ਯੁੱਧ ਅਤੇ ਸ਼ਾਂਤੀ- ਪਾਸ਼ (ਪਾਸ਼ ਦੇ ਜਨਮ ਦਿਨ ( 9 ਸਤੰਬਰ) ’ਤੇ)

pash

ਅਸੀਂ ਜਿਨਾਂ ਨੇ ਯੁੱਧ ਨਹੀਂ ਕੀਤਾ

ਤੇਰੇ ਸਾਊ ਪੁੱਤ ਨਹੀਂ ਹਾਂ ਜਿੰਦਗੀ

ਉਂਝ ਅਸੀਂ ਸਦਾ ਸਾਊ ਬਣਨਾ ਲੋਚਦੇ ਰਹੇ

ਅਸੀਂ ਦੋ ਰੋਟੀਆਂ ਤੇ ਮਾੜੀ ਜਿਹੀ ਰਜਾਈ ਬਦਲੇ

ਯੁੱਧ ਦੇ ਅਕਾਰ ਨੂੰ ਸੁੰਗੋੜਨਾ ਚਾਹਿਆ

ਅਸੀਂ ਬੇਅਣਖੀ ਦੀਆਂ ਤੰਦਾਂ ’ਚ ਅਮਨ ਵਰਗਾ ਕੁਝ ਉਣਦੇ ਰਹੇ

ਅਸੀਂ ਬਰਛੀ ਦੇ ਵਾਂਗ ਹੱਡਾਂ ਵਿੱਚ ਖੁੱਭੇ ਹੋਏ ਸਾਲਾਂ ਨੂੰ ਉਮਰ ਕਹਿੰਦੇ ਰਹੇ

ਜਦ ਹਰ ਘੜੀ ਕਿਸੇ ਬਿਫ਼ਰੇ ਸ਼ਰੀਕ ਵਾਂਗ ਸਿਰ ’ਤੇ ਗੜਕਦੀ ਰਹੀ

ਅਸੀਂ ਸੰਦੂਕ ਵਿੱਚ ਲਕ ਲਕ ਕੇ ਯੁੱਧ ਨੂੰ ਟਾਲਦੇ ਰਹੇ।

ਯੁੱਧ ਤੋਂ ਬਚਣ ਦੀ ਲਾਲਸਾ ’ਚ ਬਹੁਤ ਨਿੱਕੇ ਹੋ ਗਏ ਅਸੀਂ

ਕਦੇ ਤਾਂ ਹੰਭੇ ਹੋਏ ਪਿਓ ਨੂੰ `ਅੰਨ ਖਾਣੇ ਬੁੜੇ’ ਦਾ ਨਾਮ ਦਿੱਤਾ

ਕਦੇ ਫਿਕਰਾਂ ਗ੍ਰਸੀ ਤੀਵੀਂ ਨੂੰ `ਚੁੜੇਲ’ ਦਾ ਸਾਇਆ ਕਿਹਾ

ਸਦਾ ਦਿਸਹੱਦੇ ’ਤੇ ਨਿਲਾਮੀ ਦੇ ਦ੍ਰਿਸ਼ ਤਰਦੇ ਰਹੇ

ਤੇ ਅਸੀਂ ਸੁਬਕ ਜਹੀਆਂ ਧੀਆਂ ਦੀਆਂ ਅੱਖਾਂ ’ਚ ਅੱਖ ਪਾਉਣੋਂ ਡਰੇ

ਯੁੱਧ ਸਾਡੇ ਸਿਰਾਂ ’ਤੇ ਆਕਾਸ਼ ਵਾਂਗ ਛਾਇਆ ਰਿਹਾ

ਅਸੀਂ ਧਰਤੀ ’ਚ ਪੁੱਟੇ ਭੋਰਿਆਂ ਨੂੰ ਮੋਰਚੇ ਵਿੱਚ ਬਦਲਣੋਂ ਜਕਦੇ ਰਹੇ।

ਡਰ ਕਦੇ ਸਾਡੇ ਹੱਥਾਂ ’ਤੇ ਵਗਾਰ ਬਣ ਕੇ ਉੱਗ ਆਇਆ

ਡਰ ਕਦੇ ਸਾਡੇ ਸਿਰਾਂ ਉੱਤੇ ਪੱਗ ਬਣ ਕੇ ਸਜ ਗਿਆ

ਡਰ ਕਦੇ ਸਾਡੇ ਮਨਾਂ ਅੰਦਰ ਸੁਹਜ ਬਣ ਕੇ ਮਹਿਕਿਆ

ਡਰ ਕਦੇ ਰੂਹਾਂ ’ਚ ਸੱਜਣਤਾਈ ਬਣ ਗਿਆ

ਕਦੇ ਬੁੱਲਾਂ ’ਤੇ ਚੁਗਲੀ ਬਣ ਕੇ ਬੁਰੜਾਇਆ

ਅਸੀ ਹੋ ਜਿੰਦਗੀ, ਜਿਨਾਂ ਯੁੱਧ ਨਹੀਂ ਕੀਤਾ

ਤੇਰੇ ਬੜੇ ਮੱਕਾਰ ਪੁੱਤਰ ਹਾਂ।

ਯੁੱਧ ਤੋਂ ਬਚਣ ਦੀ ਲਾਲਸਾ ਨੇ

ਸਾਨੂੰ ਲਿਤਾੜ ਦਿੱਤਾ ਘੋੜਿਆਂ ਦੇ ਸੁੰਬਾਂ ਹੇਠ,

ਅਸੀਂ ਸ਼ਾਂਤੀ ਲਈ ਰੀਂਘਦੇ ਰਹੇ

ਉਹ ਸ਼ਾਂਤੀ ਬਘਿਆੜਾਂ ਦੇ ਜੁਬਾੜਿਆਂ ਵਿੱਚ

ਸਵਾਦ ਬਣ ਕੇ ਟਪਕਦੀ ਰਹੀ।

ਸ਼ਾਂਤੀ ਕਿਤੇ ਨਹੀਂ ਹੰਦੀ—

ਰੂਹਾਂ ’ਚ ਲਕੇ ਗਿੱਦੜਾਂ ਦਾ ਹਵਾਂਕਣਾ ਹੀ ਸਭ ਕੁਝ ਹੈ।

ਸ਼ਾਂਤੀ—

ਗੋਡਿਆਂ ਵਿੱਚ ਧੌਣ ਦੇ ਕੇ ਜਿੰਦਗੀ ਨੂੰ ਸੁਫ਼ਨੇ ਵਿੱਚ ਦੇਖਣ ਦਾ ਯਤਨ ਹੈ।

ਸ਼ਾਂਤੀ ਗੁਪਤਵਾਸ ਸਾਥੀ ਤੋਂ ਅੱਖ ਬਚਾਉਣ ਲਈ

ਸੜਕ ਕੰਢਲੇ ਨਾਲੇ ਵਿੱਚ ਨਿਓਂ ਜਾਣਾ ਹੀ ਸਭ ਕੁਝ ਹੈ।

ਸ਼ਾਂਤੀ ਕਿਤੇ ਨਹੀਂ ਹੁੰਦੀ

ਨਾਅਰਿਆਂ ਦੀ ਗਰਜ ਤੋਂ ਘਬਰਾ ਕੇ

ਆਪਣੀ ਚੀਕ ’ਚੋਂ ਸੰਗੀਤ ਦੇ ਅੰਸ਼ਾਂ ਨੂੰ ਲੱਭਣਾ ਹੀ ਸਭ ਕੁਝ ਹੈ

ਹੋਰ ਸ਼ਾਂਤੀ ਕਿਤੇ ਨਹੀਂ ਹੁੰਦੀ।

ਤੇਲ ਘਾਟੇ ਸੜਦੀਆਂ ਫ਼ਸਲਾਂ

ਬੈਂਕ ਦੀਆਂ ਮਿਸਲਾਂ ਦੇ ਜਾਲ ਅੰਦਰ ਫੜਫੜਾਉਂਦੇ ਪਿੰਡ

ਤੇ ਸ਼ਾਂਤੀ ਲਈ ਫੈਲੀਆਂ ਬਾਹਾਂ

ਸਾਡੇ ਯੁੱਗ ਦਾ ਸਭ ਤੋਂ ਕਮੀਨਾ ਚੁਟਕਲਾ ਹੈ

 

ਸ਼ਾਂਤੀ ਵੀਣੀ ’ਚ ਖੁੱਭੀ ਵੰਗ ਦਾ ਹੰਝੂ ਜੇਡ  ਜ਼ਖਮ ਹੈ,

ਸ਼ਾਂਤੀ ਢੋਏ ਫਾਟਕ ਪਿੱਛੇ ਮੱਛਰੀਆਂ ਹਵੇਲੀਆਂ ਦਾ ਹਾਸਾ ਹੈ,

ਸ਼ਾਂਤੀ ਸੱਥਾਂ ’ਚ ਰੁਲਦੀਆਂ ਦਾਹੜੀਆਂ ਦਾ ਹਉਕਾ ਹੈ

ਹੋਰ ਸ਼ਾਂਤੀ ਕੁਝ ਨਹੀਂ ਹੈ।

ਸ਼ਾਂਤੀ ਦੁੱਖਾਂ ਤੇ ਸੁੱਖਾਂ ਵਿੱਚ ਬਣੀ

ਸਰਹੱਦ ਉਤਲੇ ਸੰਤਰੀ ਦੀ ਰਫ਼ਲ ਹੈ

ਸਾਂਤੀ ਚਗਲੇ ਹੋਏ ਵਿਦਵਾਨਾਂ ਦੇ ਮੂੰਹਾਂ ’ਚੋਂ ਡਿਗਦੀ ਰਾਲ ਹੈ

ਸ਼ਾਂਤੀ ਪੁਰਸਕਾਰ ਲੈਂਦੇ ਕਵੀਆਂ ਦੀਆਂ

ਵਧੀਆਂ ਹੋਈਆਂ ਬਾਹਾਂ  ਦਾ ਟੁੰਡ ਹੈ

ਸ਼ਾਂਤੀ ਵਜੀਰਾਂ ਦੇ ਪਹਿਨੇ ਹੋਏ ਖੱਦਰ ਦੀ ਚਮਕ ਹੈ

ਸ਼ਾਂਤੀ ਹੋਰ ਕੁਝ ਨਹੀਂ ਹੈ

ਜਾਂ ਸ਼ਾਂਤੀ ਗਾਂਧੀ ਦਾ ਜਾਂਘੀਆ ਹੈ

ਜਿਸ ਦੀਆਂ ਤਣੀਆਂ ਨੂੰ ਚਾਲੀ ਕਰੋੜ ਬੰਦੇ ਫਾਹੇ ਲਾਉਣ ਖ਼ਾਤਰ

ਵਰਤਿਆ ਜਾ ਸਕਦਾ ਹੈ

ਸ਼ਾਂਤੀ ਮੰਗਣ ਦਾ  ਅਰਥ

ਯੁੱਧ ਨੂੰ ਜ਼ਲੀਲਤਾ ਦੇ ਪੱਧਰ ’ਤੇ ਲੜਨਾ ਹੈ

ਸ਼ਾਂਤੀ ਕਿਤੇ ਨਹੀਂ ਹੁੰਦੀ ਹੈ।

ਯੁੱਧ ਤੋਂ ਬਿਨਾਂ ਅਸੀਂ ਬਹੁਤ ’ਕੱਲੇ ਹਾਂ

ਆਪਣੇ ਹੀ ਮੂਹਰੇ ਦੌੜਦੇ ਹੋਏ ਹਫ਼ ਰਹੇ ਹਾਂ

ਯੁੱਧ ਤੋਂ ਬਿਨਾਂ ਬਹੁਤ ਸੀਮਤ ਹਾਂ ਅਸੀਂ

ਬੱਸ ਹੱਥ ਭਰ ’ਚ ਹੀ ਮੁੱਕ ਜਾਂਦੇ ਹਾਂ

ਯੁੱਧ ਤੋਂ ਬਿਨਾਂ ਅਸੀਂ ਦੋਸਤ ਨਹੀਂ ਹਾਂ

ਝੂਠੇ ਮੂਠੇ ਜਜ਼ਬਿਆਂ ਦਾ ਖੱਟਿਆ ਖਾਂਦੇ ਹਾਂ

ਯੁੱਧ ਇਸ਼ਕ ਦੀ ਸਿਖਰ ਦਾ ਨਾਂ ਹੈ

ਯੁੱਧ ਲਹੂ ਦੇ ਲਾਡ ਦਾ ਨਾਂ ਹੈ

ਯੁੱਧ ਜੀਣ ਦੇ ਨਿੱਘ ਦਾ ਨਾਂ ਹੈ

ਯੁੱਧ ਕੋਮਲ ਹਸਰਤਾਂ ਦੀ ਮਾਲਕੀ ਦਾ ਨਾਂ ਹੈ

ਯੁੱਧ ਅਮਨ ਦੇ ਸ਼ੁਰੂ ਦਾ ਨਾਂ ਹੈ

ਯੁੱਧ ਵਿੱਚ ਰੋਟੀ ਦੇ ਹੁਸਨ ਨੂੰ

ਨਿਹਾਰਨ ਜਿਹੀ ਸੂਖਮਤਾ ਹੈ

ਯੁੱਧ ਵਿੱਚ ਸ਼ਰਾਬ ਨੂੰ ਸੁੰਘਣ ਜਿਹਾ ਅਹਿਸਾਸ ਹੈ

ਯੁੱਧ ਇੱਕ ਯਾਰੀ ਲਈ ਵਧਿਆ ਹੱਥ ਹੈ

ਯੁੱਧ ਕਿਸੇ ਮਹਿਬੂਬ ਲਈ ਅੱਖਾਂ ’ਚ ਲਿਖਿਆ ਖ਼ਤ ਹੈ

ਯੁੱਧ ਕੁੱਛੜ ’ਚ ਆਏ ਹੋਏ ਬੱਚੇ ਦੀਆਂ

ਮਾਂ ਦੇ ਦੁੱਧ ਤੇ ਟਿਕੀਆਂ ਮਾਸੂਮ ਉਂਗਲਾਂ ਹਨ

ਯੁੱਧ ਕਿਸੇ ਕੁੜੀ ਦੀ ਪਹਿਲੀ

ਹਾਂ ਦੇ ਵਰਗੀ `ਨਾਂਹ’ ਹੈ

ਯੁੱਧ ਆਪਣੇ ਆਪ ਨੂੰ ਮੋਹ ਭਿੱਜਿਆ ਸੰਬੋਧਨ ਹੈ

ਯੁੱਧ ਸਾਡੇ ਬੱਚਿਆਂ ਲਈ

ਪਿੜੀਆਂ ਵਾਲੀ ਖਿੱਦੋ ਬਣ ਕੇ ਆਏਗਾ

ਯੁੱਧ ਕਿਸੇ ਕੁੜੀ ਦੀ ਪਹਿਲੀ

ਹਾਂ ਦੇ ਵਰਗੀ `ਨਾਂਹ’ ਹੈ

ਯੁੱਧ ਆਪਣੇ ਆਪ ਨੂੰ ਮੋਹ ਭਿੱਜਿ ਆ ਸੰਬੋਧਨ ਹੈ

ਯੁੱਧ ਸਾਡੇ ਬੱਚਿਆਂ ਲਈ

ਪਿੜੀਆਂ ਵਾਲੀ ਖਿੱਦੋ ਬਣ ਕੇ ਆਏਗਾ

ਯੁੱਧ ਸਾਡੀਆਂ ਭੈਣਾਂ ਲਈ

ਕਢਾਈ ਦੇ ਸੁੰਦਰ ਨਮੂਨੇ ਲਿਆਏਗਾ

ਯੁੱਧ ਸਾਡੀਆਂ ਬੀਵੀਆਂ ਦੇ ਥਣਾਂ ਅੰਦਰ

ਦੁੱਧ ਬਣ ਕੇ ਉਤਰੇਗਾ

ਯੁੱਧ ਬੁੱਢੀ ਮਾਂ ਲਈ ਨਿਗਾ ਦੀ ਐਨਕ ਬਣੇਗਾ

ਯੁੱਧ ਸਾਡਿਆਂ ਵੱਡਿਆਂ ਦੀਆਂ ਕਬਰਾਂ ਉੱਤੇ

ਫੁੱਲ ਬਣ ਕੇ ਖਿੜੇਗਾ

ਵਕਤ ਬੜਾ ਚਿਰ

ਕਿਸੇ ਬੇਕਾਬੂ ਘੋੜੇ ਵਰਗਾ ਰਿਹਾ ਹੈ

ਜੋ ਸਾਨੂੰ ਘਸੀਟਦਾ ਹੋਇਆ ਜਿੰਦਗੀ ਤੋਂ ਬਹੁਤ ਦੂਰ ਲੈ ਗਿਆ ਹੈ

ਕੁਝ ਨਹੀਂ ਬਸ ਯੁੱਧ ਹੀ ਇਸ ਘੋੜੇ ਦੀ ਲਗਾਮ ਬਣ ਸਕੇਗਾ

ਬੱਸ ਯੁੱਧ ਹੀ ਇਸ ਘੋੜੇ ਦੀ ਲਗਾਮ ਬਣ ਸਕੇਗਾ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Connecting to %s