23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

23 ਮਾਰਚ ਦੇ ਸ਼ਹੀਦਾਂ ਦੀ ਕੁਰਬਾਨੀ ਅਣਮੋਲ ਹੈ। ਉਹਨਾਂ ਦੀ ਕੁਰਬਾਨੀ ਹੀ ਨਹੀਂ, ਸਗੋਂ ਉਹਨਾਂ ਦੇ ਵਿਚਾਰ ਅੱਜ ਵੀ ਰਾਹ ਦਰਸਾਵਾਂ ਹਨ। ਪਿਛਲੇ ਸਮੇਂ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਪਬਲਿਕ ਲਾਇਬ੍ਰੇਰੀ ਭੂੰਦੜੀ ਨਾਲ਼ ਜੁੜੇ ਇਲਾਕੇ ਦੇ ਨੌਜਵਾਨਾਂ ਨੇ ਇੱਕ ਵੱਡੀ ਮੀਟਿੰਗ ਕਰਕੇ ਮਿਤੀ 15-03-2017 ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ‘ਤੇ ਅਧਾਰਤ ਉਦੇਸ਼, ਕਾਰਜ ਅਤੇ ਵਿਧਾਨ ਬਣਾਂਕੇ ਇੱਕ ਜਥੇਬੰਦੀ ਬਣਾਈ ਜਿਸਦਾ ਨਾਮ “ਸ਼ਹੀਦ ਭਗਤ ਸਿੰਘ ਨੌਜਵਾਨ ਵਿਚਾਰ ਮੰਚ, ਇਲਾਕਾ ਭੂੰਦੜੀ-ਸਿਧਵਾਬੇਟ” ਰੱਖਿਆ। ਇਲਾਕਾ ਲੈਵਲ ਦੀ 9 ਮੈਂਬਰੀ ਐਡਹਾਕ ਕਮੇਟੀ ਬਣਾ ਕੇ ਹਰਮਨਦੀਪ “ਲੀਹਾ” ਨੂੰ ਕਨਵੀਨਰ ਚੁਣਿਆ ਗਿਆ ਅਤੇ ਅਹਿਦ ਕੀਤਾ ਕਿ ਇਲਾਕੇ ਅੰਦਰ ਸ਼ਹੀਦ ਭਗਤ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ ਜਾਵੇਗਾ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੀ ਸਰਗਰਮ ਹਮਾਇਤ ਨਾਲ਼ ਮਿਤੀ 31 ਮਾਰਚ, 1, 2 ਅਤੇ 8 ਅਪ੍ਰੈਲ ਨੂੰ ਇਲਾਕੇ ਦੇ ਪਿੰਡਾਂ ਗੋਰਾਹੂਰ, ਲੀਹਾਂ, ਭੂੰਦੜੀ ਅਤੇ ਭੁਮਾਲ ਵਿਖੇ, ਜਾਤੀ-ਜਮਾਤੀ ਦਾਬੇ ਨੂੰ ਵਿਖਾਉਂਦੀ ਫਿਲਮ “ਚੰਮ” ਅਤੇ “ਲੈਜ਼ਡ ਆਫ ਭਗਤ ਸਿੰਘ” ਵਿਖਾਈ ਗਈ। ਨੋਜਵਾਨਾਂ ਵਲੋਂ ਇਨਕਲਾਬੀ ਕੋਰੀਓਗਰਾਫੀ ਅਤੇ ਗੀਤ ਸੰਗੀਤ ਵੀ ਗਾਏ ਗਏ। ਲੋਕਾਂ ਦੇ ਇਕੱਠਾਂ ਨੂੰ ਕਨਵੀਨਰ ਹਰਮਨ “ਲੀਹਾਂ” ਅਤੇ ਡ.ਸੁਖਦੇਵ ਸਿੰਘ ਭੂੰਦੜੀ ਨੇ ਅੱਜ ਦੇ ਗੈਰ-ਬਰਾਬਰੀ ਅਤੇ ਲੁੱਟ ਖਸੁੱਟ ਦੇ ਢਾਂਚੇ ਨੂੰ ਬਦਲਣ ਲਈ ਇਨਕਲਾਬ-ਜਿੰਦਾਬਾਦ ਦਾ ਹੋਕਾ ਦਿੱਤਾ। ਇਸ ਤੋਂ ਬਿਨਾਂ 8 ਅਪ੍ਰੈਲ ਦੇ ਅਸੈਂਬਲੀ ਵਿੱਚ ਬੰਬ ਸੁੱਟਣ ਦੇ ਇਤਿਹਾਸਕ ਦਿਹਾੜੇ ‘ਤੇ “ਮੌਜੂਦਾ ਸਮਾਜ ਅਤੇ ਨੋਜਵਾਨਾਂ ਦੀ ਭੂਮਿਕਾ” ਵਿਸ਼ੇ ‘ਤੇ ਵਿਚਾਰ-ਗੋਸ਼ਟੀ ਕਰਵਾਈ ਗਈ। ਜਿਸ ਵਿੱਚ ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਸਾਥੀ ਛਿੰਦਬਪਾਲ ਵਲੋਂ ਵਿਸ਼ੇ ਉੱਪਰ ਖੂਬ ਚਾਨਣਾ ਪਾਇਆ ਗਿਆ ਅਤੇ ਅਖੀਰ ‘ਤੇ ਨੌਜਵਾਨਾਂ ਨੇ ਸੁਆਲਾਂ ਜਵਾਬਾਂ ਵਿੱਚ ਵੀ ਹਿੱਸਾ ਪਾਇਆ। ਇਸ ਗੋਸ਼ਟੀ ਅਤੇ ਇਲਾਕੇ ਦੇ ਪ੍ਰੋਗਰਾਮਾਂ ਵਿੱਚ ਸਾਥੀ ਹਰਦੀਪ “ਗਾਲਿਬ” ਬੀ.ਕੇ.ਯੂ. (ਏਕਤਾ), ਸਾਥੀ ਸ਼ਿੰਦਰਪਾਲ ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ), ਰਘਵੀਰ, ਮਨਜੋਤ, ਗਗਨ, ਰਣਵੀਰ ਗੋਰਾਹੂਰ, “ਪਰਮਿੰਦਰ ਨੀਟਾ”, ਜਗਦੀਸ਼, ਅਕਾਸ਼ ਭੁਮਾਲ, ਜਸਪ੍ਰੀਤ ਚੀਮਾ, ਹਰੀਸ਼ ਕੁਮਾਰ, ਕ.ਜਸਵੀਰ ਸਿੰਘ, ਚਿਮਨ ਸਿੰਘ ਅਤੇ ਮੇਘ ਸਿੰਘ ਨੇ ਵੀ ਹਾਜ਼ਰੀ ਲਵਾਈ।     

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ