ਅੱਜ ਵੀ ਅਫਗਾਨਿਸਤਾਨ ਸੰਸਾਰ ‘ਚ ਔਰਤਾਂ ਲਈ ਸਭ ਤੋਂ ਖਤਰਨਾਕ ਕਿਹਾ ਜਾਣ ਵਾਲ਼ਾ ਦੇਸ਼ ਹੈ •ਬਿੰਨੀ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਔਰਤਾਂ ਦਾ ਸਰੀਰਕ (ਜੈਵਿਕ) ਵਿਕਾਸ ਮਰਦਾਂ ਨਾਲ਼ੋਂ ਵੱਖਰੇ ਢੰਗ ਨਾਲ਼ ਹੋਇਆ ਹੈ। ਪਰ ਕੀ ਸਿਰਫ ਇਹ ਲੋੜੀਂਦਾ ਕਾਰਨ ਹੈ ਕਿ ਮਰਦਾਂ ਨੂੰ ਇਹ ਹੱਕ ਦੇ ਦਿੱਤਾ ਜਾਵੇ ਕਿ ਔਰਤਾਂ ਨੂੰ ਸਦੀਆਂ ਤੋਂ ਗੁਲਾਮ ਬਣਾਈ ਰੱਖਿਆ ਜਾਵੇ?  ਗੁਲਾਮੀ, ਜੋ ਅਜੇ ਵੀ ਪਿੱਤਰਸੱਤਾ ਦੇ ਰੂਪ ‘ਚ ਕਾਇਮ ਹੈ। ਵਿਗਿਆਨ ਕਹਿੰਦਾ ਹੈ ਕਿ ਦੋਵੇਂ ਜੀਵਾਂ ਦੇ ਸੁਮੇਲ ਤੋਂ ਬਿਨਾਂ ਮਨੁੱਖ ਜਾਤੀ ਅੱਗੇ ਨਹੀਂ ਵਧ ਸਕਦੀ। ਫਿਰ ਇੱਕ ਦਾ ਉੱਚ ਹੋਣਾ ਦੂਜੇ ਦਾ ਗੌਣ ਹੋਣਾ ਕਿੱਥੋਂ ਜਾਇਜ ਹੈ? ਅੱਜ ਮਨੁੱਖੀ ਸਮਾਜ ਮੁੱਢ ਕਦੀਮੀ, ਗੁਲਾਮਦਾਰੀ ਤੇ ਜਗੀਰਦਾਰੀ ਦੇ ਦੌਰ ‘ਚੋਂ ਲੰਘ ਕੇ ਸਰਮਾਏਦਾਰੀ ਦੇ ਦੌਰ ‘ਚ ਦਾਖਲ ਹੋ ਚੁੱਕਿਆ ਹੈ, ਪਰ ਅੱਜ ਵੀ ਔਰਤਾਂ ਦੀ ਸਥਿਤੀ ਦੂਜੇ ਦਰਜੇ ਦੀ ਹੀ ਬਣੀ ਹੋਈ ਹੈ। ਅੱਜ ਵੀ ਸਮਾਜ ‘ਚ ਪਿੱਤਰਸੱਤਾ ਦੀ ਜੜਾਂ ਡੂੰਘੀਆਂ ਪਈਆਂ ਹਨ। ਸਰਮਾਏਦਾਰੀ ਸਮਾਜ ਜਿੱਥੇ ਸਦਾ ਮੁਨਾਫੇ ਦੀ ਦੌੜ ਲੱਗੀ ਰਹਿੰਦੀ ਹੈ ਉੱਥੇ ਔਰਤ ਨੂੰ ਵੀ ਇਸ਼ਤਿਹਾਰਾਂ, ਫਿਲਮਾਂ ਤੇ ਗੀਤਾਂ ਆਦਿ ਰਾਹੀਂ ਜਿਣਸ ਬਣਾ ਕੇ ਸ਼ਰ੍ਹੇਆਮ ਸੰਸਾਰ ਮੰਡੀ ‘ਚ ਵੇਚਿਆ ਜਾਂਦਾ ਹੈ। ਪੋਰਨੋਗਰਾਫੀ ਵਰਗੀ ਔਰਤ ਵਿਰੋਧੀ ਬਿਮਾਰੀ ਵੀ ਸਰਮਾਏਦਾਰੀ ਦੀ ਹੀ ਪੈਦਾਵਾਰ ਹੈ। ਕਿਹਾ ਜਾ ਸਕਦਾ ਹੈ ਕਿ ਸੰਸਾਰ ਦੀਆਂ ਬਦਲਦੀ ਹਾਲਤਾਂ ‘ਚ ਕਿਤੇ ਵੀ ਔਰਤਾਂ ਨੂੰ ਅਜੇ ਵੀ ਮਰਦਾਂ ਦਾ ਬਰਾਬਰ ਦਾ ਮਹਤੱਵ ਨਹੀਂ ਮਿਲ਼ ਰਿਹਾ।

ਸੰਸਾਰ ‘ਚ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਔਰਤਾਂ ਨੂੰ ਬਰਾਬਰ ਦੇ ਹੱਕ ਤਾਂ ਦੂਰ ਉਹਨਾਂ ਦੀ ਜ਼ਿੰਦਗੀ ਹਰ ਵੇਲ਼ੇ ਸਵਾਲ ਬਣੀ ਰਹਿੰਦੀ ਹੈ। ਅਫਗਾਨਿਸਤਾਨ, ਜਿੱਥੇ ਅੱਜ ਤਾਲੀਬਾਨ ਦੀ ਹਕੂਮਤ ਨੂੰ ਢਹਿ ਢੇਰੀ ਹੋਏ 14 ਸਾਲ ਬੀਤ ਚੁੱਕੇ ਹਨ ਤੇ ਹੁਣ ਅਮਰੀਕੀ ਸਾਮਰਾਜ ਦੀ ਸੱਤਾ ਸਥਾਪਿਤ ਹੈ, ਨੂੰ ਥੋਮਪਸਨ ਰੀਉਟਰਸ ਫਾਉਡੇਸ਼ਨ ਮੁਤਾਬਕ ਔਰਤਾਂ ਦੇ ਜੰਮਣ ਲਈ ਸਭ ਤੋਂ ਖਤਰਨਾਕ ਦੇਸ਼ ਐਲਾਨਿਆ ਗਿਆ ਹੈ। ਆਓ ਉੱਥੇ ਔਰਤਾਂ ਦੀ ਸਥਿਤੀ ਨੂੰ ਥੋੜਾ ਹੋਰ ਤੱਥਾਂ ਰਾਹੀਂ ਜਾਣਦੇ ਹਾਂ :

1. ਗਲੋਬਲ ਰਾਈਟਸ ਦੀ ਰਿਪੋਰਟ ਦੱਸਦੀ ਹੈ ਕਿ ਅਫਗਾਨਿਸਤਾਨ ‘ਚ 10 ‘ਚੋਂ 9 ਔਰਤਾਂ ਨੂੰ ਸਰੀਰਕ, ਮਾਨਸਿਕ ਜਾਂ ਲਿੰਗਕ ਹਿੰਸਾਂ, ਜਾਂ ਜਬਰਦਸਤੀ ਵਿਆਹ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਜਿਆਦਾਤਰ ਮਸਲਿਆ ‘ਚ ਇਹ ਘਟਨਾਵਾਂ ਉਹਨਾਂ ਦੇ ਪਰਿਵਾਰ ‘ਚ ਹੀ ਵਾਪਰਦੀਆਂ ਹਨ।

2. ਅਨਪੜ੍ਹਤਾ ਸਾਡੇ ਸਮਾਜ ‘ਚ ਔਰਤਾਂ ਨੂੰ ਪਿੱਤਰਸੱਤਾ ਦੇ ਦਾਬੇ ‘ਚ ਰੱਖਣ ਦਾ ਇੱਕ ਵੱਡਾ ਕਾਰਨ ਹੈ ਤੇ ਅਫਗਾਨਿਸਤਾਨ ‘ਚ ਔਰਤਾਂ ਦੀ ਪੜ੍ਹਾਈ ਨੂੰ ਕੋਈ ਜਰੂਰੀ ਨਹੀਂ ਸਮਝਿਆ ਜਾਂਦਾ। ਇਸ ਲਈ ਹੀ ਉੱਥੇ 85% ਔਰਤਾਂ ਰਸਮੀ ਸਿੱਖਿਆ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। 40% ਔਰਤਾਂ ਐਲੀਮੈਂਟਰੀ ਸਕੂਲ ਜਾ ਪਾਉਂਦੀਆਂ ਹਨ ਤੇ ਹਰ 20 ‘ਚੋਂ ਇੱਕ ਕੁੜੀ ਹੀ ਛੇਵੀਂ ਜਮਾਤ ਦੇ ਸਕੂਲ ਜਾ ਪਾਉਂਦੀ ਹੈ।

3. ਉਥੇ 60% ਔਰਤਾਂ ਦਾ ਵਿਆਹ 16 ਸਾਲਾਂ ਦੀ ਉਮਰ ‘ਚ ਕਰ ਦਿੱਤਾ ਜਾਂਦਾ ਹੈ, ਉਹ ਵੀ 80% ਜ਼ਬਰਦਸਤੀ ਜਾਂ ਤੈਅਸ਼ੁਦਾ ਵਿਆਹ ਹੀ ਹੁੰਦੇ ਹਨ।

4. ਔਰਤਾਂ ਵਿੱਚ ਗਰਭ ਸਮੇਂ ਤੇ ਬੱਚੇ ਨੂੰ ਜਨਮ ਦੇਣ ਸਮੇਂ 1 ਲੱਖ ਪਿੱਛੇ 460 ਮੌਤਾਂ ਹੋ ਜਾਂਦੀਆਂ ਹਨ।

5. ਉੱਥੇ ਔਰਤਾਂ ਦੀ ਔਸਤ ਉਮਰ 51 ਸਾਲ ਹੀ ਹੈ।

6. ਹਫਤਾਵਾਰੀ ਅਖ਼ਬਾਰ ਦਾ ਡੇਲੀ ਬੀਟਸ (2011) ਨੇ 165 ਦੇਸ਼ਾਂ ਦਾ ਸਰਵੇਖਣ ਕੀਤਾ ਤੇ ਅਫਗਾਨਿਸਤਾਨ ਨੂੰ ਔਰਤਾਂ ਲਈ ਸਭ ਤੋਂ ਭਿਅੰਕਰ ਸਿੱਧ ਕੀਤਾ ਹੈ। ਹੇਠ ਲਿਖੇ ਅੰਕੜੇ ਅਫਗਾਨਿਸਤਾਨ ਤੇ ਇਰਾਨ (ਗੁਆਂਢੀ ਮੁਲਕ) ਦੀ ਵੱਖ-ਵੱਖ ਮਸਲਿਆਂ ‘ਤੇ ਔਰਤਾਂ ਦੀ ਜੋ ਹਾਲਤ ਹੈ, ਬਿਆਨ ਕਰਦੇ ਹਨ :

                  ਅਫਗਾਨਿਸਤਾਨ                    ਇਰਾਨ (ਗੁਆਂਢੀ ਮੁਲਕ)
ਨਿਆਂ ਸਬੰਧੀ               8.4%                               54.9%
ਸਿਹਤ ਸਬੰਧੀ               2.0%                               77.9%
ਸਿੱਖਿਆ ਸਬੰਧੀ            41.1%                              76.8%
ਆਰਥਿਕ ਹਾਲਤ           55.3%                              62.2%
ਰਾਜਨੀਤੀ ਸਬੰਧੀ          16.6%                           12.1%

7. ਅਫਗਾਨਿਸਤਾਨ ਧਾਰਮਿਕ ਕੱਟੜ ਦੇਸ਼ ਹੋਣ ਕਰਕੇ ਇੱਥੇ ਦਾ ਧਰਮ ਵੀ ਔਰਤਾਂ ਨੂੰ ਘਰਾਂ ‘ਚ ਰਹਿਣ ਯੋਗ ਤੇ ਬੱਚੇ ਪੈਦਾ ਕਰਨ ਵਾਲ਼ੀ ਮਸ਼ੀਨ ਹੀ ਮੰਨਦਾ ਹੈ। ਇਸਲਾਮ ਧਰਮ ‘ਚ ਔਰਤਾਂ ਦੇ ਬਿਨਾਂ ਬੁਰਕੇ ਦੇ ਇੱਕਲੇ ਬਾਹਰ ਜਾਣ (ਉਹਨਾਂ ਨਾਲ਼ ਕੋਈ ਮਰਦ ਹੋਣਾ ਜਰੂਰੀ ਹੈ), ਉਹਨਾਂ ਨੂੰ ਅਪਣੀ ਤਸਵੀਰ ਖਿਚਾਉਣ, ਕਿਸੇ ਮਰਦ ਡਾਕਟਰ ਤੋਂ ਇਲਾਜ ਕਰਾਉਣ ‘ਤੇ ਪਾਬੰਦੀ ਲਾਉਂਦਾ ਹੈ ਤੇ ਇਸਲਾਮ ਧਰਮ ਔਰਤਾਂ ਦਾ ਪਤੀ ਦੁਆਰਾ ਕੀਤੀ ਗਈ ਹਿੰਸਾ ਤੇ ਪਤਨੀ ਦੇ ਸਰੀਰ ‘ਤੇ ਉਹਦੇ ਹੱਕ ਨੂੰ ਤੇ ਪਤੀ ਦੁਆਰਾ ਉਸਦੇ ਸਰੀਰ ਦਾ ਕਿਸੇ ਵੀ ਤਰ੍ਹਾਂ ਇਸਤੇਮਾਲ ਕਰਨ ਨੂੰ ਜਾਇਜ ਮੰਨਦਾ ਹੈ। (ਸੁਰਾ ਕੁਰਾਨ ਦੇ 2.223, 2.288, 4.129 ਪਾਠ ‘ਚ ਦਰਜ ਦਲੀਲਾਂ ਮੁਤਾਬਕ)

8. ਭਾਵੇਂ ਅਫਗਾਨਿਸਤਾਨ ਮੁਲਕ ਦੇ ਨਾਲ਼ 16 ਅਜਿਹੇ ਕੇਂਦਰ ਹਨ ਜੋ ਅਜ਼ਾਦਾਨਾਂ ਤੌਰ ‘ਤੇ ਘਰ ਪਰਿਵਾਰ ਤੋਂ ਬੇਵਸ ਜਾਂ ਛੱਡ ਕੇ ਆਈਆਂ ਔਰਤਾਂ ਨੂੰ ਉੱਥੇ ਰਹਿਣ ਦੀ ਥਾਂ ਦਿੰਦੇ ਹਨ ਤੇ ਉਹਨਾਂ ਦੀ ਕਨੂੰਨੀ ਮਦਦ ਵੀ ਕਰਦੇ ਹਨ। ਪਰ ਬਹੁਤ ਥੋੜੀਆਂ ਔਰਤਾਂ ਹੀ ਉੱਥੇ ਪਹੁੰਚ ਪਾਂਦੀਆਂ ਹਨ ਤੇ ਰਾਜਨੀਤਕ ਪਾਰਟੀਆਂ ਲਗਾਤਾਰ ਅਜਿਹੀਆਂ ਸੰਸਥਾਵਾਂ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ਾਂ ‘ਚ ਰਹਿੰਦੀਆਂ ਹਨ । ਪਰ ਜੇ ਆਪਾਂ ਸਰਮਾਏਦਾਰੀ ਢਾਂਚੇ ਦੇ ਕਨੂੰਨ ਦੀ ਗੱਲ ਕਰੀਏ ਤਾਂ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਇਹ ਆਪ ਵੀ ਪਿੱਤਰਸੱਤਾ ਦਾ ਰਖਵਾਲਾ ਹੈ। 2014 ‘ਚ ਅਫਗਾਨਿਸਤਾਨ ਦੇ ਪ੍ਰਧਾਨ ਮੰਤਰੀ ਜੀ ਧਾਰਾ 132 ਤਹਿਤ ਔਰਤਾਂ ਦਾ ਅਪਣੇ ਪਤੀ ਦੀ ਸੈਕਸੂਅਲ ਮੰਗਾਂ ਦੀ ਪਾਲਣਾ ਕਰਨ ਨੂੰ ਔਰਤਾਂ ਦਾ ਫਰਜ ਦੱਸਣਾ ਠੀਕ ਮੰਨਦੇ ਹਨ। ਦੂਜਾ ਇੱਥੇ ਤਲਾਕ ਲੈਣ ਲਈ ਸ਼ਰੀਆ (sharia) ਕਨੂੰਨ ਮੁਤਾਬਕ ਔਰਤਾਂ ਦੀ ਗਵਾਹੀ ਮਰਦਾਂ ਨਾਲ਼ੋਂ ਅੱਧ ਦੀ ਕਦਰ ਹੀ ਰੱਖਦੀ ਹੈ, ਭਾਵ ਕਿ ਜਿਆਦਾਤਰ ਮਸਲਿਆ ‘ਚ ਤੁਸੀਂ ਅਪਣੇ ਆਪ ਨੂੰ ਸਹੀ ਸਾਬਿਤ ਕਰ ਸਕਦੇ ਹੋ ਕਿਉਂਕਿ ਤੁਸੀਂ ਮਰਦ ਹੋ। ਤੀਸਰਾ, ਔਰਤ ਨੂੰ ਜੇ ਤਲਾਕ ਮਿਲ਼ਦਾ ਵੀ ਹੈ ਤਾਂ ਜੇ ਮਾਂ ਅਪਣੇ ਬੱਚੇ ਨਾਲ਼ ਰਹਿਣਾ ਚਾਹੇ ਤਾਂ ਕਨੂੰਨ ਉਹਨੂੰ ਇਹ ਹੱਕ ਨਹੀਂ ਦਿੰਦਾ ਤੇ ਬੱਚਾ ਪਿਤਾ ਜਾਂ ਉਸਦੇ ਪਰਿਵਾਰ ਕੋਲ਼ ਹੀ ਰਹਿੰਦਾ ਹੈ। ਇਸ ਢਾਂਚੇ ‘ਚ ਤੁਸੀਂ ਕਨੂੰਨ ਤੋਂ ਕੀ ਉਮੀਦ ਰੱਖ ਸਕਦੇ ਹੋ।

ਇਹ ਤਾਂ ਕੁਝ ਤੱਥ ਹੀ ਹਨ ਜੋ ਤੁਹਾਡੇ ਸਾਹਮਣੇ ਹਨ, ਉੱਥੇ 10 ‘ਚੋਂ ਹਰ 9 ਔਰਤਾਂ ਹਿੰਸਾ ਦੀਆਂ ਸ਼ਿਕਾਰ ਹੁੰਦੀਆਂ ਹਨ ਤੇ ਹਰ ਇੱਕ ਦੀ ਅਪਣੀ ਪੀੜਾ। ਦੇਖਿਆ ਜਾਵੇ ਤਾਂ ਉੱਥੇ ਔਰਤਾਂ ਗੁਲਾਮੀ ਭਰਿਆ ਭਿਅੰਕਰ ਜੀਵਨ ਜੀ ਰਹੀਆਂ ਹਨ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਜੋ ਸਦੀਆਂ ਤੋਂ ਗੁਲਾਮੀ ਅਸੀਂ ਪੀੜ੍ਹੀ ਦਰ ਪੀੜ੍ਹੀ ਝੱਲਦੇ ਆ ਰਹੇ ਹਾਂ ਇਸ ਨੂੰ ਬਰਕਰਾਰ ਰੱਖਿਆ ਜਾਵੇ ਜਾਂ ਵਰਤਮਾਨ ਨੂੰ ਚੰਗਾ ਬਣਾਇਆ ਜਾਵੇ ਤੇ ਭਵਿੱਖ ਦੀ ਔਰਤ ਲਈ ਇੱਕ ਗੁਲਾਮੀ ਰਹਿਤ ਸਮਾਜ ਸਿਰਜਿਆ ਜਾਵੇ। ਇਸ ਲਈ ਅੱਜ ਔਰਤ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਸਾਡੇ ‘ਚ ਹਮੇਸ਼ਾ ਸਮੂਹਿਕਤਾ ਦੀ ਕਮੀ ਰਹੀ ਹੈ। ਔਰਤ ਨੂੰ ਔਰਤ ਬਣੇ ਰਹਿਣ ਦੀ ਪ੍ਰੰਪਰਾ ਨੂੰ ਤੋੜਣਾ ਪਵੇਗਾ, ਜਿਸਦੀ ਉਹ ਖੁਦ ਵੀ ਵਾਹਕ ਹੈ ਉਸ ਨੂੰ ਅੱਗੇ ਆਉਣ ਵਾਲ਼ੀ ਔਰਤ ਨੂੰ ਕਿਸੇ ਪਿਤਾ, ਪਤੀ ਜਾਂ ਭਰਾ ਦੇ ਸਾਏ ਤੋਂ ਮੁਕਤ ਇੱਕ ਮਨੁੱਖ ਵਾਂਗ ਵਿਚਰਨਾ ਸਿਖਾਉਣਾ ਪਏਗਾ, ਅਪਣਾ ਸਮਾਜਿਕ ਤੇ ਆਰਥਿਕ ਅਧਾਰ ਮਰਦਾਂ ਦੇ ਬਰਾਬਰ ਖੜਾ ਕਰਨਾ ਪਏਗਾ। ਅੱਜ ਜਿਸ ਸਮਾਜ ‘ਚ ਅਸੀਂ ਰਹਿ ਰਹੇ ਹਾਂ ਇੱਥੇ ਕਨੂੰਨ ਤਾਂ ਹੱਕ ਦਿੰਦਾ ਹੈ ਕਿ ਔਰਤਾਂ ਵੀ ਮਰਦਾਂ ਵਾਂਗ ਬਰਾਬਰ ਹਨ, ਪਰ ਅਸਲ ‘ਚ ਇਹ ਔਰਤ ਵਿਰੋਧੀ ਮਾਨਸਿਕਤਾ ਦਾ ਆਪ ਬਹੁਤ ਵੱਡਾ ਪ੍ਰਚਾਰਕ ਹੈ, ਇਹ ਤੁਹਾਡਾ ਸੱਭਿਆਚਾਰ, ਧਰਮ, ਰੀਤੀ ਰਿਵਾਜ ਤੇ ਲਿੰਗ ਸਭ ਵਰਤਦਾ ਹੈ ਅਪਣੀ ਹਕੂਮਤ ਬਣਾਏ ਰੱਖਣ ਲਈ। ਪਰ ਜੇ ਮੰਨ ਲਈਏ ਕਨੂੰਨ ਹੱਕ ਦੇ ਵੀ ਦੇਵੇ ਪਰ ਤਾਂ ਵੀ ਅੱਜ ਲੋਕਾਂ ਲਈ ਬਣਾਈ ਗਈ ਨੈਤਿਕਤਾ, ਸਮਾਜਿਕ ਵਿਹਾਰ ਔਰਤਾਂ ਦੇ ਰਾਹ ‘ਚ ਰੁਕਾਵਟ ਬਣਦੀ ਹੈ। ਇਸ ਲਈ ਔਰਤਾਂ ਨੂੰ ਖੁਦ ਅਪਣੀ ਮੁਕਤੀ ਦਾ ਰਾਹ ਲੱਭਣਾ ਪਏਗਾ ਜੋ ਇਸ ਪਿੱਤਰਸੱਤਾ ਤੇ ਸਰਮਾਏਦਾਰੀ ਦਾ ਜੜੋਂ ਖਾਤਮਾ ਕਰਕੇ ਹੀ ਮਿਲ਼ ਸਕਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਅੰਕ 57, 1 ਜੁਲਾਈ ਤੇ 16 ਜੁਲਾਈ 2016 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਤ

Advertisements