23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ‘ਸ਼ਹਾਦਤ ਦਿਵਸ ਸਮਾਗਮ’ ਦਾ ਆਯੋਜਨ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

20 ਮਾਰਚ ਦੀ ਸ਼ਾਮ ਲੁਧਿਆਣਾ ਵਿਖੇ ਮਜ਼ਦੂਰ ਲਾਈਬ੍ਰੇਰੀ, ਈ.ਡਬਲਿਊ.ਐਸ. ਕਲੋਨੀ ਵਿਖੇ ਮਹਾਨ ਇਨਕਲਾਬੀ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸਮਰਪਿਤ ‘ਸ਼ਹਾਦਤ ਦਿਵਸ ਸਮਾਗਮ’ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਵੱਲ਼ੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ‘ਤੇ ਵੱਖ-ਵੱਖ ਲੋਕ ਆਗੂਆਂ ਨੇ ਕਿਹਾ ਕਿ ਇਨਕਲਾਬੀ ਸ਼ਹੀਦਾਂ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਇਹ ਸਮਾਗਮ ਕੋਈ ਕਰਮ-ਕਾਂਡ ਨਹੀਂ ਹੈ। ਚੰਗੇ ਸਮਾਜ ਦੀ ਉਸਾਰੀ ਦਾ ਇਨਕਲਾਬੀਆਂ ਦਾ ਸੁਪਨਾ ਅਜੇ ਵੀ ਅਧੂਰਾ ਹੈ। ਬਦਤਰ ਹਾਲਤਾਂ ਤੋਂ ਅਜ਼ਾਦੀ ਦੀ ਲੜਾਈ ਅਜੇ ਵੀ ਜਾਰੀ ਹੈ। ਅੱਜ ਦੇ ਹਨੇਰੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਜੀਵਨ ਅਤੇ ਵਿਚਾਰਾਂ ਤੋਂ ਪ੍ਰੇਰਣਾ ਲੈ ਕੇ ਹੀ ਇਨਕਲਾਬੀ ਸ਼ੰਘਰਸ਼ ਅੱਗੇ ਵੱਧ ਸਕਦਾ ਹੈ। ਇਸ ਮੌਕੇ ‘ਤੇ ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਇਨਕਲਾਬੀ ਨਾਟਕਾਂ ਅਤੇ ਗੀਤਾਂ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸੰਘ ਪਰਿਵਾਰ ਦੇ ਫਿਰਕੂ ਫਾਸੀਵਾਦ ਦੇ ਮਸਲੇ ‘ਤੇ ਬਣੀ ਦਸਤਾਵੇਜ਼ੀ ਫਿਲਮ ‘ਜਿਨਹੇਂ ਨਾਜ਼ ਹੈ ਹਿੰਦ ਪਰ ਵੋ ਕਹਾਂ ਹੈਂ?’ ਦੀ ਪਰਦਾਪੇਸ਼ੀ ਕੀਤੀ ਗਈ।

ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦਾ ਇਹ ਸਪੱਸ਼ਟ ਕਹਿਣਾ ਸੀ ਕਿ ਉਹਨਾਂ ਨੇ ਜਿਸ ਯੁੱਧ ਵਿੱਚ ਹਿੱਸਾ ਲਿਆ ਹੈ ਉਹ ਉਹਨਾਂ ਦੀ ਮੌਤ ਤੋਂ ਬਾਅਦ ਵੀ ਉਦੋਂ ਤੱਕ ਜ਼ਾਰੀ ਰਹੇਗਾ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਜਾਰੀ ਰਹੇਗੀ, ਲੁੱਟਣ ਵਾਲ਼ੇ ਅੰਗਰੇਜ਼ ਹੋਣ ਜਾਂ ਭਾਰਤੀ ਜਾਂ ਦੋਵੇਂ ਮਿਲੇ ਹੋਏ, ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ। ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਸੀ ਕਿ ਲੋਕਾਂ ਦੀ ਸੱਚੀ ਅਜ਼ਾਦੀ ਸਰਮਾਏਦਾਰਾ ਆਰਥਿਕ-ਸਿਆਸੀ ਪ੍ਰਬੰਧ ਦੀ ਤਬਾਹੀ ਅਤੇ ਸਮਾਜਵਾਦ-ਕਮਿਊਨਿਜ਼ਮ ਦੀ ਉਸਾਰੀ ਨਾਲ਼ ਹੀ ਆ ਸਕਦੀ ਹੈ।

ਬੁਲਾਰਿਆਂ ਨੇ ਕਿਹਾ ਕਿ ਅੱਜ ਦੇਸ਼ ਦੇ ਲੋਕਾਂ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ, ਫਾਸੀਵਾਦੀ ਤਾਕਤਾਂ, ਲੋਕ ਪੱਖੀ ਤਾਕਤਾਂ ਨੂੰ ਹੀ ਦੇਸ਼ਧ੍ਰੋਹੀ ਗਰਦਾਨਕੇ ਜ਼ਬਰ-ਜੁਲਮ ‘ਤੇ ਉਤਾਰੂ ਹਨ। ਫਿਰਕਾਪ੍ਰਸਤੀ ਤੇ ਅੰਨ੍ਹੀ ਕੌਮਪ੍ਰਸਤੀ ਦੀ ਕਾਲ਼ੀ ਹਨੇਰੀ ਝੁਲਾ ਕੇ ਲੋਕ ਪੱਖੀ ਤਾਕਤਾਂ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਲੋਕਾਂ ਦੇ ਸਾਰੇ ਜਮਹੂਰੀ ਹੱਕਾਂ ‘ਤੇ ਜ਼ੋਰਦਾਰ ਹਮਲਾ ਵਿੱਢ ਦਿੱਤਾ ਗਿਆ ਹੈ। ਭਾਰਤੀ ਸਰਮਾਏਦਾਰੀ ਪ੍ਰਬੰਧ ਆਪਣੇ ਸਭ ਤੋਂ ਘਿਣਾਉਣੇ ਫਾਸੀਵਾਦੀ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਅਜਿਹੇ ਹਨੇਰੇ ਸਮੇਂ ਵਿੱਚ ਇਨਕਲਾਬੀ ਤਾਕਤਾਂ ਨੂੰ ਸਰਮਾਏਦਾਰਾ ਪ੍ਰਬੰਧ ਦਾ ਬਦਲ ਸਮਾਜਵਾਦ ਜ਼ੋਰਦਾਰ ਢੰਗ ਨਾਲ਼ ਪੇਸ਼ ਕਰਨਾ ਹੋਵੇਗਾ। ਫਾਸੀਵਾਦ ਦੇ ਮੁਕਾਬਲੇ ਲਈ ਸਭਨਾਂ ਜਮਹੂਰੀ ਤਾਕਤਾਂ ਨੂੰ ਸਾਂਝੇ ਮੰਚ ‘ਤੇ ਲਿਆਉਣਾ ਵੀ ਅੱਜ ਦੇ ਸਮੇਂ ਦੀ ਅਣਸਰਦੀ ਲੋੜ ਬਣ ਚੁੱਕੀ ਹੈ।

ਸ਼ਹਾਦਤ ਦਿਵਸ ਸਮਾਗਮ ਨੂੰ ਲਖਵਿੰਦਰ, ਰਾਜਵਿੰਦਰ, ਬਲਜੀਤ, ਗੁਰਦੀਪ, ਆਦਿ ਬੁਲਾਰਿਆਂ ਨੇ ਸੰਬੋਧਿਤ ਕੀਤਾ। ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਨਾਟਕ ‘ਟੋਆ’ ਅਤੇ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਦੌਰਾਨ ‘ਸ਼ਹੀਦੋ ਤੁਹਾਡੇ ਕਾਜ਼ ਅਧੂਰੇ, ਲਾ ਕੇ ਜਿੰਦੜੀਆਂ ਕਰਾਂਗੇ ਪੂਰੇ’, ‘ਅਮਰ ਸ਼ਹੀਦਾਂ ਦਾ ਪੈਗਾਮ, ਜ਼ਾਰੀ ਰੱਖਣਾ ਹੈ ਸੰਗਰਾਮ’, ‘ਸਰਮਾਏਦਾਰਾ ਪ੍ਰਬੰਧ ਮੁਰਦਾਬਾਦ’, ‘ਫਾਸੀਵਾਦ ਮੁਰਦਾਬਾਦ’ ਆਦਿ ਨਾਅਰੇ ਗੂੰਜਦੇ ਰਹੇ। ਇਸ ਮੌਕੇ ਜਨਚੇਤਨਾ ਵੱਲੋਂ ਇਨਕਲਾਬੀ-ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

•ਪੱਤਰ ਪ੍ਰੇਰਕ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016

 

Advertisements