ਆਮ ਆਦਮੀ ਪਾਰਟੀ ਦਾ ਕਾਟੋ ਕਲੇਸ਼ •ਸੰਪਾਦਕੀ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਵਿਧਾਨ ਸਭ ਚੋਣਾਂ ਵਿੱਚ ‘ਆਪ’ ਦੀ ਕਿਆਸੇ ਨਤੀਜਿਆਂ ਨਾਲੋਂ ਬੁਰੇ ਢੰਗ ਨਾਲ਼ ਹਾਰ ਮਗਰੋਂ ਹੁਣ ‘ਆਪ’ ਦੇ ਗੜ• ਮੰਨੇ ਜਾਂਦੇ ਦਿੱਲੀ ਵਿੱਚ ਵੀ ਨਗਰ ਨਿਗਮ ਦੀਆਂ ਚੋਣਾਂ ਵਿੱਚ ‘ਆਪ’ ਦੀ ਬੁਰੀ ਤਰਾਂ ਹਾਰ ਹੋਈ ਹੈ ਤੇ ਭਾਜਪਾ ਦੀ ਜਿੱਤ ਹੋਈ ਹੈ। ਇਹਨਾਂ ਦੋ ਵੱਡੀਆਂ ਹਾਰਾਂ ਮਗਰੋਂ ‘ਆਪ’ ਵਿੱਚ ਆਪਸੀ ਪਾਟੋ-ਧਾੜ ਤੇ ਕਲੇਸ਼ਬਾਜੀ ਹੋਰ ਸਿਖਰ ‘ਤੇ ਪੁੱਜ ਗਈ ਹੈ। ਅਨੇਕਾਂ ਵਿਦਵਾਨਾ, ਕੁੱਝ ਖੱਬੇਪੱਖੀਆਂ ਤੇ ਸਾਬਕਾ ਕਮਿਊਨਿਸਟਾਂ ਨੂੰ ‘ਆਪ’ ਦਾ ਉਭਾਰ ਭਾਰਤੀ ਪਾਰਲੀਮਾਨੀ ਸਿਆਸਤ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਲੱਗ ਰਹੀ ਸੀ ਪਰ ਇਹਨਾਂ ਹਾਰਾਂ ਨੇ ਉਹਨਾਂ ਦੇ ਹਵਾਈ ਸੁਪਨਿਆਂ ਨੂੰ ਧਰਤੀ ‘ਤੇ ਲਿਆ ਕੇ ਪਟਕ ਦਿੱਤਾ ਹੈ। ਜਿਵੇਂ ਕਿ ਪਾਰਲੀਮਾਨੀ ਸਿਆਸਤ ਵਿੱਚ ਆਮ ਹੁੰਦਾ ਹੈ, ਇਹਨਾਂ ਹਾਰਾਂ ਮਗਰੋਂ ਬਹੁਤੇ ਚੋਣ “ਵਿਸ਼ਲੇਸ਼ਕ” ਇਹਨਾਂ ਹਾਰਾਂ ਲਈ ਤਰਾਂ-ਤਰਾਂ ਦੀ ਵਿਆਖਿਆ ਦੇ ਰਹੇ ਹਨ। ਕੁੱਝ ਤਾਂ ਇਸਦਾ ਪੂਰਾ ਠੀਕਰਾ ਲੋਕਾਂ ਦੀ ਕਥਿਤ ਅਨਪੜਤਾ, ਮੂਰਖਤਾ ‘ਤੇ ਭੰਨ ਰਹੇ ਹਨ, ਕੁੱਝ ਵੋਟਿੰਗ ਮਸ਼ੀਨਾਂ ਵਿੱਚ ਹੇਰਾਫੇਰੀ ਨੂੰ ਕਾਰਨ ਵਜੋਂ ਵੇਖਦੇ ਹਨ, ਕੁੱਝ ਗਲਤ ਉਮੀਦਵਾਰਾਂ ਦੀੰ ਚੋਣ ਨੂੰ ਕਾਰਨ ਮੰਨਦੇ ਹਨ ਅਤੇ ਕੁੱਝ ਪਾਰਟੀ ਨੀਤੀਆਂ ਜਾਂ ਫੇਰ ਕੁੱਝ ਵਿਅਕਤੀਆਂ ਵਿੱਚ ਹੀ ਇਸਦੇ ਕਾਰਨ ਲੱਭਣ ਲੱਗੇ ਹੋਏ ਹਨ। ਕੁੱਲ ਮਿਲਾ ਕੇ ਇਹ ਸਾਰੇ ਵਿਸ਼ਲੇਸ਼ਣ ਬੰਦ ਹਨੇਰੇ ਕਮਰੇ ਵਿੱਚ ਟੱਕਰਾਂ ਮਾਰਨਾ ਸਾਬਤ ਹੋ ਰਹੇ ਹਨ।

ਪੰਜਾਬ ਵਿੱਚ 11 ਮਾਰਚ ਦੇ ਚੋਣ ਨਤੀਜੇ ਵਾਲੇ ਦਿਨ ਭਗਵੰਤ ਮਾਨ ਫੇਸਬੁੱਕ ਉੱਪਰ ਲਾਈਵ ਹੋਕੇ ਐਲਾਨ ਕਰਦਾ ਹੈ ਕਿ ਅੱਜ ਦਾ ਦਿਨ ਇਤਿਹਾਸਕ ਹੈ ਤੇ ਅੱਜ ਦੇ ਸੂਰਜ ਨੂੰ ਲੋਕ ਯਾਦ ਰੱਖਣਗੇ। ਪਰ ਚੋਣ ਨਤੀਜਿਆਂ ਵਿੱਚ 100 ਤੋਂ ਵੱਧ ਸੀਟਾਂ ਹਾਸਲ ਕਰਨ ਦਾ ਦਾਅਵਾ ਕਰਨ ਵਾਲੀ ‘ਆਪ’ ਜਦੋਂ ਗਿਣਤੀ ਦੀਆਂ ਸੀਟਾਂ ਉੱਪਰ ਸਿਮਟ ਕੇ ਰਹਿ ਗਈ ਤਾਂ ਭਗਵੰਤ ਮਾਨ ਖੁਦ ਇਤਿਹਾਸ ਬਣ ਗਏ ਤੇ ਮੁੜ ਲੰਮੇ ਸਮੇਂ ਤੱਕ ਕਿਸੇ ਪਾਸੇ ਵੀ ਚਰਚਾ ਵਿੱਚ ਵਿਖਾਈ ਨਾ ਦਿੱਤੇ। ‘ਆਪ’ ਦੇ ਬਹੁਤ ਸਾਰੇ ਨਾਮੀ ਉਮੀਦਵਾਰ ਹਾਰ ਗਏ। ਇਸਤੋਂ ਬਾਅਦ ‘ਆਪ’ ਉੱਪਰ ਪੰਜਾਬ ਵਿੱਚ ਇੱਕ ਸੰਕਟ ਛਾ ਗਿਆ ਹੋ ਹਾਲੇ ਤੱਕ ਟਲਿਆ ਨਹੀਂ ਹੈ। ਹਾਰ ਮਗਰੋਂ ਲੰਮਾ ਸਮਾਂ ਬੀਤਣ ‘ਤੇ ਇਸਦੀ ਕੋਈ ਰੀਵਿਊ ਮੀਟਿੰਗ ਵੀ ਨਹੀਂ ਹੁੰਦੀ, ਪਾਰਟੀ ਹਾਈ ਕਮਾਂਡ ਇਸ ਹਾਰ ਬਾਰੇ ਕੋਈ ਬਿਆਨ ਨਹੀਂ ਦਿੰਦੀ। ਭਗਵੰਤ ਮਾਨ ਪਾਰਟੀ ਉੱਪਰ ਦੋਸ਼ ਮੜ•ਦਾ ਹੈ। ਪਾਰਟੀ ਕਾਰਕੁੰਨਾਂ ਦਾ ਗੁੱਸਾ ਠੰਡਾ ਕਰਨ ਲਈ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ਪੰਜਾਬ ਦੀ ਜਿੰਮੇਵਾਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ। ਨਾਟਕੀ ਢੰਗ ਨਾਲ਼ ਪੰਜਾਬ ਦਾ ਮੁਖੀ ਥਾਪੇ ਗੁਰਪ੍ਰਤੀ ਵੜੈਚ (ਘੁੱਗੀ) ਨੂੰ ਲਾਹ ਕੇ ਨਰਾਜ ਚੱਲ ਰਹੇ ਭਗਵੰਤ ਮਾਨ ਉੱਪਰ ਸ਼ਰਾਬ ਨਾ ਪੀਣ ਦੀ ਸ਼ਰਤ ਲਾ ਕੇ ਉਸਨੂੰ ਪੰਜਾਬ ਮੁਖੀ ਥਾਪਿਆ ਜਾਂਦਾ ਹੈ। ਭਗਵੰਤ ਮਾਨ ਦੇ ਮੁਖੀ ਬਣਨ ‘ਤੇ ਹੀ ਉਸਦੇ ਸ਼ਰਾਬੀ ਹੋਣ ਜਾਂ ਹੋਰ ਕਾਰਨਾਂ ਕਰਕੇ ਉਸਦੇ ਵਿਰੋਧ ਦੀਆਂ ਸੁਰਾਂ ਵੀ ਛਿੜ ਪਈਆਂ ਹਨ। ਇਸਦੇ ਨਾਲ਼ ਹੀ 11 ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਚੱਲ ਰਹੀ ਹੈ, ਗੁਰਪ੍ਰੀਤ ਵੜੈਚ ਦੋਸ਼ ਲਾਉਂਦਾ ਹੋਇਆ ਪਾਰਟੀ ਛੱਡ ਗਿਆ ਹੈ। ਇਹਨਾਂ ਮੁੱਖ ਘਟਨਾਵਾਂ ਵਿੱਚ ਹੀ ਆਪ ਦਾ ਸੰਕਟ ਸਾਫ ਵੇਖਿਆ ਜਾ ਸਕਦਾ ਹੈ ਤੇ ਇਹ ਵੀ ਵੇਖਿਆ ਜਾ ਸਕਦਾ ਹੈ ਕਿ ‘ਆਪ’ ਪਾਰਟੀ ਵੀ ਬਾਕੀ ਪਾਰਟੀਆਂ ਵਰਗੀ ਬਣ ਚੁੱਕੀ ਹੈ।

ਦਿੱਲੀ ਵਿੱਚ ਵੀ ਹਾਲਤਾਂ ਬਹੁਤੀਆਂ ਵੱਖ ਨਹੀਂ ਹਨ। ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੋਟਿੰਗ ਮਸ਼ੀਨਾਂ ‘ਚ ਗੜਬੜ ਦਾ ਅਜਿਹਾ ਬਹਾਨਾ ਲੱਭਿਆ ਗਿਆ ਕਿ ਨਗਰ ਨਿਗਮ ਚੋਣਾਂ ਵਿੱਚ ਹਾਰ ਮਗਰੋਂ ਫੇਰ ਬਹੁਤੇ ਆਗੂਆਂ ਨੇ ਇਸ ਹਾਰ ਨੂੰ ਵੋਟਿੰਗ ਮਸ਼ੀਨਾਂ ਦੀ ਗੜਬੜ ਸਿਰ ਮੜ ਦਿੱਤਾ। ਪਰ ਕੁੱਝ ਦਿਨਾਂ ਮਗਰੋਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਸ ਹਾਰ ਨੂੰ ਕਬੂਲਣਾ ਪਿਆ ਤੇ ਆਪਣੇ ਵੱਲੋਂ ਗਲਤੀਆਂ ਹੋਣ ਦੀ ਗੱਲ ਕਹੀ। ਇਸਤੋਂ ਕੁੱਝ ਦਿਨਾਂ ਮਗਰੋਂ ਹੀ ਪਾਰਟੀ ਵਿੱਚੋਂ ਕਪਿਲ ਮਿਸ਼ਰਾ ਨੇ ਕੇਜਰੀਵਾਲ ਉੱਪਰ 2 ਕਰੋੜ ਰੁਪਏ ਰਿਸ਼ਵਤ ਲੈਣ ਦਾ ਦੋਸ਼ ਲਾਉਂਦੇ ਹੋਏ ਅਸਤੀਫਾ ਦੇ ਦਿੱਤਾ ਤੇ ਇੰਝ ਦਿੱਲੀ ਦਾ ਸਿੰਘਾਸਣ ਵੀ ਡੋਲਣ ਲੱਗਿਆ। ਪੰਜਾਬ ਚੋਣਾਂ ਤੋਂ ਪਹਿਲਾਂ ਵੀ ਪਾਰਟੀ ਵਿੱਚ ਜਿਸ ਤਰਾਂ ਦੀ ਪਾਟੋ-ਧਾੜ, ਖਿੰਡਾਅ, ਦੂਸ਼ਣਬਾਜੀ, ਪੁਰਾਣੇ ਕਾਰਕੁੰਨਾਂ ਦੀ ਨਰਾਜਗੀ ਤੇ ਦੂਜੀਆਂ ਪਾਰਟੀਆਂ ਦੇ ਕੱਢੇ ਲੀਡਰਾਂ ਨੂੰ ਲੈਣ ਤੇ ਉਮੀਦਵਾਰ ਬਣਾਉਣ ਜਾਂ ਫੇਰ ਦਿੱਲੀ ਹਕੂਮਤ ਦੇ ਤਿੰਨ ਸਾਲਾਂ ਦੇ ਤਜਰਬੇ ਤੋਂ ਵੀ ‘ਆਪ’ ਦੀ ਦਸ਼ਾ ਤੇ ਦਿਸ਼ਾ ਨੂੰ ਸਮਝਣਾ ਔਖਾ ਨਹੀਂ ਸੀ।

‘ਆਪ’ ਨੂੰ ਨਵੇਂ ਯੁੱਗ ਦੀ ਸ਼ੁਰੂਆਤ ਮੰਨਣ ਵਾਲਾ ਤਬਕਾ ਹੁਣ ਕਾਫੀ ਨਿਰਾਸ਼ ਵਿਖਾਈ ਦੇ ਰਿਹਾ ਹੈ। ਹੁਣ ਬਹੁਤ ਸਾਰੇ ਆਮ ਲੋਕਾਂ, ਬੁੱਧੀਜੀਵੀਆਂ ਨੇ ਵੀ ਇਹ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ‘ਆਪ’ ਵੀ ਬਾਕੀ ਪਾਰਟੀਆਂ ਵਰਗੀ ਹੀ ਹੈ ਤੇ ਇਸ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਬਹੁਤ ਸਾਰੇ ਕਥਿਤ ਖੱਬੇਪੱਖੀਆਂ ਤੇ ਸਾਬਕਾ ਕਮਿਊਨਿਸਟਾਂ ਨੂੰ ਵੀ ਆਪਣੀ ਪੁਜੀਸ਼ਨ ਬਦਲਣੀ ਪਈ। ‘ਆਪ’ ਦੇ ਇਸ ਹਸ਼ਰ ਨੇ ਸਾਡੇ ਉਸ ਵਿਸ਼ਲੇਸ਼ਣ ਨੂੰ ਸਹੀ ਸਾਬਤ ਕੀਤਾ ਹੈ ਜੋ ਅਸੀਂ ਆਪ ਦੇ ਉਭਾਰ ਦੇ ਵੇਲੇ ਤੋਂ ਹੀ ਰੱਖਦੇ ਆਏ ਹਾਂ। ਜਦੋਂ ਭ੍ਰਿਸ਼ਟਾਚਾਰ ਦੇ ਖਾਤਮੇ ਦੇ ਖੋਖਲੇ ਨਾਹਰੇ ਹੇਠ 2012 ਦੇ ਆਖਰੀ ਮਹੀਨਿਆਂ ‘ਚ ‘ਆਪ’ ਬਣੀ ਤੇ ਭਾਰਤੀ ਪਾਰਲੀਮਾਨੀ ਸਿਆਸਤ ਦੇ ਰੰਗ-ਮੰਚ ‘ਤੇ ਉੱਭਰੀ ਤਾਂ ਬਹੁਤ ਸਾਰੇ ਵਿਦਵਾਨਾਂ, ਬੁੱਧੀਜੀਵੀਆਂ, ਖੱਬੇਪੱਖੀਆਂ ਤੇ “ਸੇਵਾਮੁਕਤ” ਕਮਿਊਨਿਸਟਾਂ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਉਹ ਕੇਜਰੀਵਾਲ ਦੀ ਮਾਲਾ ਜਪਣ ਲੱਗੇ ਸਨ। ਉਸ ਵੇਲੇ ਤੋਂ ਹੀ ਸਾਡਾ ਇਹ ਸਾਫ ਕਹਿਣਾ ਸੀ ਕਿ ਪਾਰਲੀਮਾਨੀ ਸਿਆਸਤ ਵਿੱਚ ਕੇਜਰੀਵਾਲ ਕੋਈ ਨਵਾਂ ਜਾਂ ਵਿਲੱਖਣ ਵਰਤਾਰਾ ਨਹੀਂ ਹੈ। ਇਹ ਮੱਧ-ਵਰਗ ਦੇ ਖੋਖਲੇ ਆਦਰਸ਼ਵਾਦ ਵਿੱਚੋਂ ਪੈਦਾ ਹੋਈ ਲਹਿਰ ਹੈ ਜਿਸਦਾ ਅੰਤਮ ਨਤੀਜਾ ਇਸਦੇ ਖਿੰਡਾਅ ਜਾਂ ਇਸਦੇ ਬਾਕੀ ਪਾਰਟੀਆਂ ਵਾਂਗ ਬਣਨ ਵਿੱਚ ਨਿੱਕਲੇਗਾ। ਸਾਡੇ ਇਸ ਵਿਸ਼ਲੇਸ਼ਣ ਨੂੰ ਇਤਿਹਾਸ ਨੇ ਸਹੀ ਸਾਬਤ ਕੀਤਾ ਹੈ।

ਸਾਡਾ ਇਹ ਵਿਸ਼ਲੇਸ਼ਣ ਕੋਈ ਜੋਤਿਸ਼ੀਆਂ ਵਾਲੀ ਭਵਿੱਖਬਾਣੀ ਨਹੀਂ ਹੈ ਸਗੋਂ ਸਮਾਜ ਦੀ ਠੋਸ ਵਿਗਿਆਨ ਸਮਝ ਦੇ ਅਧਾਰ ‘ਤੇ ਬਣੀ ਇੱਕ ਸਮਝ ਸੀ। ਅਸਲ ਵਿੱਚ ਜਦੋਂ ਵੀ ਪਾਰਲੀਮਾਨੀ ਸਿਆਸਤ ਲਈ ਲੋਕਾਂ ਦੇ ਮੋਹ ਭੰਗ ਹੋਣ ਤੇ ਸਿਰ ਤੋਂ ਪੈਰ ਤੱਕ ਭ੍ਰਿਸ਼ਟ ਹੋਣ ਕਰਕੇ ਬਦਨਾਮ ਹੋਣ ਜਿਹੇ ਸੰਕਟਾਂ ਦਾ ਸਮਾਂ ਆਉਂਦਾ ਹੈ ‘ਆਪ’ ਵਰਗੇ ਖੋਖਲੇ ਆਦਰਸ਼ਵਾਦ ਸਮੇਂ-ਸਮੇਂ ‘ਤੇ ਸਰਮਾਏਦਾਰਾ ਪਾਰਲੀਮਾਨੀ ਸਿਆਸਤ ਵਿੱਚ ਉੱਭਰਦੇ ਰਹੇ ਹਨ ਜੋ ਲੋਕਾਂ ਦਾ ਪਾਰਲੀਮਾਨੀ ਢਾਂਚੇ ਵਿੱਚ ਮੁੜ ਯਕੀਨ ਬੰਨ•ਾਉਣ ਦਾ ਕੰਮ ਕਰਦੇ ਹਨ। ’70ਵਿਆਂ ਦੀ ਜੇਪੀ ਲਹਿਰ ਵੀ ਇਸੇ ਤਰਾਂ ਦਾ ਹੀ ਵਰਤਾਰਾ ਸੀ ਤੇ ਉਸਦਾ ਹਸ਼ਰ ਵੀ ਸਭ ਦੇ ਸਾਹਮਣੇ ਹੈ। ਆਪ ਜਿਸ ਤਰਾਂ ਅੱਨਾ ਹਜਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਤੋਂ ਸ਼ੁਰੂ ਹੋ ਕੇ ਪਾਰਲੀਮਾਨੀ ਸਿਆਸਤ ਦੇ ਮੰਚ ‘ਤੇ ਆਈ ਸੀ ਤੇ ਦਿੱਲੀ ਦੀਆਂ ਚੋਣਾਂ ਸਮੇਂ ਜਿਸ ਤਰਾਂ ਦੀਆਂ ਲੋਕ-ਲੁਭਾਊ ਤੇ ਕੁੱਝ ਆਪਾ ਵਿਰੋਧੀ ਵਾਅਦੇ ਪਾਰਟੀ ਕਰ ਰਹੀ ਸੀ ਉਸਤੋਂ ਹੀ ਇਸਦਾ ਭਵਿੱਖ ਤੈਅ ਹੋ ਗਿਆ ਸੀ। ਦੂਜੀ ਗੱਲ, ਪੰਜਾਬ ਹੋਵੇ ਜਾਂ ਦਿੱਲੀ, ਹਰ ਥਾਂ ‘ਆਪ’ ਦੇ ਉਭਾਰ ਦਾ ਇੱਕ ਅਹਿਮ ਕਾਰਨ ਲੋਕਾਂ ਦਾ ਬਾਕੀ ਪਾਰਲੀਮਾਨੀ ਪਾਰਟੀਆਂ ਤੋਂ ਮੋਹ ਭੰਗ ਹੋਣ ਸੀ।

ਇਸੇ ਸਮਝ ਦੇ ਅਧਾਰ ‘ਤੇ ਅਸੀਂ ਕਹਿੰਦੇ ਹਾਂ ਕਿ ਲੋਕਾਂ ਨੂੰ ਮੂਰਖ ਕਹਿਣ, ਵੋਟਿੰਗ ਮਸ਼ੀਨਾਂ ਵਿੱਚ ਹੇਰਾਫੇਰੀ ਦਾ ਰੌਲਾ ਪਾਉਣ ਜਾਂ ਫੇਰ ਗਲਤ ਉਮੀਦਵਾਰਾਂ, ਕੁੱਝ ਪਾਰਟੀ ਨੀਤੀਆਂ ਜਾਂ ਫੇਰ ਕੁੱਝ ਵਿਅਕਤੀਆਂ ਵਿੱਚੋਂ ‘ਆਪ’ ਦੇ ਇਸ ਹਸ਼ਰ ਦਾ ਕਾਰਨ ਲੱਭਣ ਵਾਲੇ ਸਾਰੇ ਵਿਸ਼ਲੇਸ਼ਣ ਬੰਦ ਹਨੇਰੇ ਕਮਰੇ ਵਿੱਚ ਟੱਕਰਾਂ ਮਾਰਨਾ ਸਾਬਤ ਹੋ ਰਹੇ ਹਨ ਕਿਉਂਕਿ ‘ਆਪ’ ਖੁਦ ਅਜਿਹੇ ਅਧਾਰ ‘ਤੇ ਖੜੀ ਹੈ ਜਿੱਥੇ ਅਜਿਹੀਆਂ ਸਮੱਸਿਆਵਾਂ ਅਟੱਲ ਹਨ ਤੇ ਇਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ।

ਆਪਣੀ ਅਸਫਲਤਾ ਦੇ ਬਾਵਜੂਦ ਭਾਰਤੀ ਸਰਮਾਏਦਾਰਾ ਪਾਰਲੀਮਾਨੀ ਸਿਆਸਤ ਨੂੰ ‘ਆਪ’ ਕਾਫੀ ਰਾਸ ਆਈ ਹੈ। ਲੋਕਾਂ ਦੇ ਬਾਕੀ ਪਾਰਟੀਆਂ ਤੋਂ ਅੱਕਣ ਕਰਕੇ ਲੋਕਾਂ ਦਾ ਜੋ ਪਾਰਲੀਮਾਨੀ ਸਿਆਸਤ ਤੋਂ ਮੋਹ-ਭੰਗ ਹੋਇਆ ਸੀ ਉਸਨੂੰ ‘ਆਪ’ ਨੇ ਫੇਰ ਲੋਕਾਂ ਦੀ ਦਿਲਚਸਪੀ ਦਾ ਮੁੱਦਾ ਬਣਾਉਣ ਵਿੱਚ ਇੱਕ ਭੂਮਿਕਾ ਨਿਭਾਈ ਹੈ। ਆਪਣੇ ਸ਼ੁਰੂਆਤੀ ਵਿਸ਼ਲੇਸ਼ਣ ਵਿੱਚ ਅਸੀਂ ਇਹ ਵੀ ਕਿਹਾ ਸੀ ਕਿ ‘ਆਪ’ ਜੋ ਖੋਖਲੇ ਵਾਅਦੇ ਲੋਕਾਂ ਨਾਲ਼ ਕਰ ਰਹੀ ਹੈ ਤੇ ਜੋ ਆਦਰਸ਼ ਖੜੇ ਕਰ ਰਹੀ ਹੈ ਉਹਨਾਂ ਨੇ ਪੂਰੇ ਨਹੀਂ ਹੋਣਾ, ਇਹਨਾਂ ਦੇ ਟੁੱਟਣ ਮਗਰੋਂ ਲੋਕਾਂ ਵਿੱਚ ਜੋ ਨਿਰਾਸ਼ਾ ਆਵੇਗੀ ਉਹ ਫਾਸੀਵਾਦੀ ਤਾਕਤਾਂ ਨੂੰ ਮਜਬੂਤ ਕਰਨ ਦਾ ਹੀ ਕੰਮ ਕਰੇਗੀ। ਭਾਰਤ ਵਿੱਚ ਭਾਜਪਾ ਦੀ ਵਧ ਰਹੀ ਧੁੱਸ ਤੇ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੀ ਜਿੱਤ ਇਸ ਗੱਲ ਨੂੰ ਹੀ ਸਾਬਤ ਕਰਦੀ ਹੈ। ਆਮ ਲੋਕ ਹੀ ਨਹੀਂ ਖੁਦ ਪਾਰਟੀ ਦਾ ਇੱਕ ਹਿੱਸਾ ਵੀ ਇਹ ਸੋਚ ਰਿਹਾ ਹੈ ਕਿ ‘ਆਪ’ ਦੇ ਖੋਖਲੇ ਆਦਰਸ਼ਾਂ ਨਾਲ਼ ਨਹੀਂ ਸਗੋਂ ਮੋਦੀ ਦੇ ਦ੍ਰਿੜ, ਕਠੋਰ ਤੇ ਬੇਰਹਿਮ ਫੈਸਲਿਆਂ ਨਾਲ਼ ਹੀ ਸੱਤ•ਾ ਚਲਾਈ ਜਾ ਸਕਦੀ ਹੈ, ਮਤਲਬ ਸੱਤਾ ਆਦਰਸ਼ਾਂ ਤੇ ਲੋਕਾਂ ਵਿੱਚ ਭਰੋਸੇ ਨਾਲ਼ ਨਹੀਂ ਸਗੋਂ ਡੰਡੇ ਦੇ ਜੋਰ ‘ਤੇ ਹੀ ਚੱਲ ਸਕਦੀ ਹੈ।

‘ਆਪ’ ਦੇ ਇਸ ਹਸ਼ਰ ਨੇ ਇਸ ਗੱਲ ਉੱਪਰ ਵੀ ਮੋਹਰ ਲਾਈ ਹੈ ਕਿ ਮੌਜੂਦਾ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਨਹੀਂ ਸਗੋਂ ਸਮੁੱਚੇ ਸਮਾਜਿਕ ਪ੍ਰਬੰਧ ਨੂੰ ਬਦਲਣ ਦੀ ਲੋੜ ਹੈ। ਸਮਾਜਿਕ ਪ੍ਰਬੰਧ ਨੂੰ ਬਦਲਣ ਦਾ ਇਹ ਕਾਰਜ ਕਦੇ ਵੀ ਪਾਰਲੀਮਾਨੀ ਸਿਆਸਤ ਰਾਹੀਂ ਨਹੀਂ ਹੋ ਸਕਦਾ ਕਿਉਂਕਿ ਪਾਰਲੀਮਾਨੀ ਸਿਆਸਤ ਤਾਂ ਖੁਦ ਇਸ ਸਮਾਜਿਕ ਪ੍ਰਬੰਧ ਦਾ ਇੱਕ ਅਹਿਮ ਅੰਗ ਹੈ। ਅਜਿਹੀ ਸਮਾਜਿਕ ਤਬਦੀਲੀ ਇੱਕ ਇਨਕਲਾਬੀ ਪ੍ਰਕਿਰਿਆ ਰਾਹੀਂ ਹੀ ਹੋ ਸਕਦੀ ਹੈ ਅਤੇ ਅਜਿਹੇ ਇਨਕਲਾਬ ਲਈ ਕਿਰਤੀ ਲੋਕਾਂ ਦੀ ਵਿਸ਼ਾਲ ਤਾਕਤ ਦਾ ਸਰਗਰਮ ਢੰਗ ਨਾਲ਼ ਮਜ਼ਦੂਰ ਜਮਾਤ ਦੀ ਅਗਵਾਈ ਵਾਲੀ ਇੱਕ ਇਨਕਲਾਬੀ ਪਾਰਟੀ ਹੇਠ ਜਥੇਬੰਦ ਹੋਣਾ ਜਰੂਰੀ ਹੈ ਜਿਸਦਾ ਉਦੇਸ਼ ਹੀ ਸਮੁੱਚੇ ਸਮਾਜਿਕ ਪ੍ਰਬੰਧ ਨੂੰ ਬਦਲਣਾ ਹੋਵੇ।

– 10 ਮਈ, 2017

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ

 

Advertisements