21 ਵੀਂ ਸਦੀ ‘ਚ ਵੀ ਨਿੱਕੀਆਂ ਜਿੰਦਾਂ ਨੂੰ ਬਾਲ ਵਿਆਹ ਦੀ ਬਲੀ ਚੜ ਰਿਹਾ ਹੈ ਸਮਾਜ •ਬਿੰਨੀ

9

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਸਾਰ ਭਰ ‘ਚ ਅੱਜ ਵੀ ਔਰਤਾਂ ਨੂੰ ਲੈ ਕੇ ਸਮਾਜ ‘ਚ ਜਗੀਰੂ ਸੋਚ ਭਾਰੂ ਹੈ। ਸਮਾਜ ਔਰਤ ਨੂੰ ਜਗੀਰੂ ਕਦਰਾਂ ਕੀਮਤਾਂ ਦੇ ਨਾਂ ਉੱਤੇ ਉਸਦਾ ਸੰਸਾਰ ਨਜ਼ਰੀਆ ਸੀਮਤ ਤੇ ਗੁਲਾਮ ਬਣਾਉਣ ਤੇ ਅਪਣੇ ਹਿੱਤਾਂ ਲਈ ਔਰਤ ਨੂੰ ਹਮੇਸ਼ਾ ਹੀ ਦਰਿੰਦਿਆਂ ਦੀ ਬਰਬਰਤਾ ਤੇ ਅਣਮਨੁੱਖਤਾ ਦਾ ਸ਼ਿਕਾਰ ਬਣਾਉਂਦਾ ਆ ਰਿਹਾ ਹੈ। ਮੱਧਕਾਲ ‘ਚ ਤੁਸੀਂ ਦਾਸ ਪ੍ਰਥਾ, ਸਤੀ ਪ੍ਰਥਾ ਜਾਂ ਹੋਰ ਧਰਮ ਕਾਂਡਾਂ ਦੇ ਚਲਦੇ ਔਰਤਾਂ ਨੂੰ ਬਲੀ ਜਾਂ ਮਾਰ ਦੇਣ ਬਾਰੇ ਪੜਿਆ ਜਾਂ ਸੁਣਿਆ ਜਰੂਰ ਹੋਵੇਗਾ। ਅੱਜ ਵੀ ਔਰਤਾਂ ਨੂੰ ਜਗੀਰੂ ਕਦਰਾਂ ਕੀਮਤਾਂ ਦੇ ਨਾਂ ‘ਤੇ ਸੰਸਾਰ ਭਰ ‘ਚ ਬਾਲ ਵਿਆਹ ਦੇ ਨਾਂ ‘ਤੇ ਉਹਨਾਂ ਦੀ ਜ਼ਿੰਦਗੀ ਦੀ ਬਲੀ ਦਿੱਤੀ ਜਾਂਦੀ ਹੈ। ਮਧ ਪੂਰਬ, ਅਫਰੀਕਾ, ਸਾਉਥ ਏਸ਼ੀਆ ਤੇ ਭਾਰਤ ਔਰਤਾਂ ਨੂੰ ਜਗੀਰੂ ਕਦਰਾਂ ਕੀਮਤਾਂ ‘ਚ ਬੰਨਣ ਲਈ ਸੱਭ ਤੋਂ ਮੂਹਰੇ ਹਨ।ਅੱਗੇ, ਯੂਨੀਸੈਫ (ਯੂਨਾਈਟਿਡ ਨੇਸ਼ਨਸ ਆਫ.ਚਿਲਡਰਨ ਏਮਰਜੰਸੀ ਫੰਡ) ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ ਦਾ ਪਹਿਲਾ ਤੇ ਭਾਰਤ ਦਾ ਦੂਜਾ ਸਥਾਨ ਹੈ।

ਅੱਗੇ, ਯੂਨੀਸੈਫ ਰਿਪੋਰਟ ਮੁਤਾਬਕ ਭਾਰਤ ਸੰਸਾਰ ‘ਚ ਔਰਤਾਂ ਲਈ ਸੱਭ ਤੋਂ ਭਿਆਨਕ ਮੰਨਿਆ ਜਾਣ ਵਾਲਾ ਚੌਥਾ ਦੇਸ਼ ਹੈ। ‘ਦਾ ਸੀਟੀਜਨ’ (9 ਮਈ, 2017) ਦੀ ਖਬਰ ਮੁਤਾਬਕ ਭਾਰਤ ਦੀ 22% ਅਬਾਦੀ ਨੌਜਵਾਨ ਹੈ ਜਾਨੀ ਲਗਭਗ 24 ਕਰੋੜ (10-19 ਸਾਲ) ਨੌਜਵਾਨ ਹਨ ਤੇ ਇਹ ਵੀ ਓਨਾਂ ਹੀ ਸੱਚ ਹੈ ਕਿ ਉਹ ਸਰੀਰਕ ਤੌਰ ‘ਤੇ ਨੌਜਵਾਨ ਨਹੀਂ ਹਨ, ਭਾਰਤ ‘ਚ(10-19) ਸਾਲਾਂ ਦੇ ਬਾਲਗ ਕੁੜੀਆਂ ਅਨੀਮੀਏ ਨਾਲ਼ ਗ੍ਰਸਤ ਹਨ ਤੇ ਮੁੰਡਿਆਂ ਲਈ ਇਹ ਅੰਕੜਾ 50% ਹੈ। ਇੱਥੇ 47% ਕੁੜੀਆਂ ਦਾ ਵਿਆਹ (5-15) ਸਾਲ ਦੀ ਉਮਰ ‘ਚ ਹੀ ਕਰ ਦਿੱਤਾ ਜਾਂਦਾ ਜਾਨੀ ਹਰ ਦੋ ‘ਚੋਂ ਇੱਕ ਕੁੜੀ ਬਾਲਗ ਹੋਣ ਤੋਂ ਪਹਿਲਾਂ ਵਿਆਹ ਦਿੱਤੀ ਜਾਂਦੀ ਹੈ। ਭਾਰਤ ‘ਚ ਉਂਝ ਤਾਂ ਹਰ ਰਾਜ ‘ਚ ਲਗਭਗ ਬਾਲ ਵਿਆਹ ਦੇ ਨਾਂ ‘ਤੇ ਨਿੱਕੀਆਂ ਜਿੰਦਾਂ ਦੀ ਜ਼ਿੰਦਗੀ ਦਾ ਮਕਸਦ ਸਿਰਫ ਵਿਆਹ ਬਣਾ ਦੇਣਾ ਜਾਰੀ ਹੈ। ਪਰ, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਝਾਰਖੰਡ, ਪੱਛਮ ਬੰਗਾਲ, ਮਧ ਪ੍ਰਦੇਸ਼ ਰਾਜ ਬਾਲ ਵਿਆਹ ਦੇ ਲਈ ਸੱਭ ਤੋਂ ਅੱਗੇ ਹਨ।

ਬਾਲ ਵਿਆਹ ਕਰਕੇ ਵੈਸੇ ਤਾਂ ਮੁੰਡਾ ਤੇ ਕੁੜੀ ਦੋਹਾਂ ਦਾ ਹੀ ਮਾਨਸਿਕ ਤੇ ਸਰੀਰਕ ਵਿਕਾਸ ਠੀਕ ਢੰਗ ਨਾਲ਼ ਨਹੀਂ ਹੋ ਪਾਉਂਦਾ, ਕਿਉਂਕਿ ਜਿਹੜੀ ਉਮਰ ਉਹਨਾਂ ਦੀ ਜ਼ਿੰਦਗੀ ਪ੍ਰਤੀ ਸਿੱਖਣ ਦੀ ਹੁੰਦੀ ਹੈ ਉਸ ਨੂੰ ਅਖੌਤੀ ਵਿਆਹ ਬੰਧਨ ‘ਚ ਬੰਨ• ਦਿੱਤਾ ਜਾਂਦਾ ਹੈ। ਪਰ ਕੁੜੀਆਂ ਲਈ ਇਹ ਪਰੰਪਰਾ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਹੁੰਦੀ।ਕੁੜੀ ਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਉਹ ਕਿਸ ਬੰਧਨ ‘ਚ ਬੱਝਣ ਜਾ ਰਹੀ ਹੈ । ਸੀ.ਬੀ.ਐੱਨ ਨੀਊਜ਼ ਦੇ ਇੱਕ ਰਿਪੋਟਰ ਅਮਿਤ ਬੇਦੀ ਨੇ ਰਾਜਸਥਾਨ ‘ਚ ਇੱਕ ਵੀਨਾ ਨਾਮ ਦੀ ਕੁੜੀ ਜਿਸ ਦੀ ਉਮਰ ਸਿਰਫ 8 ਸਾਲ ਸੀ ਉਸ ਨੂੰ ਵਿਆਹ ਸਮੇਂ ਉੱਚੀ ਰੋਂਦੇ ਹੋਏ ਦੇਖ ਕੇ ਉਸ ਦੀ ਦਾਦੀ ਤੋਂ ਕਾਰਨ ਪੁੱਛਿਆ, ਤਾਂ ਉਸ ਨੇ ਜਵਾਬ ਦਿੱਤਾ ਕਿ ਇਸ ਨੂੰ ਪਤਾ ਨਹੀਂ ਹੈ ਕੀ ਵਿਆਹ ਕਿ ਹੁੰਦਾ ਹੈ ਜਾਂ ਅਜੇ ਉਹ ਘਰ ਦੀ ਸਾਂਭ ਸੰਭਾਂਲ ਪ੍ਰਤੀ ਸੁਚੇਤ ਨਹੀਂ ਹੋਈ ਇਸ ਲਈ ਥੌੜਾ ਡਰੀ ਹੋਈ ਹੈ ਪਰ ਜਲਦ ਹੀ ਉਸਨੂੰ ਆਦਤ ਪੈ ਜਾਵੇਗੀ ਮੇਰਾ ਵੀ ਵਿਆਹ ਛੋਟੇ ਹੁੰਦੇ ਹੀ ਹੋ ਗਿਆ ਸੀ। ਅਮਿਤ ਅੱਗੇ ਦੱਸਦੇ ਹਨ ਕਿ ਰਾਜਸਥਾਨ ‘ਚ ਅਪ੍ਰੈਲ ਤੇ ਮਈ ਦੇ ਮਹੀਨੇ ‘ਚ ਇੱਥੇ ਰਾਤ ਨੂੰ ਹਜ਼ਾਰਾਂ ਦੀ ਗਿਣਤੀ ‘ਚ ਗੁਪਤ ਵਿਆਹ ਕਰਾਏ ਜਾਂਦੇ ਹਨ। ਜਿਸ ‘ਚ ਵਿਆਹ ਕਰਾਉਣ ਵਾਲ਼ਿਆਂ ਦੀ ਉਮਰ 5-19 ਸਾਲ ਹੁੰਦੀ ਹੈ। ਕਈਆਂ ਦੀ ਤਾਂ ਉਮਰ ਏਨੀ ਛੋਟੀ ਹੁੰਦੀ ਹੈ ਕਿ ਉਹਨਾਂ ਦੇ ਮਾਂ ਬਾਪ ਗੋਦ ‘ਚ ਚੁੱਕ ਕੇ ਲੈ ਕੇ ਆਉਂਦੇ ਹਨ। ਅੱਗੇ ਇੱਕ ਯੂ.ਪੀ ਦੀ ਕਿਸੇ ਔਰਤ ਨਾਲ਼ ਗੱਲ ਕਰਦੇ ਸਮੇਂ ਉਹਨੇ ਦੱਸਿਆ ਕਿ ਯੂਪੀ. ‘ਚ ਜੇ ਕਿਸੇ ਵੀ ਮਰਦ ਦੀ ਪਤਨੀ ਦੀ ਕਿਸੇ ਕਾਰਨ ਮੌਤ ਹੁੰਦੀ ਹੈ ਤਾਂ ਉਹਦੇ ਸਮਾਜਕ ਤੇ ਘਰੇਲੂ ਜੀਵਨ ਨੂੰ ਬਣਾਈ ਰੱਖਣ ਲਈ ਅਕਸਰ ਹੀ ਬਾਲ ਵਿਆਹ ਹੁੰਦਾ ਹੈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਤੇ ਦਲਿਤਾਂ ‘ਚ ਬਾਲ ਵਿਆਹ 3% ਜ਼ਿਆਦਾ ਹੁੰਦੇ ਹਨ। ਵਿਆਹ ਤੋਂ ਬਾਅਦ ਕੁੜੀਆਂ ‘ਤੇ ਪੜਨ ਲਿਖਣ ‘ਤੇ ਵੀ ਪਬੰਧੀ ਲਾ ਦਿੱਤੀ ਜਾਂਦੀ ਹੈ।

ਇਹ ਤੱਥ ਸਿਰਫ ਔਰਤਾਂ ਦੇ ਅੰਕੜਿਆਂ ਤੱਕ ਹੀ ਸੀਮਤ ਨਹੀਂ ਹੁੰਦੇ ਸਗੋਂ ਵਿਆਹ ਤੋਂ ਬਾਅਦ ਉਹਨਾਂ ਲਈ ਮਾਨਸਿਕ ਦੇ ਨਾਲ਼-ਨਾਲ਼ ਸਰੀਰਕ ਪੀੜਾ ਵੀ ਲੈ ਕੇ ਆਉਂਦੇ ਹਨ।ਵਿਆਹ ਹੁੰਦੇ ਹੀ ਕੁੜੀ ਤੋਂ ਬੱਚੇ ਲਈ ਗੁਹਾਰ ਲਾਈ ਜਾਂਦੀ ਹੈ। ਜਿਸ ਦਾ ਨਤੀਜਾ ਬੱਚੇ ਦੇ ਜਨਮ ਸਮੇਂ ਬੱਚੇ ਜਾਂ ਮਾਂ ਦੀ ਮੌਤ ਹੁੰਦੀ ਹੈ। ਭਾਰਤ ‘ਚ 18 ਸਾਲ ਦੀ ਉਮਰ ਤੋਂ ਪਹਿਲਾਂ ਬੱਚੇ ਨੂੰ ਜਨਮ ਦਿੰਦੇ ਸਮੇਂ 60% ਬੱਚੇ ਮੋਤ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਜੋ ਜੰਮਦੇ ਵੀ ਹਨ ਉਹਨਾਂ ਦਾ ਸਰੀਰਕ ਵਿਕਾਸ ਸਹੀ ਢੰਗ ਨਾਲ਼ ਨਹੀਂ ਹੋ ਪਾਉਂਦਾ। ਔਰਤਾਂ ਨੂੰ ਜ਼ਿੰਦਗੀ ਭਰ ਲਈ ਮਾਨਸਿਕ ਤੇ ਸਰੀਰਕ ਹਿੰਸਾ ਹੰਡਾਉਣੀ ਪੈਂਦੀ ਹੈ। ਔਰਤਾਂ ਐੱਚ.ਆਈ.ਵੀ ਏਡਜ਼, ਯੂਟਰਸ ਕੈਂਸਰ ਤੇ ਹੋਰ ਵੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੁੰਦੀਆਂ ਹਨ। ਦੇਖਿਆ ਜਾਵੇ ਤਾਂ, ਜਦੋਂ ਕਿਸੇ ਕੁੜੀ ਦਾ ਜਨਮ ਹੁੰਦਾ ਹੈ ਤਾਂ ਉਹ ਵੀ ਅਪਣੇ ਹੱਥਾਂ, ਅੱਖਾਂ, ਕੰਨ ਆਦਿ ਰਾਹੀਂ ਹੀ ਸੰਸਾਰ ਨੂੰ ਮਹਿਸੂਸ ਕਰਦੀ ਹੈ। ਉਹਦੇ ‘ਚ ਹੀ ਜ਼ਿੰਦਗੀ ਨੂੰ ਜਾਨਣ ਸਮਝਣ ਦਾ ਉਤਸ਼ਾਹ ਬਰਾਬਰ ਹੀ ਹੁੰਦਾ ਹੈ। ਉਹਦਾ ਵੀ ਜ਼ਿੰਦਗੀ ਪ੍ਰਤੀ ਰਹਸ ਇੱਕੋ ਹੀ ਹੁੰਦਾ ਹੈ। ਪਰ ਇੱਕ ਕੁੜੀ ਦੀ ਜ਼ਿੰਦਗੀ ਨੂੰ ਬਚਪਨ ਤੋਂ ਗਤੀਹੀਣ ਤੇ ਨੀਰਸ ਬਣਾਉਣ ਦੀ ਪ੍ਰਕਿਰਿਆ ਚਲਦੀ ਹੈ। ਉਸਨੂੰ ਅਪਣਾ ਸੰਸਾਰ ਟੱਬਰ ਤੱਕ ਵੀ ਸੀਮਤ ਕਰਨਾ ਪੈਂਦਾ ਹੈ। ਜਲਦੀ ਹੀ ਹਾਲਤਾਂ ਨੂੰ ਦੇਖਦੇ ਹੋਏ ਕੁੜੀ ਸਮਝ ਜਾਂਦੀ ਹੈ ਕਿ ਔਰਤ ਹੋਣਾ ਕੀ ਹੁੰਦਾ ਹੈ ਤੁਹਾਨੂੰ ਆਪਣਾ ਸੰਸਾਰ ਨਿਸ਼ਚਿਤ ਤੇ ਸੀਮਤ ਰੱਖਣਾ ਹੋਵੇਗਾ।ਤੁਹਾਨੂੰ ਅਪਣੇ ਆਪ ਨੂੰ ਅਪੰਗ ਬਣਾ ਨਿਸ਼ਕਾਮ ਸੇਵਾ ਕਰਨੀ ਹੋਵੇਗੀ। ਉਸਨੂੰ ਇੰਤਜਾਰ ਕਰਦੇ ਰਹਿਣਾ ਹੋਵੇਗਾ ਕਿ ਕਦੋਂ ਉਹਦਾ ਮਸੀਹਾ ਉਹਾਨੂੰ ਆ ਕੇ ਪਾਰ ਲਾਏਗਾ। ਉਹ ਉਡਣਾ ਵੀ ਚਾਹੇ ਤਾਂ ਉਹਦੇ ਪਤੀ ਦੇ ਸੰਸਾਰ ਦੀ ਚਾਰ ਦਿਵਾਰੀ ਤੋਂ ਬਾਹਰ ਨਹੀਂ। ਇਸ ਦੇ ਨਾਲ਼ ਹੀ ਸਮਾਜ ਔਰਤ ਹੋਣ ਦੇ ਨਾਤੇ ਉਸ ਤੋਂ ਉਹਦਾ ਬਚਪਨ ਵੀ ਖੋਹ ਲੈਂਦਾ ਹੈ। ਕੁੜੀ ਨੂੰ ਬੱਸ ਇੱਕ ਪਿਤਾ ਜਾਂ ਪਤੀ ਦੀ ਜਾਇਦਾਦ ਬਣਾ ਦਿੱਤਾ ਜਾਂਦਾ ਹੈ।

ਅੱਜ 21ਵੀਂ ਸਦੀ ‘ਚ ਸਮਾਜ ਮੁਢ ਕਦੀਮੀ, ਗੁਲਾਮਦਾਰੀ, ਜਗੀਰਦਾਰੀ ਤੇ ਹੁਣ ਸਰਮਾਏਦਾਰੀ ਦੇ ਜਿਸ ਵਿਕਾਸ ਦੇ ਪੜਾਅ ‘ਤੇ ਪਹੁੰਚ ਗਿਆ ਹੈ ਤੈਅਸ਼ੁਦਾ ਵਿਆਹ ਨਾਂ ਦੀ ਸੰਸਥਾ ਅਪਣੇ ਆਪ ‘ਚ ਹੀ ਯੁਗ ਬੀਤਿਆਂ ਦੀ ਗੱਲ ਹੈ, ਅੱਜ ਵਿਆਹ ਦੋ ਮਨੁੱਖਾਂ ਦਾ ਅਜ਼ਾਦ ਰਿਸ਼ਤਾ ਹੋਣਾ ਚਾਹੀਦਾ ਹੈ। ਪਰ ਭਾਰਤ ਵਰਗੇ ਪੱਛੜੇ ਦੇਸ਼ ‘ਚ ਅਜੇ ਜਗੀਰੂ ਰਹਿੰਦ ਖੁਹੰਦ ਜੜ ਜਮਾਏ ਹੋਣ ਕਰਕੇ ਬਾਲ ਵਿਆਹ ਵਰਗਾ ਅਣਮਨੁੱਖੀ ਵਪਾਰ ਵੀ ਸ਼ਰੇਆਮ ਹੋ ਰਿਹਾ ਹੈ।

ਅੱਜ ਸਰਕਾਰ ਵਲੋਂ ਭਾਵੇਂ ਅਜਿਹੇ ਕਈ ਕਨੂੰਨ ਬਣਾ ਦਿੱਤੇ ਗਏ (ਬਾਲ ਵਿਆਹ ਰੋਕਥਾਮ ਬਿੱਲ 1998, ਬਾਲ ਵਿਆਹ ਰੋਕਥਾਮ ਬਿਲ 2006 ਆਦਿ) ਹਨ ਜੋ ਔਰਤਾਂ ਦੀ ਅਜ਼ਾਦੀ ਜਾਂ ਇਹਨਾਂ ਪੱਛੜੀਆਂ ਹੋਈਆਂ ਕਦਰਾਂ ਕੀਮਤਾਂ ਨੂੰ ਬੰਨ ਲਾਉਣ ਲਈ ਸਵਿਧਾਨ ‘ਚ ਦਰਜ਼ ਹਨ ਜਿਹਨਾਂ ਅਨੁਸਾਰ ਬਾਲ ਵਿਆਹ ਕਰਨ ਜਾ ਕਰਾਉਣ ਵਾਲ਼ੇ ਨੂੰ ਜੇਲ ਜਾਂ ਜੁਰਮਾਨੇ ਦੀ ਸਜਾ ਹੁੰਦੀ ਹੈ। ਪਰ ਇਹ ਬੱਸ ਸਵਿਧਾਨ ਤੱਕ ਹੀ ਦਰਜ਼ ਹਨ ਕਿਉਂਕਿ ਤੱਥਾਂ ਤੋਂ ਸਾਫ ਹੈ ਕਿ ਔਰਤਾਂ ਨੂੰ ਬਰਾਬਰੀ ਦੇ ਹੱਕ ਦੇਣ ਜਾਂ ਅਜ਼ਾਦੀ ਲਈ ਉਹਨਾਂ ਕਿੰਨੇ ਕੁ ਕਦਮ ਚੁੱਕੇ ਹਨ। ਸਗੋਂ, ਰੋਜ਼ ਹੀ ਕਈ ਅਜਿਹੀਆਂ ਉਦਾਹਰਨਾਂ ਮਿਲ਼ਦੀਆਂ ਹਨ ਜੋ ਮੌਜੂਦਾ ਸਰਕਾਰ ਦੇ ਔਰਤਾਂ ਪ੍ਰਤੀ ਰਵੀਏ ਨੂੰ ਦਰਸਾਉਂਦੀਆਂ ਹਨ । ਸਰਮਾਏਦਾਰਾ ਮੀਡੀਆ ਸ਼ਰੇਆਮ ਸਰਕਾਰ ਤੋਂ ਹੀ ਸ਼ਹਿ ਪ੍ਰਾਪਤ ਔਰਤਾਂ ਨੂੰ ਜਗੀਰੂ ਕਦਰਾਂ ਕੀਮਤਾਂ ਦੇ ਚੌਖਟੇ ‘ਚ ਰਹਿਣ ਲਈ ਪ੍ਰੇਰਿਤ ਕਰਦਾ ਹੈ ਜੇ ਬਾਹਰ ਕੱਡਦਾ ਵੀ ਹੈ ਤਾਂ ਸਿਰਫ ਅਪਣੇ ਮੁਨਾਫੇ ਲਈ। ਭਾਰਤ ‘ਚ 70% ਔਰਤਾਂ ਰੋਜ਼ ਘਰੇਲ਼ੂ ਹਿੰਸਾਂ ਦਾ ਸ਼ਿਕਾਰ ਹੁੰਦੀਆਂ ਹਨ, ਹਰ 20 ਮਿੰਟ ਬਾਅਦ ਕੋਈ ਔਰਤ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ ਤੇ 80% ਔਰਤਾਂ ਕਿਸੇ ਨਾ ਕਿਸੇ ਰੂਪ ‘ਚ ਸਰੀਰਕ ਛੇੜਛਾੜ ਦਾ ਸ਼ਿਕਾਰ ਹੁੰਦੀਆਂ ਹਨ। ਤੱਥ ਦੱਸਦੇ ਹਨ ਕਿ ਔਰਤਾਂ ਦੀ ਸੁਰੱਖਿਆ, ਅਜ਼ਾਦੀ ਜਾਂ ਬਰਾਬਰੀ ਦਾ ਮਾਮਲਾ ਸਰਕਾਰ ਲਈ ਕੋਈ ਬਹੁਤਾ ਗੰਭੀਰ ਨਹੀਂ ਹੈ।

ਦੇਖਿਆ ਜਾਵੇ ਤਾਂ, ਜਗੀਰੂ ਕਦਰਾਂ ਕੀਮਤਾਂ ਦੇ ਨਾਂ ‘ਤੇ ਸਮਾਜ ਦੇ ਕਮਜ਼ੋਰ ਹਿੱਸੇ ਨੂੰ ਦਬਾਉਣ ਦਾ ਕੰਮ ਅੱਜ ਵੀ ਬਾਦਸਤੂਰ ਜਾਰੀ ਹੈ। ਜਿਸਦਾ ਪ੍ਰਭਾਵ ਔਰਤਾਂ ਦੇ ਰੋਜ਼ਾਨਾ ਜੀਵਨ ‘ਚ ਵੇਖਣ ਨੂੰ ਮਿਲ਼ਦਾ ਹੈ। ਅੱਜ ਇਹ ਕਾਫੀ ਨਹੀਂ ਹੈ ਕਿ ਸਮਾਜ ਦੀ ਆਰਥਿਕ ਤੇ ਸਿਆਸੀ ਤਬਦੀਲੀ ਤੱਕ ਹੀ ਬਦਲਾਅ ਨੂੰ ਸੀਮਤ ਰੱਖਿਆ ਜਾਵੇ। ਲਾਜ਼ਮੀ ਹੈ ਕਿ ਸਮਾਜ ‘ਚ ਸੱਭਿਆਚਾਰਕ ਤਬਦੀਲੀ ਵੀ ਨਾਲ਼ ਕੀਤੀ ਜਾਵੇ ਇਹੀ ਕਿਸੇ ਸਮਾਜ ਦੇ ਵਿਕਾਸ ਨੂੰ ਦਰਸਾਉਂਦੀ ਹੈ। ਜਗੀਰੂ ਕਦਰਾਂ ਕੀਮਤਾਂ ਨੂੰ ਜੜੋਂ ਖਤਮ ਕੀਤਾ ਜਾਵੇ। ਅੱਜ ਸਾਨੂੰ ਸੋਚਣਾ ਪਵੇਗਾ ਕਿ ਔਰਤਾਂ ਨੇ ਜਮਾਤੀ ਸਮਾਜ ਤੋਂ ਬਾਅਦ ਮੁਕਤੀ ਦੇ ਰਾਹ ਦਾ ਕਿੰਨਾਂ ਸਫਰ ਤੈਅ ਕਰ ਲਿਆ ਹੈ ਤੇ ਕਿੰਨਾ ਅਜੇ ਤੈਅ ਕਰਨਾ ਬਾਕੀ ਹੈ। ਪਹਿਲਾਂ ਦੇ ਸੰਘਰਸ਼ਾਂ ਤੇ ਸਮਾਜਿਕ ਤਬਦੀਲੀ ਰਾਹੀਂ ਅੋਰਤਾਂ ਨੇ ਕੁੱਝ ਹੱਦ ਤੱਕ ਜੀਣ ਦਾ ਹੱਕ ਲਿਆ ਹੈ। ਹੁਣ ਅੱਗੇ ਸਾਨੂੰ ਬਰਾਬਰੀ ਦਾ ਹੱਕ ਵੀ ਲੈਣਾ ਪਵੇਗਾ। ਸੰਸਾਰ ਦੇ ਹਰ ਕੋਨੇ ‘ਚ ਔਰਤਾਂ ਦਾ ਦੁਖਾਂਤ ਹੈ ਉਹਨਾਂ ਦੀਲਾਂ ਚੀਕਾਂ, ਪੀੜਾਂ ਤੇ ਨਿੱਤ ਜੀਵਨ ਖਤਮ ਕਰਨ ਦਾ ਦੁਖਾਂਤ ਹੈ। ਜਿਸ ਦਾ ਕਾਰਨ  ਧਰਮ , ਜਗੀਰੂ ਕਦਰਾਂ ਕੀਮਤਾਂ ਦੇ ਨਾਲ਼-ਨਾਲ਼ ਇਹ ਮੌਜੂਦਾ ਸਰਮਾਏਦਾਰੀ ਢਾਂਚਾ ਵੀ ਹੈ ਜੋ ਮੁਨਾਫੇ ਦੀ ਅੰਨ•ੀ ਦੌੜ ਹੇਠਾਂ ਕਿਰਤੀ ਅਬਾਦੀ ਨਾਲ਼ ਔਰਤਾਂ ਦੇ ਮਨੁੱਖੀ ਹੱਕਾਂ ਨੂੰ ਵੀ ਮੁਨਾਫੇ ਦੀ ਬਲੀ ਚਾੜ ਰਿਹਾ ਹੈ। ਹੁਣ ਅਸੀਂ ਬਹੁਤ ਦੇਰ ਤੱਕ ਇੰਝ ਹੀ ਸਮਾਂ ਨਹੀਂ ਗਵਾ ਸਕਦੇ ਕਿਉਂਕਿ ਇੱਥੇ ਮਨੁੱਖਤਾ ਦੀ ਅੱਧੀ ਅਬਾਦੀ ਹਰ ਸਵੇਰ ਹਨੇਰੀ ਰਾਤ ਵਾਂਗ ਹੀ ਕੱਟਦੀ ਹੈ। ਅੱਜ ਸਾਨੂੰ ਸਮਾਜ ਨੂੰ ਬਦਲਦੇ ਹੋਏ ਅਪਣੀ ਮੁਕਤੀ ਦਾ ਰਾਹ ਖੁੱਦ ਹੀ ਲਭਣਾ ਪਵੇਗਾ।

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements