ਦ੍ਰਿਸ਼ਟੀ
ਮਨੁਖੀ ਸੱਭਿਅਤਾ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਮਨੁੱਖ ਵਿਗਿਆਨ ਦੀ ਸਹਾਇਤਾ ਨਾਲ ਤਰੱਕੀ ਕਰਦਾ ਰਿਹਾ ਹੈ। ਵਿਗਿਆਨ ਦੇ ਹਥਿਆਰ ਨਾਲ ਲੈਸ ਹੋ ਕੇ ਮਨੁੱਖ ਨੇ ਆਪਣੇ ਆਪ ਨੂੰ ਅਜ਼ਾਦ ਕਰਕੇ ਆਪਣੀ ਅਗਿਆਨਤਾ ਨੂੰ ਦੂਰ ਕੀਤਾ ਹੈ ਅਤੇ ਅੱਜ ਵੀ ਮਨੁੱਖ ਵਿਗਿਆਨ ਦੀ ਮਸ਼ਾਲ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਅਗਿਆਤ ਡਰ ਦੀਆਂ ਸੁਰੰਗਾਂ ਦੇ ਗੂੜੇ ਹਨੇਰੇ ਨੂੰ ਚੀਰਦੇ ਹੋਏ ਭਵਿੱਖ ਦੇ ਰਸਤੇ ’ਤੇ ਅੱਗੇ ਵਧ ਰਿਹਾ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਹਾਲੀਵੁਡ ਦੇ ਫਿਲਮ ਨਿਰਦੇਸ਼ਕਾਂ ਦੁਆਰਾ ਬਣਾਈਆਂ ਜਾ ਰਹੀਆਂ ਫਿਲਮਾਂ ਵਿੱਚ ਵਿਗਿਆਨ ਦੇ ਸਿਰਜਣਕਾਰੀ ਰੂਪ ਦੀ ਥਾਂ ਉਸਦੇ ਤਬਾਹਕੁਨ ਰੂਪ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਮਨੁੱਖ ਦੇ ਹੱਥਾਂ ਵਿੱਚ ਵਿਗਿਆਨ ਦੇ ਹਥਿਆਰ ਨੂੰ ਇੱਕ ਰਾਹ ਦਿਖਾਵੇ ਦੀ ਥਾਂ ਇੱਕ ਆਤਮਘਾਤੀ ਹਥਿਆਰ ਦੇ ਰੂਪ ਵਿੱਚ ਵਿਖਾਇਆ ਜਾ ਰਿਹਾ ਹੈ।
ਤਰਾਂ-ਤਰਾਂ ਦੇ ਅਲੋਪ ਹੋ ਚੁੱਕੇ ਜਾਂ ਹਾਲੇ ਵੀ ਹੋਂਦ ਰੱਖਦੇ ਜੀਵ-ਜੰਤੂਆਂ ਉਪਰ ਵਿਗਿਆਨਕ ਪ੍ਰਯੋਗਾਂ ਦੇ ਮਾਰੂ ਨਤੀਜਿਆਂ ਦੇ ਮਾਧਿਅਮ ਰਾਹੀਂ ਵਿਗਿਆਨ ਦੇ ਤਬਾਹਕੁਨ ਰੂਪ ਨੂੰ ਪੇਸ਼ ਕੀਤਾ ਜਾ ਰਿਹਾ ਹੈ। `ਡੀਪ ਬਲਿਉ ਸੀ’ (ਮੌਤ ਦਾ ਸਮੁੰਦਰ) ਵਿੱਚ ਪਾਰਕਿਸਨ ਬਿਮਾਰੀ ਦੇ ਇਲਾਜ ਲਈ ਸ਼ਾਰਕ ਮੱਛੀ ਦੇ ਦਿਮਾਗ ਵਿੱਚੋਂ ਥੋੜਾ ਪ੍ਰੋਟੀਨ ਕੱਢਣ ਤੇ ਉਸਦਾ ਬਦਹਵਾਸ ਹੋ ਕੇ ਪ੍ਰਯੋਗ ਕਰਨ ਵਾਲਿਆਂ ਲਈ ਹੀ ਕਾਲ ਬਣ ਜਾਣਾ, `ਐਨਾਕੋਂਡਾ’ ਅਤੇ `ਕਿੰਗ ਕੋਬਰਾ’ ਵਿੱਚ ਸੱਪਾਂ ਨਾਲ ਛੇੜਖਾਨੀ ਕਰਨ ’ਤੇ ਉਹਨਾਂ ਦਾ ਖਤਰਨਾਕ ਰੂਪ ਵਿੱਚ ਸਾਹਮਣੇ ਆਉਣਾ `ਜੁਰਾਸਿਕ ਪਾਰਕ’ ਅਤੇ `ਲੌਸਟ ਵਰਲਡ’ ਵਿੱਚ ਪ੍ਰਯੋਗਾਂ ਤੋਂ ਬਾਅਦ `ਡਾਇਨਾਸੋਰ’ ਦਾ ਮੁੜ ਪੈਦਾ ਹੋ ਕੇ ਵਿਨਾਸ਼ ਮਚਾਉਣਾ, `ਬੈਟਸ’ ਵਿੱਚ ਵਿਗਿਆਨਕ ਪ੍ਰਯੋਗਾਂ ਕਾਰਨ ਖਤਰਨਾਕ ਹੋ ਗਏ ਚਮਗਿੱਦੜਾਂ ਦਾ ਮਨੁੱਖਾਂ ਉਪਰ ਹਮਲਾ ਕਰਨਾ, `ਗੌਡਜ਼ਿਲਾ’ ਵਿੱਚ ਪ੍ਰਮਾਣੂ ਕਿਰਣਾਂ ਕਾਰਨ ਕਿਰਲੀ ਪ੍ਰਜਾਤੀ ਦੇ ਇਕ ਜੀਵ ਦਾ ਦਿਓਕੱਦ ਰੂਪ ਧਾਰਕੇ ਨਿਊਯਾਰਕ ਸ਼ਹਿਰ ਵਿੱਚ ਕਹਿਰ ਮਚਾਉਣਾ ਇਸਦੇ ਕੁਝ ਉਦਾਹਰਣ ਹਨ।
ਇਹਨਾਂ ਸਾਰੀਆਂ ਫਿਲਮਾਂ ਵਿੱਚ ਵਿਗਿਆਨ ਦੇ ਨਾਲ ਕਲਪਨਾ ਦਾ ਘਾਲਮੇਲ ਕਰਕੇ ਦਿਖਾਇਆ ਜਾਂਦਾ ਹੈ ਕਿ ਕੁਦਰਤ ਦੇ ਨਿਯਮਾਂ ਨਾਲ ਛੇੜਖਾਨੀ ਕਰਨ ਨਾਲ ਤਬਾਹਕੁੰਨ ਦੈਂਤ ਪੈਦਾ ਹੋ ਜਾਂਦੇ ਹਨ। ਇਹਨਾਂ ਦਾ ਸੰਦੇਸ਼ ਕੁਝ ਅਜਿਹਾ ਹੀ ਹੁੰਦਾ ਹੈ ਜਿਵੇਂ ਕਿ ਇੱਕ ਪਾਸੇ ਤਾਂ ਪੂੰਜੀਵਾਦੀ ਭੁੱਖ ਦੇ ਨਤੀਜੇ ਦੇ ਤੌਰ ’ਤੇ ਭਿਆਨਕ ਮਾਰੂ ਸਮੱਰਥਾ ਵਾਲੇ ਪਰਮਾਣੂ ਹਥਿਆਰ ਬਣਾਏ ਜਾਂਦੇ ਹਨ ਅਤੇ ਫਿਰ ਉਹਨਾਂ ਦਾ ਉਦਾਹਰਣ ਦੇ ਕੇ ਵਿਗਿਆਨ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ। ਵਿਗਿਆਨ ਦਾ ਗਲਤ ਪ੍ਰਯੋਗ ਕੌਣ ਅਤੇ ਕਿਸ ਲਈ ਕਰ ਰਿਹਾ ਹੈ, ਇਸ ਉਪਰ ਪਰਦਾ ਪਾਇਆ ਜਾਂਦਾ ਹੈ। ਇਹ ਅਚਾਨਕ ਹੀ ਨਹੀਂ ਹੈ ਕਿ-`ਜੁਰਾਸਿਕ ਪਾਰਕ’, ਦੀ `ਲੌਸਟ ਵਰਲਡ’, `ਐਨਾਕੋਂਡਾ’, `ਕਿੰਗ ਕੋਬਰਾ’, `ਡੀਪ ਬਲਿਊ ਸੀ’, `ਬੈਟਸ’ —ਇਹਨਾਂ ਸਾਰੀਆਂ ਫਿਲਮਾਂ ਵਿੱਚ ਵਿਗਿਆਨ ਦੀ ਨਾਂਹ-ਪੱਖੀ ਭੂਮਿਕਾ ਹੈ ਹਾਂ-ਪੱਖੀ ਨਹੀਂ। ਇਹਨਾਂ ਸਾਰੀਆਂ ਫਿਲਮਾਂ ਵਿੱਚ ਵਿਗਿਆਨਕ ਪ੍ਰਯੋਗ ਨਤੀਜੇ ਦੇ ਰੂਪ ਵਿੱਚ ਇੱਕ ਹੀ ਸੁਨੇਹਾ ਦੇ ਰਹੇ ਹਨ-`ਕੁਦਰਤ ਨਾਲ ਛੇੜਛਾੜ ਨਾ ਕਰੋ।’ ਪਰ ਇਹ ਸੰਦੇਸ਼ ਅਰੋਪਿਤ ਹੈ। ਕਿਉਂਕਿ ਕੁਦਰਤ ਨਾਲ ਛੇੜਖਾਨੀ ਕਰਨ ਵਾਲੇ ਪੂੰਜੀਪਤੀ, ਵਪਾਰੀ, ਮਾਫੀਆ ਆਦਿ ਹੀ ਤਾਂ ਹਨ-ਮੰਡੀ ਅਤੇ ਪੂੰਜੀ ਦੇ ਮਾਲਕ। ਫਿਰ ਇਹ ਸ਼ੋਰ-ਸ਼ਰਾਬਾ ਕਿਉਂ? ਆਖਿਰਕਾਰ ਅੱਜ ਵਿਗਿਆਨ ਉਹਨਾਂ ਦੇ ਹੱਥਾਂ ਵਿੱਚ ਮੁਨਾਫਾ ਕਮਾਉਣ ਦਾ ਇੱਕ ਹਥਿਆਰ ਬਣ ਗਿਆ ਹੈ।
ਵਿਸ਼ਵੀਕਰਨ ਦੇ ਦੌਰ ਵਿੱਚ ਸੰਸਾਰ-ਪੂੰਜੀਵਾਦ ਅੱਜ ਸੰਕਟ ਵਿੱਚ ਫਸਿਆ ਹੋਇਆ ਹੈ, ਉਸਦਾ ਭਵਿੱਖ ਹਨੇਰਾ ਹੈ। ਉਹ ਆਪਣੇ ਅੰਤ ਨੂੰ ਸਾਰੀ ਮਾਨਵਤਾ ਦਾ ਭਵਿੱਖ ਬਣਾ ਕੇ ਪੇਸ਼ ਕਰਦੇ ਹੋਏ ਵੱਖ-ਵੱਖ ਅੰਤ ਦੇ ਸਿਧਾਂਤ ਦੇ ਰਿਹਾ ਹੈ। ਵਿਗਿਆਨ ਦਾ ਅੰਤ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਵਿਗਿਆਨ ਦੀ ਗੈਰ-ਵਿਗਿਆਨਕ ਪੇਸ਼ਕਾਰੀ ਹੋ ਰਹੀ ਹੈ। ਵਿਗਿਆਨ ਦਾ ਨਿਖੇਧ, ਉਤਸੁਕਤਾਵਾਂ ਦਾ ਨਿਖੇਧ ਅਤੇ ਅਖੀਰ ਵਿੱਚ ਜੀਵਨ ਦਾ ਹੀ ਨਿਖੇਧ ਕਰਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੌਜੂਦਾ ਪਤਨਸ਼ੀਲ ਪਰਜੀਵੀ ਪੂੰਜੀਵਾਦੀ ਪ੍ਰਬੰਧ ਹੀ ਮਨੱਖੀ ਸੱਭਿਅਤਾ ਦਾ ਸਰਵ ਉੱਚ ਰੂਪ ਹੈ ; ਮਨੁਖੀ ਸੱਭਿਅਤਾ ਹੁਣ ਇਸ ਤੋਂ ਅੱਗੇ ਕਦਮ ਨਹੀਂ ਪੁੱਟ ਸਕਦੀ।
ਸਵਾਲ ਇਹ ਹੈ ਕਿ ਇਹਨਾਂ ਫਿਲਮਾਂ ਨੂੰ ਦਰਸ਼ਕ ਕਿਉਂ ਪਸੰਦ ਕਰ ਰਹੇ ਹਨ? ਇਸ ਦਾ ਕਾਰਨ ਵਿਗਿਆਨ ਦੀਆਂ ਗੈਰ ਵਿਗਿਆਨਕ ਧਾਰਨਾਵਾਂ ਵਿੱਚ ਓਨਾਂ ਨਹੀਂ ਹੈ ਜਿੰਨਾ ਕਿ ਸਮਾਜ ਵਿੱਚ ਫੈਲੀ ਨਿਰਾਸ਼ਾ, ਕੋਈ ਬਦਲ ਨਾ ਲੱਭਣ, ਪੂੰਜੀ ਦੀ ਅੰਨੀ ਤਾਕਤ ਸਾਹਮਣੇ ਅਸਮੱਰਥਾ ਅਤੇ ਪੂੰਜੀ ਅਤੇ ਮੰਡੀ ਦੀਆਂ ਤਾਕਤਾਂ ਦੇ ਰਹੱਸ ਵਿੱਚ ਹੈ। ਅੱਜ ਵੀ ਬਹੁ-ਗਿਣਤੀ ਕਿਰਤੀ ਲੋਕਾਂ ਲਈ ਇਹ ਗੱਲ ਸੱਚ ਹੈ ਕਿ ਕਰਮ ਉਹ ਕਰਦੇ ਹਨ, ਫਲ ਕਿਸੇ ਅਦਿੱਖ ਸ਼ਕਤੀ ਦੇ ਹੱਥ ਹੈ। ਅਜਿਹੀ ਹੀ ਸੋਚ ਨੂੰ ਹੋਰ ਮਜ਼ਬੂਤੀ ਨਾਲ ਦਿਮਾਗਾਂ ਵਿੱਚ ਬਿਠਾਉਣ ਲਈ ਅੱਜ ਹਾਲੀਵੁਡ ਵਿੱਚ ਭੂਤ-ਪ੍ਰੇਤ, ਰਹੱਸ, ਪਰਾ-ਮਨੋਵਿਗਿਆਨ ਉੱਤੇ ਵੀ ਖੂਬ ਫਿਲਮਾਂ ਬਣਾਈਆਂ ਜਾ ਰਹੀਆਂ ਹਨ। `ਸਿਕਸਥ ਸੈਂਸ’, `ਦੀ ਬਲੇਅਰ ਵਿਚ ਪ੍ਰੋਜੈਕਟ’, `ਆਈ ਨੋ ਵਟ ਯੂ ਡਿਡ ਲਾਸਟ ਸਮਰ’, `ਸਕ੍ਰੀਮ-9’, `ਸਕ੍ਰੀਮ-99’ ਅਤੇ `ਈਵਲ ਡੈੱਡ’, ਵਰਗੀਆਂ ਫਿਲਮਾਂ ਇਸ ਦੇ ਕੁਝ ਉਦਾਹਰਣ ਹਨ।
ਇਹ ਠੀਕ ਹੈ ਕਿ ਅੱਜ ਵਿਗਿਆਨ ਦੀ ਰਚਨਾਤਮਕ ਭੂਮਿਕਾ ਦੀ ਥਾਂ ਇਸਦੀ ਤਬਾਹਕੁੰਨ ਭੂਮਿਕਾ ਵੱਧ ਸਾਹਮਣੇ ਆ ਰਹੀ ਹੈ। ਪਰ ਇਹ ਗੱਲ ਮੌਜੂਦਾ ਜਮਾਤੀ ਸਮਾਜ ਨਾਲ ਜੁੜੀ ਹੋਈ ਹੈ। ਵਿਗਿਆਨ ਅੱਜ ਸੱਤਾਧਾਰੀ ਪੂੰਜੀਪਤੀ ਵਰਗ ਦੇ ਹਿੱਤਾਂ ਦੀ ਸੇਵਾ ਵਿੱਚ ਹੈ, ਜੋ ਬਹੁ-ਗਿਣਤੀ ਕਿਰਤੀਆਂ ਤੋਂ ਵੱਧ ਤੋਂ ਵੱਧ ਮੁਨਾਫਾ ਨਿਚੋੜਨ ਅਤੇ ਉਸਦੇ ਉਪਰ ਹਕੂਮਤ ਕਰਨ ਲਈ ਵਿਗਿਆਨ ਨੂੰ ਇੱਕ ਲੋਟੂ ਹਥਿਆਰ ਦੇ ਰੂਪ ਵਿੱਚ ਵਰਤ ਰਿਹਾ ਹੈ। ਜਦੋਂ ਤੱਕ ਸਮਾਜ ਜਮਾਤਾਂ ਵਿੱਚ ਵੰਡਿਆ ਹੈ, ਮਨੁੱਖ ਦੁਆਰਾ ਮਨੁੱਖ ਦੀ ਲੱਟ ਹੈ, ਉਦੋਂ ਤੱਕ ਵਿਗਿਆਨ ਵੀ ਹਾਕਮ ਜਮਾਤਾਂ ਦੇ ਹਿੱਤਾਂ ਲਈ ਵਰਤਿਆ ਜਾਂਦਾ ਰਹੇਗਾ। ਵਿਗਿਆਨ ਆਪਣੇ ਸਿਰਜਕ ਰੂਪ ਵਿੱਚ ਤਦ ਹੀ ਸਾਹਮਣੇ ਆ ਸਕੇਗਾ, ਜਦ ਇੱਕ ਬਹੁਤ ਵੱਡਾ ਲੋਕ-ਇਨਕਲਾਬ ਹੋਵੇਗਾ ਅਤੇ ਜਮਾਤੀ ਵਿਰੋਧਤਾਈਆਂ ਦਾ ਰੂਪ ਬਦਲੇਗਾ। ਸਮਾਜ ਵਿਗਿਆਨ ਦੇ ਨਾਲ ਕੁਦਰਤੀ ਵਿਗਿਆਨ ਨੂੰ ਗਤੀਹੀਣ ਸਿੱਧ ਕਰਨ ਦੀ ਅਸਫਲ ਕੋਸ਼ਿਸ਼ ਕਰਨ ਵਾਲੀ ਪੂੰਜੀਵਾਦੀ ਸੱਭਿਅਤਾ ਮਰਨ ਕਿਨਾਰੇ ਹੈ। ਇਸ ਲਈ ਇਹ ਵਿਗਿਆਨ ਨੂੰ ਗੁਲਾਮ ਬਣਾ ਕੇ ਖੁਦ ਨੂੰ ਲੰਮੀ ਉਮਰ ਦਾ ਟੀਕਾ ਲਗਾਉਣ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ। ਜੇਕਰ ਮਾਨਵਤਾ ਨੇ ਅੱਗੇ ਵਧਣਾ ਹੈ ਤਾਂ ਵਿਗਿਆਨ ਨੂੰ ਇਹਨਾਂ ਸਾਰੇ ਬੰਧਨਾਂ ਤੋਂ ਆਜ਼ਾਦ ਕਰਵਾਉਣਾ ਹੋਵੇਗਾ ਜਿਨਾਂ ਵਿੱਚ ਜਮਾਤੀ ਤੁਅੱਸਬਾਂ ਅਤੇ ਸਰਕਾਰੀ ਦਾਬਿਆਂ ਨੇ ਉਸਨੂੰ ਬੰਨ ਰੱਖਿਆ ਹੈ।