ਅਮਰਨਾਥ ਮੁੱਦਾ —ਸ਼ਿਵਾਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 

ਜੰਮੂ ਅਤੇ ਕਸ਼ਮੀਰ, ਸਦਾ ਹੀ ਸਾਡੇ ਦੇਸ਼ ਦੀਆਂ ਵੋਟ-ਬਟੋਰੂ ਪਾਰਟੀਆਂ ਲਈ ਇੱਕ ਭੱਖਦਾ ਮੁੱਦਾ ਰਿਹਾ ਹੈ। ਹਿੰਦੂਵਾਦੀ ਫਾਸਿਸਟਾਂ ਤੋਂ ਲੈ ਕੇ ਨਕਲੀ ਸੈਕੂਲਰ ਪੰਥੀਆਂ ਅਤੇ ਨਾਮਧਾਰੀ ਕਮਿਊਨਿਸਟਾਂ ਸਾਰਿਆਂ ਨੇ ਇਸ ਨੂੰ ਰੱਜ ਕੇ ਭਖਾਇਆ ਹੈ। ਹੁਰੀਅਤ ਵਰਗੀਆਂ ਕਸ਼ਮੀਰੀ ਵੱਖਵਾਦੀ ਜੱਥੇਬੰਦੀਆਂ ਅਤੇ ਪਾਕਿਸਤਾਨ ਦੀਆਂ ਵੋਟ ਪਾਰਟੀਆਂ ਵੀ ਇਸ ਵਿੱਚ ਪਿੱਛੇ ਨਹੀਂ ਰਹੀਆਂ ਹਨ। ਇਹਨਾਂ ਸਾਰਿਆਂ ਦੀਆਂ ਕਾਰਸਤਾਨੀਆਂ ਵਿੱਚ ਜੇਕਰ ਕੁਚਲਿਆ ਗਿਆ ਹੈ ਤਾਂ ਉਹ ਹੈ ਜੰਮੂ ਅਤੇ ਕਸ਼ਮੀਰ ਦਾ ਅਵਾਮ। ਹੁਣੇ ਹੀ ਚੁੱਕਿਆ ਗਿਆ ਅਮਰਨਾਥ ਦਾ ਮੁੱਦਾ ਵੀ ਲਿਆਂਦਾ ਤਾਂ ਗਿਆ ਸੀ ਆਉਣ ਵਾਲ਼ੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਵੋਟਾਂ ਬਟੋਰਨ ਲਈ, ਪਰ ਇਸਦੇ ਜਿਹੜੇ ਨਤੀਜੇ ਨਿਕਲ਼ੇ, ਉਹਨਾਂ ਨੇ ਤਬਾਹ ਕੀਤਾ ਆਮ ਲੋਕਾਂ ਨੂੰ। ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਇਹ ਮੁੱਦਾ ਹੈ ਕੀ ਅਤੇ ਕੋਈ ਇਸ ਲਈ ਇੰਨਾ ਰੌਲ਼ਾ ਕਿਉਂ ਪਾ ਰਿਹਾ ਹੈ?

ਅਮਰਨਾਥ ਦੀ ਗੁਫਾ ਕਸ਼ਮੀਰ ਦੀਆਂ ਘਾਟੀਆਂ ਵਿੱਚ ਸਥਿਤ ਹਨ। ਇੱਥੇ ਸਾਲ ਦੇ ਤਿੰਨ ਮਹੀਨੇ (ਜੂਨ-ਅਗਸਤ) ਦੌਰਾਨ ਸ਼ਿਵਲਿੰਗ ਦੇ ਅਕਾਰ ਵਿੱਚ ਬਰਫ਼ ਜੰਮਦੀ ਹੈ। ਇਹਨਾਂ ਤਿੰਨ ਮਹੀਨਿਆਂ ਦੌਰਾਨ ਭਾਰਤ ਦੇ ਅਨੇਕਾਂ ਇਲਾਕਿਆਂ ਤੋਂ ਲੋਕ ਇਸ ਦੇ ਦਰਸ਼ਨ ਕਰਨ ਆਉਂਦੇ ਹਨ। ਅਮਰਨਾਥ ਦੀ ਗੁਫ਼ਾ ਤੱਕ ਜਾਣ ਦੇ ਦੋ ਰਸਤੇ ਹਨ। ਪਹਿਲਾ ਹੈ ਸ਼੍ਰੀਨਗਰ ਤੋਂ ਪਹਿਲਗਾਮ ਵੱਲ ਜਾਣ ਵਾਲ਼ਾ ਰਾਹ। ਇਹ ਰਵਾਇਤੀ ਰਾਹ ਹੈ ਅਤੇ ਜ਼ਿਆਦਾਤਰ ਮੁਸਾਫਰ ਇਸੇ ਰਾਹ ਦਾ ਇਸਤੇਮਾਲ ਕਰਦੇ ਹਨ। ਦੂਜਾ ਰਾਹ ਹੈ ਸੋਨਮਾਰਗ ਤੋਂ ਬਾਲਤਲ ਵੱਲ ਜਾਣ ਵਾਲ਼ਾ ਰਾਹ। ਇਹ ਰਾਹ ਤੰਗ ਹੈ ਅਤੇ ਮਹਿਜ 10-15 ਫੀਸਦੀ ਮੁਸਾਫਰਾਂ ਦੁਆਰਾ ਇਸਤੇਮਾਲ ਕੀਤਾ ਜਾਂਦਾ ਹੈ। ਅਮਰਨਾਥ ਯਾਤਰਾ ਲਈ ਆਉਣ ਵਾਲ਼ੇ ਮੁਸਾਫਰਾਂ ਦੀ ਗਿਣਤੀ ਵਿੱਚ ਪਿਛਲੇ 15-20 ਸਾਲਾਂ ਤੋਂ ਭਾਰੀ ਵਾਧਾ ਹੋਇਆ ਹੈ। ਜਿੱਥੇ 60 ਦੇ ਦਹਾਕੇ ਵਿੱਚ ਇੱਥੇ 12-15 ਹਜ਼ਾਰ ਮੁਸਾਫਰ ਆਇਆ ਕਰਦੇ ਸਨ। ਉੱਥੇ ਅੱਜ ਮੁਸਾਫਰਾਂ ਦੀ ਗਿਣਤੀ 40-50 ਹਜ਼ਾਰ ਦਰਮਿਆਨ ਹੈ। 

ਅਗਸਤ 1996 ਦੌਰਾਨ ਹੋਈ ਇੱਕ ਦੁਰਘਟਨਾ ਵਿੱਚ ਲੱਗਭਗ 250 ਲੋਕ ਮਾਰੇ ਗਏ ਸਨ। ਇਸ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਪੜਤਾਲ਼ ਕਰਨ ਅਤੇ ਇਸ ਤੋਂ ਬਚਣ ਦੇ ਤਰੀਕਿਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਨੀਤੀਸ਼ ਕੇ. ਸੇਨਗੁਪਤਾ (ਸੇਵਾਮੁਕਤ ਆਈ. ਏ. ਐੱਸ) ਤੋਂ ਰਿਪੋਰਟ ਮੰਗੀ।

ਇਸ ਰਿਪੋਰਟ ਅਨੁਸਾਰ

1. ਸੈਰ-ਸਪਾਟਾ ਵਿਭਾਗ ਨੂੰ ਹੀ ਪੂਰੀ ਯਾਤਰਾ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨਿਕ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ। 

2. ਸੈਰ-ਸਪਾਟਾ ਵਿਭਾਗ ਨੂੰ ਸਹਾਇਤਾ ਕਰਨ ਲਈ ਮੁੱਖ ਮੰਤਰੀ ਦੀ ਪ੍ਰਧਾਨਗੀ ਵਿੱਚ ਇੱਕ ਬੋਰਡ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। 

3. ਯਾਤਰਾ ਦੀ ਸਮਾਂ ਸੀਮਾ 45 ਦਿਨਾਂ ਦੀ ਹੋਣੀ ਚਾਹੀਦੀ ਹੈ (ਜੁਲਾਈ-ਅਗਸਤ 15 ਤੱਕ) ਅਤੇ ਇੱਕ ਸਾਲ ਵਿੱਚ ਯਾਤਰੀਆਂ ਦੀ ਸੰਖਿਆ ਇੱਕ ਲੱਖ ਤੱਕ ਸੀਮਤ ਹੋਣੀ ਚਾਹੀਦੀ ਹੈ। 

ਇਸ ਰਿਪੋਰਟ ਅਨੁਸਾਰ ਜੇਕਰ ਮੁਸਾਫ਼ਰਾਂ ਦੀ ਸੰਖਿਆ ਸੀਮਤ ਰਹੇਗੀ ਤਾਂ ਪਹਿਲਗਾਮ ਵਾਲ਼ਾ ਰਾਹ ਕਾਫ਼ੀ ਹੋਵੇਗਾ। ਮੁਸਾਫਰਾਂ ਨੂੰ ਬਾਲਟਾਲ ਵਾਲ਼ਾ ਰਾਹ, ਜਿਹੜਾ ਕਿ ਜੋਖ਼ਮ ਭਰਿਆ ਰਾਹ ਹੈ, ਘੱਟ ਤੋਂ ਘੱਟ ਇਸਤੇਮਾਲ ਕਰਨਾ ਪਵੇਗਾ। ਇਸ ਰਿਪੋਰਟ ਵਿੱਚ ਕਿਤੇ ਵੀ ਜ਼ਮੀਨ ਵੰਡਣ ਦੀ ਗੱਲ ਨਹੀਂ ਕਹੀ ਗਈ ਸੀ। 

ਜੰਮੂ ਅਤੇ ਕਸ਼ਮੀਰ ਦੀ ਅਮਰਨਾਥ ਜੀ ਸ਼ਰਾਈਨ ਬੋਰਡ ਆਰਡੀਨੈਂਸ, 2000 ਰਾਹੀਂ ਮੁਸਾਫਰ ਸੁਵਿਧਾਵਾਂ ਵਿੱਚ ਸੁਧਾਰ ਕਰਨ ਲਈ ਗਵਰਨਰ ਦੀ ਪ੍ਰਧਾਨਗੀ ਵਿੱਚ ਇੱਕ ਬੋਰਡ ਦਾ ਗਠਨ ਕੀਤਾ ਗਿਆ। ਇਸ ਆਰਡੀਨੈਂਸ ਰਾਹੀਂ ‘ਇਹ ਬੋਰਡ, ਸ਼ਰਾਈਨ ਅਤੇ ਇਸਦੇ ਆਲ਼ੇ-ਦੁਆਲ਼ੇ ਦੀ ਜ਼ਮੀਨ ‘ਤੇ ‘ਵਿਕਾਸ ਸਬੰਧੀ’ ਕਾਰਵਾਈਆਂ ਦੀ ਜ਼ਿੰਮੇਵਾਰੀ ਲੈ ਸਕਦਾ ਹੈ ਅਤੇ ਇਸ ਤੋਂ ਵੱਧ ਕੁੱਝ ਵੀ ਨਹੀਂ।

2003 ਵਿੱਚ ਐਨ. ਡੀ. ਏ. ਸਰਕਾਰ ਦੇ ਕਾਰਜਕਾਲ ਦੌਰਾਨ ਐੱਸ. ਕੇ. ਸਿਨਹਾ ਨੂੰ ਜੰਮੂ ਅਤੇ ਕਸ਼ਮੀਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ। ਜੁਲਾਈ 2004 ਵਿੱਚ ਜੰਮੂ ਦੀ ਹਾਈਕੋਰਟ ਵਿੱਚ ਰਾਜ ਸਰਕਾਰ ਖਿਲਾਫ਼ ਇੱਕ ਪਟੀਸ਼ਨ ਦਾਖਲ ਕੀਤੀ ਗਈ, ਕੁੱਝ ਰਿਆਸਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ। ਇਹ ਧਿਆਨ ਦੇਣ ਵਾਲ਼ੀ ਗੱਲ ਹੈ ਕਿ ਪਟੀਸ਼ਨ ਜੰਮੂ ਹਾਈ ਕੋਰਟ ਵਿੱਚ ਦਾਖਲ ਕੀਤੀ ਗਈ, ਜਦੋਂ ਕਿ ਅਮਰਨਾਥ ਗੁਫ਼ਾ ਕਸ਼ਮੀਰ ਵਿੱਚ ਸਥਿਤ ਹੈ। ਇਹਨਾਂ ਰਿਆਸਤਾਂ ਵਿੱਚ ਕਿਤੇ ਜ਼ਮੀਨ ਵੰਡਣ ਦੀ ਗੱਲ ਨਹੀਂ ਕੀਤੀ ਗਈ। ਇਸ ਪਟੀਸ਼ਨ ਦੀ ਸ਼ਰਾਈਨ ਬੋਰਡ ਨੇ ਪੂਰੀ ਤਰ੍ਹਾਂ ਹਿਮਾਇਤ ਕੀਤੀ। ਇਸ ਪਟੀਸ਼ਨ ਦਾ ਜਸਟਿਸ ਪ੍ਰਮੋਦ ਕੋਹਨੀ ਨੇ ਜਿਹੜਾ ਅਪ੍ਰੈਲ 2005 ਵਿੱਚ ਜਵਾਬ ਦਿੱਤਾ, ਉਹ ਹੈਰਾਨ ਕਰਨ ਵਾਲ਼ਾ ਸੀ। ਪਟੀਸ਼ਨ ਦੀਆਂ ਮੰਗਾਂ ਤੋਂ ਬਹੁਤ ਅੱਗੇ ਜਾਂਦੇ ਹੋਏ ਉਹਨਾਂ ਨੇ ਸਫ਼ਰ ਦੀ ਸਮਾਂ ਹੱਦ ਵਧਾ ਕੇ ਦੋ ਮਹੀਨੇ ਲਈ ਕਰ ਦਿੱਤੀ। ਨਾਲ਼ ਹੀ ਜ਼ਮੀਨ ਅਲਾਟ ਕਰਨ ਦੇ ਸਵਾਲ ‘ਤੇ ਬੋਰਡ ਨੂੰ ਆਦੇਸ਼ ਦਿੱਤਾ ਗਿਆ ਕਿ ਜ਼ਮੀਨ ਦੀ ਵਰਤੋਂ ਕਰਨ ਵਾਲ਼ੀ ਸੰਸਥਾ ਨੂੰ ਇਹ ਅਜ਼ਾਦੀ ਦਿੱਤੀ ਜਾਵੇ ਕਿ ਉਹ ਇਸ ‘ਤੇ ਉਸਾਰੀ ਸਬੰਧੀ ਸੁਧਾਰ ਕਰ ਸਕੇ। ਇਹ ਸੰਸਥਾ ਸੀ ਜੰਗਲਾਤ ਮਹਿਕਮਾ, ਜਿਸਦੀ ਸਕੱਤਰ ਸੀ ਸੋਨਾਲੀ ਕੁਮਾਰ ਜਿਹੜੀ ਕਿ ਸ਼ਰਾਈਨ ਬੋਰਡ ਦੇ ਮੁੱਖ ਅਧਿਕਾਰੀ ਅਰੁਣ ਕੁਮਾਰ ਦੀ ਪਤਨੀ ਹੈ। ਇਸ ਆਦੇਸ਼ ਖਿਲਾਫ਼ ਦਾਖਲ ਪਟੀਸ਼ਨ ਦਾ ਜਵਾਬ ਦਿੰਦੇ ਹੋਏ ਜਸਚਿਸ ਵਾਈ. ਪੀ. ਨਾਰਗੋਤਰਾ ਅਤੇ ਵੀ. ਕੇ. ਸ਼ਾਨ ਜੀ ਨੇ ਇੱਕ ਕਦਮ ਅੱਗੇ ਜਾਂਦੇ ਹੋਏ ਬੋਰਡ ਨੂੰ ਜ਼ਮੀਨ ਦੀ ਵੰਡ ਕਰਨ ਦੇ ਆਦੇਸ਼ ਦਿੱਤੇ। ਸੋਨਾਲਡੀ ਕੁਮਾਰ ਨੇ ਜੰਗਲਾਤ ਸੁਰੱਖਿਆ ਸਬੰਧੀ ਸਾਰੇ ਕਾਨੂੰਨ, ਜਿਨ੍ਹਾਂ ਅਨੁਸਾਰ ਜੰਗਲਾਤ ਮਹਿਕਮੇ ਦੀ ਕਿਸੇ ਵੀ ਜ਼ਮੀਨ ਦੀ ਵਰਤੋਂ ਲਈ ਕੈਬਿਨਟ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ, ਨੂੰ ਲਾਂਭੇ ਰੱਖ ਕੇ ਅਰੂਣ ਕੁਮਾਰ ਦੇ ਆਦੇਸ਼ਾਂ ਦਾ ਪਾਲਣ ਕੀਤਾ।

ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਨੇ ਜਦੋਂ ਇਸ ‘ਤੇ ਸਵਾਲ ਕੀਤਾ ਤਾਂ ਰਾਜਪਾਲ ਨੇ ਖੁਦ ਨੂੰ ਹੀ ਸਭ ਕੁੱਝ ਐਲਾਨਦੇ ਹੋਏ ਕਿਹਾ ਕਿ ਉਹਨਾਂ ਨੂੰ ਨਿੱਜੀ ਸੰਤੁਸ਼ਟੀ ਦੇ ਅਧਾਰ ‘ਤੇ ਜੋ ਠੀਕ ਲੱਗੇਗਾ ਉਹੀ ਕਰਨਗੇ ਅਤੇ ਉਹਨਾਂ ਨੂੰ ਮੁੱਖ ਮੰਤਰੀ ਦੀ ਸਲਾਹ ਦੀ ਕੋਈ ਲੋੜ ਨਹੀਂ ਹੈ। ਸ਼ਾਇਦ ਰਾਜਪਾਲ ਨੂੰ ਇਹ ਪਤਾ ਨਹੀਂ ਕਿ ਸ਼ਰਾਈਨ ਬੋਰਡ ਇੱਕ ਸੰਵਿਧਾਨਕ ਸੰਸਥਾ ਹੈ ਅਤੇ ਇਹ ਪੂਰੀ ਤਰ੍ਹਾਂ ਅਦਾਲਤ ਅਤੇ ਵਿਧਾਇਕਾਂ ਪ੍ਰਤੀ ਜਵਾਬਦੇਹ ਹੈ। ਇਸ ਪੂਰੀ ਕਾਰਸਤਾਨੀ ਤੋਂ ਬਾਅਦ ਮਈ, 2008 ਨੂੰ ਸ਼ਰਾਈਨ ਬੋਰਡ ਦੇ ਉੱਚ ਅਧਿਕਾਰੀ ਨੇ ਇਹ ਐਲਾਨ ਕੀਤਾ ਕਿ ਸਫਰ ਸਾਲ ਭਰ ਚੱਲੇਗਾ ਅਤੇ ਜੰਗਲਾਤ ਵਿਭਾਗ ਦੁਆਰਾ ਜ਼ਮੀਨ ਪੂਰੀ ਤਰ੍ਹਾਂ ਬੋਰਡ ਨੂੰ ਸੌਂਪ ਦਿੱਤੀ ਗਈ ਹੈ। 

2000 ਵਿੱਚ ਸ਼ਰਾਈਨ ਬੋਰਡ ਦੇ ਗਠਨ ਤੋਂ ਬਾਅਦ ਮਈ, 2008 ਜਦੋਂ ਤੱਕ ਕਿ ਜ਼ਮੀਨ ਅਲਾਟ ਕਰਨ ਦਾ ਐਲਾਨ ਹੋਇਆ, ਤਦ ਤੱਕ ਕਈ ਸਾਰੀਆਂ ਗੱਲਾਂ ਧਿਆਨ ਦੇਣ ਯੋਗ ਹਨ। ਅਮਰਨਾਥ ਸ਼ਰਾਈਨ ਬੋਰਡ ਰਾਹੀਂ ਭੂਮੀ ਅਲਾਟ ਕਰਨ ਨੂੰ ਲੈ ਕੇ ਜਿਹੜਾ ਤਰਕ ਦਿੱਤਾ ਗਿਆ ਉਹ ਕੁੱਝ ਇਸ ਤਰ੍ਹਾਂ ਸੀ। 1990 ਤੋਂ ਲੈ ਕੇ 2008 ਦਰਮਿਆਨ ਅਮਰਨਾਥ ਯਾਤਰਾ ਲਈ ਆਉਣ ਵਾਲ਼ੇ ਮੁਸਾਫਰਾਂ ਦੀ ਸੰਖਿਆ ਵਿੱਚ ਭਾਰੀ ਵਾਧਾ ਹੋਇਆ ਹੈ। ਇਨ੍ਹਾਂ ਮੁਸਾਫਰਾਂ ਨੂੰ ਰਹਿਣ, ਖਾਣ ਆਦਿ ਸਹੂਲਤਾਂ ਮੁਹੱਈਆ ਕਰਾਉਣ ਲਈ ਜ਼ਮੀਨ ਦੀ ਲੋੜ ਹੈ। ਨਿਸ਼ਚਿਤ ਹੀ ਮੁਸਾਫ਼ਰਾਂ ਲਈ ਸਹੂਲਤਾਂ ਕਰਾਉਣ ਲਈ ਜ਼ਮੀਨ ਦੀ ਲੋੜ ਹੈ। ਨਿਸ਼ਚਿਤ ਹੀ ਮੁਸਾਫ਼ਰਾਂ ਲਈ ਸਹੂਲਤਾਂ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਪਰ ਜੇਕਰ ਸਫ਼ਰ ਸਾਲ ਵਿੱਚ ਸਿਰਫ 3 ਮਹੀਨੇ ਲਈ ਹੁੰਦਾ ਹੈ, ਤਾਂ ਫਿਰ ਪੂਰੇ ਸਾਲ ਭਰ ਲਈ ਜ਼ਮੀਨ ਦੀ ਕੀ ਲੋੜ ਹੈ। ਦੂਜੀ ਗੱਲ ਜੇਕਰ ਮੁਸਾਫਰਾਂ ਦੀਆਂ ਸਹੂਲਤਾਂ ਦੀ ਹੀ ਗੱਲ ਹੈ ਤਾਂ ਜ਼ਮੀਨ ਸੋਨਮਾਰਗ ਵਾਲ਼ੇ ਰਸਤੇ, ਜਿਹੜਾ ਕਿ ਖ਼ਤਰਿਆਂ ਭਰਿਆ ਰਸਤਾ ਹੈ ਅਤੇ ਬਹੁਤ ਘੱਟ ਮੁਸਾਫਰ ਇਸਦੀ ਵਰਤੋਂ ਕਰਦੇ ਹਨ ‘ਤੇ ਕਿਉਂ ਲੈਣ ਜਾ ਰਹੇ ਹਨ। ਇਹ ਜ਼ਮੀਨ ਤਾਂ ਸ਼੍ਰੀ ਨਗਰ ਤੋਂ ਪਹਿਲਗਾਮ ਵਾਲ਼ੇ ਰਾਹ ‘ਤੇ ਲੈਣੀ ਚਾਹੀਦੀ ਸੀ। ਇਸ ਤੋਂ ਇਲਾਵਾ ਜੇਕਰ ਮੁਸਾਫਰਾਂ ਦੀ ਸੰਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਮੀਨ ਲੈ ਚੁੱਕੇ ਹਨ, ਤਾਂ ਭਾਰਤ ਦੇ ਕਿਸੇ ਹੋਰ ਤੀਰਥ ਸਥਾਨ ਜਿਵੇਂ ਕੁੰਭ ਦਾ ਮੇਲਾ, ਉਤਰਾਖੰਡ ਵਿੱਚ ਗੰਗੋਤਰੀ ਅਤੇ ਗੋਮੁਖ ਆਦਿ ਜਿੱਥੇ ਮੁਸਾਫਰਾਂ ਦੀ ਤਦਾਦ ਅਮਰਨਾਥ ਤੋਂ ਕਿਤੇ ਵੱਧ ਹੁੰਦੀ ਹੈ, ਉੱਥੇ ਜ਼ਮੀਨ ਅਲਾਟ ਕਰਨ ਦਾ ਕੋਈ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ਹੈ। ਇਨ੍ਹਾਂ ਤੀਰਥ ਸਥਾਨਾਂ ‘ਤੇ ਸਫ਼ਰ ਦੌਰਾਨ ਪ੍ਰਸ਼ਾਸਨ ਆਲ਼ੇ-ਦੁਆਲ਼ੇ ਦੀ ਜ਼ਮੀਨ ਅਸਥਾਈ ਤੌਰ ‘ਤੇ ਵਰਤੋਂ ਵਿੱਚ ਲਿਆਉਂਦਾ ਹੈ ਅਤੇ ਫਿਰ ਜ਼ਮੀਨ ਵਾਪਸ ਦੇ ਦਿੱਤੀ ਜਾਂਦੀ ਹੈ। 

ਪੂਰੇ ਮੱਸਲੇ ਦੀ ਠੀਕ ਢੰਗ ਨਾਲ਼ ਪੜਤਾਲ਼ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਮੁਸਾਫਰਾਂ ਦੀਆਂ ਸਹੂਲਤਾਂ ਤਾਂ ਇੱਕ ਬਹਾਨਾ ਹੈ, ਜ਼ਮੀਨ ਦੇਣ ਪਿੱਛੇ ਕੁੱਝ ਲੋਕਾਂ ਦੇ ਨਿੱਜੀ ਹਿੱਤ ਕੰਮ ਕਰ ਰਹੇ ਹਨ। ਪਿਛਲੇ ਦਹਾਕੇ ਦੌਰਾਨ ਭਾਰਤ ਵਿੱਚ ਤੀਰਥ ਯਾਤਰਾਵਾਂ ਲਈ ਜਾਣ ਵਾਲ਼ੇ ਮੁਸਾਫਰਾਂ ਦੇ ਜਮਾਤੀ-ਖਾਸੇ ਵਿੱਚ ਵੱਡੀ ਤਬਦੀਲੀ ਆਈ ਹੈ। ਜਿੱਥੇ 60 ਦੇ ਦਹਾਕੇ ਵਿੱਚ ਮੱਧ-ਵਰਗ ਬਹੁਤ ਮੁਸ਼ਕਲ ਨਾਲ਼ ਸਫ਼ਰ ਖਰਚ ਝੱਲਦਾ ਸੀ, ਉੱਥੇ ਅੱਜ ਤੀਰਥ-ਯਾਤਰਾਵਾਂ ‘ਤੇ ਪਹੁੰਚਣ ਵਾਲ਼ੇ ਮੁਸਾਫਰ ਮਹਿੰਗੀਆਂ ਸੁੱਖ-ਸਹੂਲਤਾਂ ਚਾਹੁੰਦੇ ਹਨ। ਅਮਰਨਾਥ ਯਾਤਰਾ ਦੀ ਵੀ ਇਹੀ ਸਥਿਤੀ ਹੈ। ਇੱਕ ਆਮ ਆਦਮੀ ਜਿੱਥੇ ਅਜਿਹੀਆਂ ਯਾਤਰਾਵਾਂ ਦਾ ਸਿਰਫ਼ ਸੁਪਨਾ ਦੇਖ ਸਕਦਾ ਹੈ, ਉੱਥੇ ਅੱਜ ਉਦਯੋਗਪਤੀਆਂ ਤੋਂ ਲੈ ਕੇ ਦੁਕਾਨਦਾਰਾਂ ਦੀ ਜੋ ਭੀੜ ਇੱਥੇ ਪਹੁੰਚਦੀ ਹੈ, ਉਹ ਹਵਾਈ ਜਹਾਜ ਦੀ ਵਰਤੋਂ ਕਰਦੀ ਹੈ ਅਤੇ ਸਫ਼ਰ ਦੌਰਾਨ ਮਹਿੰਗੀਆਂ ਸੁੱਖ-ਸਹੂਲਤਾਂ ਚਾਹੁੰਦੀ ਹੈ। ਉਸਨੂੰ ਟੈਂਟ ਦੀ ਬਜਾਏ ਵੱਡੇ ਹੋਟਲ ਚਾਹੀਦੇ ਹਨ, ਛੋਟੀਆਂ-ਵੱਡੀਆਂ ਦੁਕਾਨਾਂ ਦੀ ਬਜਾਏ ਵੱਡੇ ਰੈਸਤਰਾਂ ਅਤੇ ਸ਼ਾਪਿੰਗ ਮਾਲ ਚਾਹੀਦੇ ਹਨ। ਇਨ੍ਹਾਂ ਸਾਰੀਆਂ ਚੀਜਾਂ ਨੂੰ ਖੜ੍ਹਾ ਕਰਕੇ ਬਹੁਤ ਵੱਡਾ ਮੁਨਾਫਾ ਕਮਾਇਆ ਜਾ ਸਕਦਾ ਹੈ ਅਤੇ ਬਹੁਤੇ ਲੋਕਾਂ ਦੀ ਇਸ ‘ਤੇ ਨਜ਼ਰ ਸੀ। ਸ਼ਰਾਈਨ ਬੋਰਡ ਦੇ ਬਣਨ ਪਿੱਛੇ ਮੁੱਖ ਉਦੇਸ਼ ਇਹੀ ਸੀ। ਇਸ ਕੰਮ ਵਿੱਚ ਜਿਹੜੀ ਇੱਕ ਮੁਸ਼ਕਿਲ ਸਾਹਮਣੇ ਆਈ, ਉਹ ਇਹ ਕਿ ਵੱਡੇ ਹੋਟਲ ਤੋਂ ਲੈ ਕੇ ਸ਼ਾਪਿੰਗ ਮਾਲ ਖੜ੍ਹੇ ਕਰਨ ਲਈ ਸਥਾਈ ਤੌਰ ‘ਤੇ ਜ਼ਮੀਨ ਚਾਹੀਦੀ ਹੋਵੇਗੀ। ਭਾਵ ਕਿ ਜ਼ਮੀਨ ਦੀ ਮਾਲਕੀ ਚਾਹੀਦੀ ਹੋਵੇਗੀ। ਇਸ ਮਾਲਕੀ ਨੂੰ ਹਾਸਿਲ ਕਰਨ ਲਈ ਅਕਤੂਬਰ, 2004 ਤੋਂ ਲੈ ਕੇ ਮਈ, 2008 ਤੱਕ ਪੂਰਾ ਨਾਟਕ ਕੀਤਾ ਗਿਆ। ਐੱਸ. ਕੇ. ਸਿਨ੍ਹਾ ਨੂੰ ਲੈ ਕੇ ਅਰੁਣ ਕੁਮਾਰ ਅਤੇ ਸੋਨਾਲੀ ਕੁਮਾਰ ਤੱਕ ਸਾਰਿਆਂ ਨੇ ਇਹ ਚੰਗੀ ਤਰ੍ਹਾਂ ਸਿੱਧ ਕੀਤਾ ਕਿ ਨਿਯਮਾਂ ਅਤੇ ਕਾਨੂੰਨਾਂ ਦੀ ਕੀ ਅਸਲੀਅਤ ਹੈ। ਪੈਸੇ ਵਾਲ਼ੇ ਲੋਕਾਂ ਸਾਹਮਣੇ, ਕੋਰਟ-ਕਚਿਹਰੀਆਂ ਤੋਂ ਲੈ ਕੇ ਰਾਜਪਾਲ ਤੱਕ ਸਾਰੇ ਆਪਣੇ ਕੰਮ ਬਿਹਤਰ ਢੰਗ ਨਾਲ਼ ਸਮਝਦੇ ਹਨ। 

ਜੇਕਰ ਮੁੱਦਾ ਇੱਥੋਂ ਤੱਕ ਸੀਮਤ ਰਹਿੰਦਾ, ਤਾਂ ਸ਼ਾਇਦ ਲੋਕ ਗ਼ੈਰ-ਕਾਨੂੰਨੀ ਤੌਰ ‘ਤੇ ਕੀਤੀ ਗਈ ਜ਼ਮੀਨ ਦੀ ਅਲਾਟਮੈਂਟ ਨੂੰ ਪ੍ਰਵਾਨ ਕਰ ਲੈਂਦੇ, ਪਰ ਪੂਰੇ ਮੁੱਦੇ ਨੇ ਇੱਥੇ ਇੱਕ ਵੱਖਰਾ ਮੋੜ ਲੈ ਲਿਆ। ਹੁਣੇ ਹੀ ਆ ਰਹੀਆਂ ਕੇਂਦਰੀ ਚੋਣਾਂ ਅਤੇ ਜੰਮੂ-ਕਸ਼ਮੀਰ ਵਿਧਾਨਸਭਾ ਚੋਣਾਂ ਨੂੰ ਵੇਖਦੇ ਹੋਏ ਹਿੰਦੂਵਾਦੀਆਂ ਨੇ ਪਹਿਲ ਕੀਤੀ। ਰਾਸ਼ਟਰੀ ਸਵੈ-ਸੇਵਕ ਸੰਘ ਤੋਂ ਲੈ ਕੇ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ ਤੱਕ ਸਾਰਿਆਂ ਨੇ ਇਸ ਪੂਰੇ ਮੁੱਦੇ ਨੂੰ ਧਾਰਮਿਕ ਰੰਗਤ ਦੇਣ ਦੀਆਂ ਕਵਾਇਦਾਂ ਸ਼ੁਰੂ ਕੀਤੀਆਂ। ਇਹ ਦਲੀਲ ਦਿੰਦੇ ਹੋਏ ਕਿ ਕਿਉਂ ਜੋ ਅਮਰਨਾਥ ਗੁਫਾ ਹਿੰਦੂਆਂ ਦਾ ਤੀਰਥ ਸਥਾਨ ਅਤੇ ਇਸ ਸਫਰ ਲਈ ਆਉਣ ਵਾਲ਼ੀ ਬਹੁ ਗਿਣਤੀ ਅਬਾਦੀ ਹਿੰਦੂਆਂ ਦੀ ਹੈ। ਇਸ ਲਈ ਕਸ਼ਮੀਰੀ ਲੋਕ ਅਤੇ ਮੁਫ਼ਤੀ ਮੁਹੰਮਦ ਸਈਦ ਸਰਕਾਰ ਸ਼ਰਾਈਨ ਬੋਰਡ ਨੂੰ ਜ਼ਮੀਨ ਨਹੀਂ ਦੇ ਰਹੀ ਹੈ। ਉਹਨਾਂ ਅਨੁਸਾਰ ਕਸ਼ਮੀਰੀ ਨਹੀਂ ਚਾਹੁੰਦੇ ਕਿ ਹਿੰਦੂਆਂ ਨੂੰ ਯਾਤਰਾ ਦੌਰਾਨ ਸੁੱਖ-ਸਹੂਲਤਾਂ ਮਿਲ ਸਕਣ। ਇਸ ਦਲੀਲ ਦੇ ਦਮ ‘ਤੇ ਉਹਨਾਂ ਨੇ ਜੰਮੂ ਵਿੱਚ ਸੰਘਰਸ਼ ਵਿੱਢਣ ਦੀ ਕੋਸ਼ਿਸ਼ ਕੀਤੀ। ਇਸ ਲਈ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਸੰਘੀਆਂ ਅਤੇ ਵਿਹਿਪ ਕਾਰਕੁੰਨਾਂ ਨੂੰ ਜੰਮੂ ਰਵਾਨਾ ਕੀਤਾ ਗਿਆ। ਇਸ ਸਭ ਦੇ ਬਾਵਜੂਦ ਲੰਮੇ ਸਮੇਂ ਤੱਕ ਲੋਕ ਇਹਨਾਂ ਨਾਲ਼ ਖੜੇ ਹੋਣ ਲਈ ਤਿਆਰ ਨਹੀਂ ਸਨ। ਲੰਮੇ ਯਤਨਾਂ ਅਤੇ ਭੜਕਾਊ ਭਾਸ਼ਣਾਂ ਅਤੇ ਨਾਅਰਿਆਂ ਬਾਅਦ ਲੋਕ ਕਸ਼ਮੀਰ ਵਿੱਚ ਖੜ੍ਹੀ ਕੀਤੀ ਲਹਿਰ ਦੀ ਪ੍ਰਤੀਕਿਰਿਆ ਸਦਕਾ ਇਸ ਲਹਿਰ ਵਿਚ ਸ਼ਮੂਲੀਅਤ ਕਰਨ ਲਈ ਅੱਗੇ ਆਏ।

ਹਿੰਦੂਵਾਦੀ ਜੱਥੇਬੰਦੀਆਂ ਦੇ ਕਾਰਕੁੰਨਾਂ ਤੋਂ ਅਸੀਂ ਪੁੱਛਣਾ ਚਾਹਾਂਗੇ ਕਿ ਕੀ ਉਹਨਾਂ ਨੂੰ ਉਦੋਂ ਕੋਈ ਔਖ ਕਿਉਂ ਨਹੀਂ ਹੋਈ ਜਦੋਂ ਇਹੀ ਕਸ਼ਮੀਰੀ ਅਮਰਨਾਥ ਦੇ ਮੁਸਾਫਰਾਂ ਦੇ ਰਹਿਣ-ਸਹਿਣ ਤੋਂ ਲੈ ਕੇ ਖਾਣ-ਪੀਣ ਦੇ ਸਾਰੇ ਪ੍ਰਬੰਧ ਕਰਦੇ ਸਨ। ਉਹਨਾਂ ਨੂੰ ਅੱਜ ਹਿੰਦੂਆਂ ਦੀ ਬਹੁਤ ਯਾਦ ਆ ਰਹੀ ਹੈ। ਜਦੋਂ ਮੁੱਠੀ ਭਰ ਧਨਾਢਾਂ ਦੇ ਹਿੱਤ ਪ੍ਰਭਾਵਿਤ ਹੋ ਰਹੇ ਹਨ। 

ਇੱਕ ਪਾਸੇ ਜਿੱਥੇ ਹਿੰਦੂਵਾਦੀਆਂ ਨੇ ਇਹ ਪੈਂਤੜਾ ਅਪਣਾਇਆ ਉੱਥੇ ਹੁਰੀਅਤ ਵਰਗੀ ਵੱਖਵਾਦੀ ਜੱਥੇਬੰਦੀ ਨੇ ਵੀ ਮੌਕੇ ਦਾ ਪੂਰਾ ਫਾਇਦਾ ਲਿਆ। ਉਹਨਾਂ ਨੇ ਦਲੀਲ ਦਿੱਤੀ ਕਿ ਇਸ ਤਰ੍ਹਾਂ ਜ਼ਮੀਨ ਅਲਾਟ ਕਰਕੇ, ਕਸ਼ਮੀਰ ਜਿਹੜਾ ਕਿ ਮੁਸਲਿਮ ਅਬਾਦੀ ਵਾਲ਼ਾ ਇਲਾਕਾ ਹੈ। ਉੱਥੋਂ ਦੀ ਅਬਾਦੀ ਦਾ ਅਨੁਪਾਤ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਅਨੁਸਾਰ ਇਸ ‘ਤੇ ਹਿੰਦੂਆਂ ਨੂੰ ਵਸਾਇਆ ਜਾਵੇਗਾ ਅਤੇ ਮੁਸਲਮਾਨਾਂ ਦੀ ਬਹੁਗਿਣਤੀ ਦੇ ਅਨੁਪਾਤ ਨੂੰ ਪ੍ਰਭਾਵਿਤ ਕੀਤਾ ਜਾਵੇਗਾ। ਇਸ ਦਲੀਲ ਨੇ ਕਸ਼ਮੀਰੀ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਸਿੱਟੇ ਵਜੋਂ ਉੱਥੇ ਇੱਕ ਵਿਸ਼ਾਲ ਲੋਕ ਲਹਿਰ ਖੜ੍ਹੀ ਹੋ ਗਈ। ਇਸ ਲਹਿਰ ਵਿੱਚ ਬਜ਼ੁਰਗਾਂ ਅਤੇ ਨਾਗਰਿਕਾਂ ਨੂੰ ਲੈ ਕੇ ਨੌਜਵਾਨਾਂ ਅਤੇ ਸਕੂਲੀ ਬੱਚਿਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। 

ਇਹ ਜ਼ਰੂਰੀ ਹੈ ਕਿ ਇਸ ਗੱਲ ਦੀ ਪੜਤਾਲ਼ ਕੀਤੀ ਜਾਵੇ ਕਿ ਜਿੱਥੇ ਜੰਮੂ ਵਿੱਚ ਲਹਿਰ ਦਾ ਪੱਧਰ ਬਹੁਤ ਸੀਮਤ ਸੀ, ਉੱਥੇ ਕਸ਼ਮੀਰ ਵਿੱਚ ਇਸ ਮੁੱਦੇ ਨੂੰ ਲੈ ਕੇ ਵਿਸ਼ਾਲ ਲਹਿਰ ਉੱਭਰ ਆਈ। ਬੁਨਿਆਦੀ ਕਾਰਨ ਹੈ, ਕਸ਼ਮੀਰ ਦੇ ਲੋਕਾਂ ਨਾਲ਼ ਪਿਛਲੇ 60 ਸਾਲ ਤੋਂ ਕੀਤਾ ਜਾਣ ਵਾਲਾ ਮਤਰੇਈਆਂ ਵਾਲ਼ਾ ਸਲੂਕ। ਅਜ਼ਾਦੀ ਦੇ ਤੁਰੰਤ ਬਾਅਦ ਹੀ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾਉਣ ਨੂੰ ਲੈ ਕੇ ਵਿਵਾਦ ਰਿਹਾ ਸੀ। ਜੰਮੂ ਅਤੇ ਕਸ਼ਮੀਰ ਰਾਜ ਰਾਜਾ ਹਰੀ ਸਿੰਘ ਦੇ ਅਧੀਨ ਸੀ। ਪੰਡਿਤ ਨਹਿਰੂ ਨੇ ਰਾਜਾ ਹਰੀ ਸਿੰਘ ਨੂੰ ਨਾਲ਼ ਲੈ ਕੇ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਵਿੱਚ ਮਿਲ਼ਾ ਲਿਆ। ਉਸ ਸਮੇਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਵਿਸ਼ਵਾਸ ਵਿੱਚ ਨਹੀਂ ਲਿਆ ਗਿਆ। ਭਾਰਤ ਅਤੇ ਗੁਆਂਢੀ ਦੇਸ਼ ਦੋਨਾਂ ਦੇ ਲੋਕ ਕੀ ਚਾਹੁੰਦੇ ਹਨ? ਇਸਦੀ ਅਣਦੇਖੀ ਕਰਦੇ ਹੋਏ ਆਪਣੇ ਰਾਜ ਵਿਸਥਾਰ ਦੀ ਲਾਲਸਾ ਲੈ ਕੇ ਵੱਧਦੇ ਗਏ। ਉਂਝ ਪੰਡਿਤ ਨਹਿਰੂ ਅਤੇ ਸਾਡੇ ਗੁਆਂਢੀ ਦੇਸ਼ਾਂ ਦੇ ਆਗੂਆਂ ਤੋਂ ਇਸ ਤੋਂ ਇਲਾਵਾ ਕੁੱਝ ਉਮੀਦ ਨਹੀਂ ਕੀਤੀ ਜਾ ਸਕਦੀ।

ਭਾਰਤ ਵਿੱਚ ਜੰਮੂ ਅਤੇ ਕਸ਼ਮੀਰ ਦੇ ਇਲਹਾਕ ਦੇ ਤੁਰੰਤ ਬਾਅਦ ਤੋਂ ਹੀ ਉੱਥੇ ਸਰਕਾਰੀ ਜ਼ਬਰ ਜਾਰੀ ਰਿਹਾ ਹੈ। ਨਹਿਰੂ ਨੂੰ ਇਸ ਗੱਲ ਦਾ ਡਰ ਸੀ, ਕਿ ਕਿਤੇ ਵਿਸ਼ਾਲ ਲਹਿਰ ਨਾ ਖੜ੍ਹੀ ਹੋ ਜਾਵੇ ਅਤੇ ਆਪਣੇ ਹੱਕਾਂ ਦੀ ਗੱਲ ਕਰਨ ਲੱਗੇ. ਜਿੱਥੇ ਲੋਕਾਂ ਵਿੱਚ ਫੈਲੀ ਬੇਚੈਨੀ ਨੂੰ ਇੱਕ ਸੁਚੱਜਾ ਸ਼ਾਸਨ ਸੌਂਪਣ ਅਤੇ ਜਿਉਂਦੇ ਰਹਿਣ ਲਈ ਬੁਨਿਆਦੀ ਸਹੂਲਤਾਂ ਦੇ ਕੇ, ਦੂਰ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਸੀ, ਉੱਥੇ ਲੋਕਾਂ ‘ਤੇ ਜ਼ਬਰ ਦੀ ਨੀਤੀ ਅਪਣਾਈ ਗਈ। ਪਰ ਇਸ ਵਿੱਚ ਨਹਿਰੂ ਦੀ ਵੀ ਗਲਤੀ ਨਹੀਂ ਹੈ। ਇਸ ਪ੍ਰਬੰਧ ਵਿੱਚ ਵਿਸ਼ਾਲ ਲੋਕਾਈ ਨੂੰ ਜਿਉਣ ਦੀਆਂ ਸਹੂਲਤਾਂ ਮੁਹੱਈਆ ਕਰਾਉਣਾ ਅਸੰਭਵ ਹੈ। ਇਸ ਵਿੱਚ ਵੀ ਜੰਮੂ ਅਤੇ ਕਸ਼ਮੀਰ ਨਾਲ਼ ਵੱਖ-ਵੱਖ ਸਲੂਕ ਕੀਤਾ ਗਿਆ। ਕਿਉਂਕਿ ਕਸ਼ਮੀਰ ਪਾਕਿਸਤਾਨ ਦੇ ਵੱਧ ਨੇੜੇ ਸੀ ਅਤੇ ਉੱਥੇ ਮੁਸਲਿਮ ਅਬਾਦੀ ਦੀ ਵਧੇਰੇ ਸੀ, ਉੱਥੇ ਜ਼ਬਰ ਵਧੇਰੇ ਤਿੱਖਾ ਸੀ। ਜੰਮੂ ਵਿੱਚ ਜਿੱਥੇ ਕੁੱਝ ਹਸਪਤਾਲ, ਸਕੂਲ, ਕਾਲਜ ਆਦਿ ਬਣਵਾਏ ਗਏ, ਉੱਥੇ ਕਸ਼ਮੀਰ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ। ਇਸ ਕਾਰਨ ਲਗਾਤਾਰ ਲੋਕ ਸੜਕਾਂ ‘ਤੇ ਆ ਰਹੇ ਸਨ ਅਤੇ ਅਜ਼ਾਦੀ ਦੀ ਮੰਗ ਕਰ ਰਹੇ ਸਨ। ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਸਰਕਾਰ ਨੇ ਫ਼ੌਜ ਰਾਹੀਂ ਜ਼ਬਰ ਢਾਹਿਆ। ਪਿਛਲੇ ਸੱਠਾਂ ਸਾਲਾਂ ਤੋਂ ਲਗਾਤਾਰ ਫ਼ੌਜ ਦੇ ਜਵਾਨਾਂ ਦਾ ਹੱਥ ਖੁੱਲ੍ਹਾ ਛੱਡਿਆ ਗਿਆ ਹੈ। ਇਹੀ ਕਾਰਨ ਹੈ ਕਿ ਹਰ ਰੋਜ ਬੇਗੁਨਾਹ ਲੋਕਾਂ ਨੂੰ ਦਹਿਸ਼ਤਗਰਦੀ ਦੇ ਨਾਂ ‘ਤੇ ਮਾਰਿਆ ਜਾਂਦਾ ਹੈ, ਬੱਚਿਆਂ ਅਤੇ ਇਸਤਰੀਆਂ ਨਾਲ਼ ਬਦਸਲੂਕੀ ਕੀਤੀ ਜਾਂਦੀ ਹੈ। ਇਸ ‘ਤੇ ਜਦੋਂ ਲੋਕ ਵਿਦਰੋਹ ਕਰਦੇ ਹਨ, ਤਾਂ ਉਹਨਾਂ ‘ਤੇ ਵੱਖਵਾਦੀ ਦਾ ਲੇਬਲ ਜੜ ਦਿੱਤਾ ਜਾਂਦਾ ਹੈ। ਭਾਰਤ ਸਰਕਾਰ ਦੇ ਜੰਮੂ ਅਤੇ ਕਸ਼ਮੀਰ ਨਾਲ਼ ਦੋਹਰੇ ਸਲੂਕ ਦੀ ਝਲਕ ਹੁਣ ਹੀ ਦੀ ਲਹਿਰ ਦੌਰਾਨ ਵੀ ਮਿਲ਼ੀ ਹੈ। ਜੰਮੂ ਵਿੱਚ ਜਿੱਥੇ ਬਹੁਤ ਘੱਟ ਲੋਕ ਮਰੇ ਅਤੇ ਕਰਫਿਊ ਵੀ ਸਧਾਰਨ ਰੱਖਿਆ ਗਿਆ, ਉੱਥੇ ਕਸ਼ਮੀਰ ਵਿੱਚ ਬਹੁਤ ਲੋਕ ਮਾਰੇ ਗਏ। ਜੇਕਰ ਉੱਥੋਂ ਦੇ ਅਖ਼ਬਾਰਾਂ ਦੀਆਂ ਖ਼ਬਰਾਂ ਨੂੰ ਮੰਨਿਆ ਜਾਵੇ ਤਾਂ ਸ਼ਾਇਦ ਪਿਛਲੇ ਸਾਲਾਂ ਵਿੱਚ ਹੋਇਆ ਸਭ ਤੋਂ ਭਿਆਨਕ ਜ਼ਬਰ ਸੀ। ਆਮ ਲੋਕਾਂ ਤੋਂ ਲੈ ਕੇ ਡਾਕਟਰਾਂ ਤੱਕ ਨੂੰ ਸ਼ਰੇਆਮ ਮਾਰਿਆ ਗਿਆ। ਅਜਿਹੇ ਵਿੱਚ ਕਿਉਂ ਨਾ ਕਰਨ ਉੱਥੋਂ ਦੇ ਲੋਕ ਅਜ਼ਾਦੀ ਦੀ ਮੰਗ! ਕਿਉਂ ਨਾ ਕਰਨ ਉਹ ਲੋਕ ਦੂਜੇ ਮੁਲਕ ਨਾਲ਼ ਜੁੜਨ ਦੀ ਗੱਲ! ਲੋਕ ਵੱਖਵਾਦੀ ਨਹੀਂ ਹਨ, ਪਰ ਪਿਛਲੇ 60 ਸਾਲਾਂ ਤੋਂ ਭਾਰਤ ਸਰਕਾਰ ਉਹਨਾਂ ਨੂੰ ਵੱਖਵਾਦੀ ਬਣਨ ਲਈ ਮਜ਼ਬੂਰ ਕਰ ਰਹੀ ਹੈ। 

ਇਸ ਸਭ ਵਿੱਚੋਂ ਜਿਹੜਾ ਸਭ ਤੋਂ ਵੱਡਾ ਸਵਾਲ ਉੱਭਰ ਕੇ ਆਉਂਦਾ ਹੈ, ਉਹ ਇਹ ਕਿ ਆਮ ਲੋਕ ਕੀ ਕਰਨ? ਕੀ ਉਹ ਭਾਰਤੀ ਦਾਬੇ ਨੂੰ ਪ੍ਰਵਾਨ ਕਰਕੇ ਚੁੱਪ ਕਰਕੇ ਬਹਿ ਜਾਣ? ਜਾਂ ਫਿਰ ਹੁਰੀਅਤ ਦੇ ਕਹਿਣ ‘ਤੇ ਇੱਕ ਅਜ਼ਾਦ ਰਾਜ ਦੀ ਸਥਾਪਨਾ ਦੀ ਮੰਗ ਕਰਨ। ਜਾਂ ਫਿਰ ਪਾਕਿਸਤਾਨ ‘ਚ ਸ਼ਾਮਿਲ ਹੋ ਜਾਣ। ਇਨ੍ਹਾਂ ਵਿੱਚੋਂ ਕੁੱਝ ਵੀ ਹੋਵੇ ਬਾਹਰਮੁਖੀ ਸੱਚਾਈ ਇਹ ਹੈ, ਭਾਰਤ ਸਰਕਾਰ ਹੋਵੇ, ਪਾਕਿਸਤਾਨ ਸਰਕਾਰ ਹੋਵੇ ਜਾਂ ਫਿਰ ਹੁਰੀਅਤ ਉਹਨਾਂ ਨੂੰ ਆਮ ਲੋਕਾਈ ਨਾਲ਼ ਕੋਈ ਸਰੋਕਾਰ ਨਹੀਂ ਹੈ। ਉਹਨਾਂ ਦਾ ਸਰੋਕਾਰ ਹੈ ਤਾਂ ਸਿਰਫ਼ ਸ਼ਾਸਨ ਦੀ ਵਾਗਡੋਰ ਨਾਲ਼। ਇਸ ਸੰਕਟ ਦੀਆਂ ਜੜ੍ਹਾਂ ਕਿਤੇ ਨਾ ਕਿਤੇ ਦੁਨੀਆਂ ਵਿੱਚ ਇਸ ਸਮੇਂ ਸਥਾਪਿਤ ਉਸ ਅਨਿਆਂ ਅਤੇ ਲੁੱਟ ਦੇ ਢਾਂਚੇ ਨਾਲ਼ ਜੁੜੀਆਂ ਹਨ ਜਿਹੜਾ ਆਮ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦਾ। ਭਾਰਤ ਹੋਵੇ ਜਾਂ ਪਾਕਿਸਤਾਨ ਜਾਂ ਫਿਰ ਇੱਕ ਅਜ਼ਾਦ ਕਸ਼ਮੀਰ, ਆਮ ਲੋਕਾਂ ਦੀ ਮੁਕਤੀ ਦਾ ਰਾਹ ਫੈਸਲਾਕੁੰਨ ਪ੍ਰਬੰਧ ਤਬਦੀਲੀ ਨਾਲ਼ ਹੀ ਸੰਭਵ ਹੈ। ਇਹਨਾਂ ਸਭ ਦੇ ਬਾਵਜੂਦ ਤੈਅ ਕਰਨ ਦੇ ਆਖਰੀ ਹੱਕਦਾਰ ਕਸ਼ਮੀਰੀ ਲੋਕ ਹੀ ਹਨ। ਇਹੋ ਸੱਚੀ ਜਮਹੂਰੀਅਤ ਦਾ ਨਿਯਮ ਹੈ। 
 

 

 

ਅੰਕ-06 ਅਕਤੂਬਰ-ਦਸੰਬਰ 2008 ਵਿਚ ਪ੍ਰਕਾਸ਼ਿ

 

 

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s