23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 26 ਮਾਰਚ ਨੂੰ ਮਜ਼ਦੂਰ ਲਾਈਬ੍ਰੇਰੀ, ਈ.ਡਬਲਿਊ.ਐਸ. ਕਲੋਨੀ (ਤਾਜਪੁਰ ਰੋਡ) ਲੁਧਿਆਣਾ ਵਿਖੇ ਸ਼ਹੀਦੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਯਾਦ ਵਿੱਚ, ਸ਼ਹਾਦਤ ਦੀ 86ਵੀਂ ਵਰ•ੇਗੰਢ ਨੂੰ ਸਮਰਪਿਤ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਇਸਤਰੀ ਮਜ਼ਦੂਰ ਸੰਗਠਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਂਝੇ ਤੌਰ ਉੱਤੇ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦੇ ਮੌਨ ਨਾਲ਼ ਕੀਤੀ ਗਈ। ਇਸ ਮੌਕੇ ‘ਇਨਕਲਾਬ ਜਿੰਦਾਬਾਦ’, ‘ਬਦਲ ਦਿਓ’, ‘ਇੱਕ ਮਜ਼ਦੂਰ ਦੀ ਮੌਤ’ ਨਾਟਕਾਂ ਦਾ ਮੰਚਨ ਕੀਤਾ ਗਿਆ ਤੇ ਇਨਕਲਾਬੀ-ਜੁਝਾਰੂ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਸੱਭਿਆਚਾਰਕ ਪ੍ਰੋਗਰਾਮ ਲੋਕਾਂ ਨੇ ਸਰਾਹਿਆ। ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਰਾਜਵਿੰਦਰ ਅਤੇ ਇਸਤਰੀ ਮਜ਼ਦੂਰ ਸੰਗਠਨ ਦੀ ਆਗੂ ਬਲਜੀਤ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਸ਼ਹੀਦਾਂ ਦੇ ਜੀਵਨ, ਵਿਚਾਰਾਂ ਅਤੇ ਮੌਜੂਦਾ ਹਾਲਤਾਂ, ਚੁਣੌਤੀਆਂ, ਕਾਰਜਾਂ ਦੀ ਚਰਚਾ ਕੀਤੀ। ਮੰਚ ਸੰਚਾਲਨ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਲਖਵਿੰਦਰ ਨੇ ਕੀਤਾ।

ਜਥੇਬੰਦੀਆਂ ਦੀਆਂ ਟੀਮਾਂ ਨੇ ਸ਼ਹਾਦਤ ਦਿਵਸ ਦੇ ਸਬੰਧ ਵਿੱਚ ਦਸ ਦਿਨ ਲੁਧਿਆਣੇ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਚਾਰ ਮੁਹਿੰਮ ਚਲਾਈ ਸੀ। ਵਿਆਪਕ ਪੱਧਰ ਉੱਤੇ ਪਰਚਾ ਵੰਡਿਆ ਗਿਆ। ਲੋਕਾਂ ਤੱਕ ਇਨਕਲਾਬੀ ਸ਼ਹੀਦਾਂ ਦਾ ਸੁਨੇਹਾ ਪਹੁੰਚਾਇਆ ਗਿਆ।

ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਜਿਸ ਲੁੱਟ-ਖਸੁੱਟ ਰਹਿਤ ਸਮਾਜ ਦੀ ਉਸਾਰੀ ਲਈ ਜ਼ਿੰਦਗੀ ਭਰ ਸੰਘਰਸ਼ ਕੀਤਾ, ਕੁਰਬਾਨੀਆਂ ਕੀਤੀਆਂ ਉਹ ਸਮਾਜ ਨਹੀਂ ਬਣ ਸਕਿਆ ਹੈ। ਉਹਨਾਂ ਦੀ ਲੜਾਈ ਸਿਰਫ ਲੁਟੇਰੇ ਅੰਗਰੇਜ਼ ਹਾਕਮਾਂ ਖਿਲਾਫ਼ ਨਹੀਂ ਸੀ ਸਗੋਂ ਹਰ ਤਰਾਂ ਦੇ ਲੁਟੇਰਿਆਂ ਖਿਲਾਫ਼ ਸੀ, ਚਾਹੇ ਇਹ ਲੁਟੇਰੇ ਅੰਗਰੇਜ਼ ਹੋਣ, ਭਾਰਤੀ ਹੋਣ ਅਤੇ ਚਾਹੇ ਕੋਈ ਹੋਰ ਹੋਣ। ਭਗਤ ਸਿੰਘ ਨੇ ਕਿਹਾ ਸੀ ਕਿ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਇਹ ਜੰਗ ਜਾਰੀ ਰਹੇਗੀ। ਅੰਗਰੇਜ਼ੀ ਗੁਲਾਮੀ ਤੋਂ ਮੁਕਤੀ ਦੇ ਮਿੱਠੇ ਫਲ ਦਾ ਸਵਾਦ ਤਾਂ ਭਾਰਤ ਦੇ ਧਨਾਢਾਂ ਨੇ ਮਾਣਿਆ ਹੈ। ਇਸ ਸਮੇਂ ਭਾਜਪਾ ਦੀ ਮੋਦੀ ਸਰਕਾਰ ਕਾਂਗਰਸ ਵੱਲੋਂ ਸ਼ੁਰੂ ਕੀਤੀਆਂ ਗਈਆਂ ਉਦਾਰੀਕਰਨ-ਨਿੱਜੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਨੂੰ ਹੋਰ ਵੀ ਤਿੱਖੇ ਰੂਪ ਵਿੱਚ ਲਾਗੂ ਕਰ ਰਹੀ ਹੈ। ਹਿੰਦੂਤਵਵਾਦੀ ਫਾਸੀਵਾਦੀ ਭਾਜਪਾ ਦਾ ਰਾਜ ਸਭਾ ਵਿੱਚ ਬਹੁਮਤ ਹੋ ਗਿਆ ਹੈ। ਕਿਰਤ ਕਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਬਦਲਾਵਾਂ ਅਤੇ ਹੋਰ ਲੋਕ ਵਿਰੋਧੀ ਕਨੂੰਨ ਪਾਸ ਕਰਨ ਦੀ ਪ੍ਰਕਿਰਿਆ ਹੁਣ ਹੋਰ ਵੀ ਤੇਜ਼ੀ ਨਾਲ਼ ਅੱਗੇ ਵਧਾਈ ਜਾਵੇਗੀ। ਲੋਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ, ਖਾਣ-ਪੀਣ, ਪਹਿਨਣ, ਪ੍ਰੇਮ ਕਰਨ, ਵਿਆਹ ਕਰਨ, ਆਦਿ ਸਾਰੇ ਜਮਹੂਰੀ ਹੱਕਾਂ ਉੱਤੇ ਵੱਡੇ ਹਮਲੇ ਹੋ ਰਹੇ ਹਨ।

ਬੁਲਾਰਿਆਂ ਨੇ ਕਿਹਾ ਕਿ ਇਨਕਲਾਬੀ ਸ਼ਹੀਦਾਂ ਨੂੰ ਰਸਮ ਅਦਾਇਗੀ ਦੇ ਤੌਰ ‘ਤੇ ਯਾਦ ਕਰਨ ਦਾ ਕੋਈ ਮਤਲਬ ਨਹੀਂ ਹੈ। ਅੱਜ ਜ਼ਰੂਰਤ ਹੈ ਕਿ ਇਨਕਲਾਬੀ ਸ਼ਹੀਦਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਵਿਸ਼ਾਲ ਲੋਕਾਈ ਤੱਕ ਲਿਜਾਇਆ ਜਾਵੇ, ਲੋਕਾਂ ਨੂੰ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਬਾਰੇ ਚੇਤੰਨ ਕੀਤਾ ਜਾਵੇ, ਜਥੇਬੰਦ ਕੀਤਾ ਜਾਵੇ ਅਤੇ ਇਸ ਤਰਾਂ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਦੀ ਉਸਾਰੀ ਲਈ ਅੱਗੇ ਵਧਿਆ ਜਾਵੇ। ਇਹੋ ਇਨਕਲਾਬੀ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ