੱਟੜ ਵਿਰੋਧੀ ਹੈ। ਪੱਛਮੀ ਸੱਭਿਆਚਾਰ ਦਾ ਅੰਨ੍ਹਾ ਵਿਰੋਧ ਇਸਦੇ ਪ੍ਰਚਾਰ ਦਾ ਇੱਕ ਖਾਸ ਅੰਗ ਹੈ। ਇਸਾਈਆਂ ਅਤੇ ਮੁਸਲਮਾਨਾਂ ਖਿਲਾਫ਼ ਸਧਾਰਨ ਹਿੰਦੂ ਲੋਕ-ਮਨਾਂ ਵਿੱਚ ਜ਼ਹਿਰ ਘੋਲ਼ਣਾ ਅਤੇ ਉਹਨਾਂ ਖਿਲਾਫ਼ ਹਿੰਸਕ ਕਾਰਵਾਈਆਂ ਤੱਕ ਕਰਨਾ ਇਸਦੀਆਂ ਸੰਸਥਾਵਾਂ ਦੀਆਂ ਸਰਗਰਮੀਆਂ ਦਾ ਹਿੱਸਾ ਹੈ। ਆਸਾਰਾਮ ‘ਤੇ ਬਲਾਤਕਾਰ ਦੇ ਦੋਸ਼ ਲੱਗਣ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਸ਼ੋਕ ਸਿੰਘਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਆਸਾਰਾਮ ‘ਤੇ ਬਲਾਤਕਾਰ ਦੇ ਦੋਸ਼ ਲਾਉਣਾ ਹਿੰਦੂ ਸੱਭਿਆਚਾਰ ‘ਤੇ ਹਮਲਾ ਹੈ। ਆਸਾਰਾਮ ਦੇ ਚੇਲੇ ਇਹ ਪ੍ਰਚਾਰ ਰਹੇ ਹਨ ਕਿ ਕਿ ਬਾਪੂ ਹਿੰਦੂ ਧਰਮ ਦਾ ਪ੍ਰਚਾਰ-ਪ੍ਰਸਾਰ ਕਰ ਰਹੇ ਹਨ ਅਤੇ ਹਿੰਦੂਆਂ ਦੇ ਧਰਮ ਪਰਿਵਰਤਨ ਨੂੰ ਰੋਕ ਰਹੇ ਹਨ ਇਸ ਲਈ ਕਈ ਗੈਰ ਹਿੰਦੂ ਤਾਕਤਾਂ ਉਹਨਾਂ ਖਿਲਾਫ਼ ਸਾਜਿਸ਼ ਕਰ ਰਹੀਆਂ ਹਨ ਜਿਨ੍ਹਾਂ ਤਹਿਤ ਬਾਪੂ ਨੂੰ ਜੇਲ੍ਹ ਜਾਣਾ ਪਿਆ ਹੈ। ਧਾਰਮਿਕ ਕੱਟੜਤਾ ਦਾ ਪ੍ਰਚਾਰ, ਦੂਜੇ ਧਰਮ ਦੇ ਲੋਕਾਂ ਖਿਲਾਫ਼ ਮਾਹੌਲ ਤਿਆਰ ਕਰਨਾ, ਔਰਤਾਂ ਦੀ ਅਜ਼ਾਦੀ ਦਾ ਵਿਰੋਧ, ਪੱਛਮੀ ਸੱਭਿਆਚਾਰ ਦਾ ਅੰਨ੍ਹਾ ਵਿਰੋਧ ਆਦਿ ਗੱਲਾਂ ਘੱਟ-ਵੱਧ ਰੂਪ ਵਿੱਚ ਸਾਰੇ ਸੰਤਾਂ ਵਿੱਚ ਸਾਂਝੀਆਂ ਹਨ! ਇਹ ਸੰਤ ਦੀਆਂ ਪਿਛਾਖੜੀ ਤਾਕਤਾਂ ਹਨ ਅਤੇ ਘੋਰ ਮਨੁੱਖਤਾ ਵਿਰੋਧੀ ਹਨ। ਇਹ ਸੰਤ ਕਿਰਤੀ ਲੋਕਾਂ ਦੇ ਕੱਟੜ ਦੁਸ਼ਮਣ ਹਨ ਜੋ ਨਹੀਂ ਚਾਹੁੰਦੇ ਕਿ ਕਿਰਤੀ ਲੋਕ ਸਰਮਾਏਦਾਰਾ ਪ੍ਰਬੰਧ ਖਿਲਾਫ਼ ਇਨਕਲਾਬੀ ਇੱਕਮੁੱਠਤਾ ਕਾਇਮ ਕਰਨ।

ਇਸ ਲਈ ਸਵਾਲ ਸਿਰਫ਼ ਆਸਾਰਾਮ ਦੀ ਪੋਲ-ਖੋਲ੍ਹ ਦਾ ਨਹੀਂ ਹੈ। ਸਵਾਲ ਧਰਮ ਅਤੇ ਸਰਮਾਏਦਾਰੀ ਦੇ ਗਠਜੋੜ ਦੇ ਪਰਦਾਫਾਸ਼ ਹੈ। ਇਹ ਜ਼ਰੂਰੀ ਹੈ ਤਾਂ ਕਿ ਲੋਕ ਆਪਣੇ ਦੁੱਖਾਂ ਦੇ ਕਾਰਨਾਂ ਅਤੇ ਹੱਲ ਦੀ ਪਹਿਚਾਣ ਕਰ ਸਕਣ। ਤਾਂ ਕਿ ਲੋਕ ਸਰਮਾਏਦਾਰੀ ਦੁਆਰਾ ਲੋਕਾਂ ਦੀ ਲੁੱਟ ਦੇ ਢੰਗ-ਤਰੀਕਿਆਂ ਬਾਰੇ ਜਾਣ ਸਕਣ ਅਤੇ ਇਸ ਖਿਲਾਫ਼ ਰਣਨੀਤੀ ਘੜ ਸਕਣ। ਇਹ ਪਰਦਾਫਾਸ਼ ਜ਼ਰੂਰੀ ਹੈ ਤਾਂ ਕਿ ਲੋਕ ਇਹ ਜਾਣ ਸਕਣ ਕਿ ਧਰਮ ਦੇ ਨਾਂ ‘ਤੇ ਸਾਰੇ ਸੰਤ ਲੋਕਾਂ ਨੂੰ ਤਾਂ ਆਤਮਸੁਧਾਰ ਦੇ ਪ੍ਰਵਚਨ ਦਿੰਦੇ ਹਨ ਪਰ ਆਪਣੀ ਜਿੰਦਗੀ ਵਿੱਚ ਇਹ ਕਦੇ ਵੀ ਇਹਨਾਂ ਪ੍ਰਵਚਨਾਂ ਨੂੰ ਲਾਗੂ ਨਹੀਂ ਕਰਦੇ। ਲੋਕਾਂ ਸਾਹਮਣੇ ਇਹ ਸੱਚਾਈ ਜਾਣੀ ਜ਼ਰੂਰੀ ਹੈ ਕਿ ਬਾਕੀ ਸਰਮਾਏਦਾਰਾਂ ਵਾਂਗ ਇਹ ਸਰਮਾਏਦਾਰ ਸੰਤ ਵੀ ਮੁਨਾਫ਼ੇ ਦੇ ਅੰਨ੍ਹੇ ਭੁੱਖੇ ਹਨ ਅਤੇ ਲੋਕਾਂ ਦੀ ਲੁੱਟ ਨਾਲ਼ ਇਹ ਐਸ਼ ਪ੍ਰਸਤੀ ਦਾ ਜੀਵਨ ਜਿਉਂਦੇ ਹਨ। ਇਹ ਵੀ ਲੋਕਾਂ ਦੇ ਓਨੇ ਹੀ ਵੱਡੇ ਦੁਸ਼ਮਣ ਹਨ ਜਿੰਨੇ ਕਿ ਸਰਮਾਏਦਾਰ ਜਮਾਤ ਦੇ ਹੋਰ ਹਿੱਸੇ। ਧਰਮ ਜੋ ਹਮੇਸ਼ਾਂ ਤੋਂ ਲੁਟੇਰੀਆਂ ਜਮਾਤਾਂ ਦੀ ਸੇਵਾ ਕਰਦਾ ਆਇਆ ਹੈ ਅੱਜ ਸਰਮਾਏਦਾਰੀ ਦੀ ਸੇਵਾ ਕਰ ਰਿਹਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 21, ਅਕਤੂਬਰ 2013 ਵਿਚ ਪ੍ਰਕਾਸ਼ਿ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s