ਮੰਦੀ ਨੇ ਖੋਹੇ ਲੱਖਾਂ ਰੁਜ਼ਗਾਰ

 ਲਲਕਾਰ ਦੇ ਪਿਛਲੇ ਅੰਕਾਂ ਵਿੱਚ ਲਗਾਤਾਰ ਸੰਸਾਰ ਵਿਆਪੀ ਆਰਥਿਕ ਮੰਦੀ ਬਾਰੇ ਸਮੱਗਰੀ ਦਿੱਤੀ ਗਈ ਹੈ। ਇਸ ਵਿੱਚ ਸਿਲਸਿਲੇਵਾਰ  ਢੰਗ ਨਾਲ ਮੰਦੀ ਦੇ ਕਾਰਨਾਂ, ਇਸਦੇ ਸੰਸਾਰ ਪੱਧਰ ’ਤੇ ਪੈਣ ਵਾਲੇ ਅਸਰਾਂ ਅਤੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਮੰਦੀ ਤੋਂ ਛੁਟਕਾਰਾ ਪਾਉਣ ਲਈ ਅਪਣਾਏ ਗਏ ਨੁਸਖਿਆਂ ਦੀ ਖੁੱਲ ਕੇ ਚਰਚਾ ਕੀਤੀ ਗਈ ਸੀ। ਇਸ ਲੇਖ ਵਿੱਚ ਅਸੀਂ ਮੁੱਖ ਤੌਰ ’ਤੇ ਮੰਦੀ ਵਜੋਂ ਰੁਜ਼ਗਾਰ ’ਤੇ ਪੈਣ ਵਾਲੇ ਅਸਰ ਨੂੰ ਕੁਝ ਤੱਥਾਂ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਾਂਗੇ। ਨਾਲ ਹੀ, 1930 ਦੇ ਦਹਾਕੇ ਦੀ ਮਹਾਂਮੰਦੀ ਅਤੇ ਮੌਜੂਦਾ ਆਰਥਿਕ ਮੰਦੀ ਦੀਆਂ ਆਪਸੀ ਸਮਾਨਤਾਵਾਂ ਉੱਤੇ ਇੱਕ ਨਜ਼ਰ ਮਾਰਾਂਗੇ।

.ਵਿਸ਼ਵੀਕਰਨ ਦੇ ਦੌਰ ਵਿੱਚ ਹਰ ਇੱਕ ਖੇਤਰ ਇੱਕ ਦੂਜੇ ਨਾਲ ਮਜ਼ਬੂਤੀ ਨਾਲ ਬੱਝ ਜਾਂਦਾ ਹੈ, ਇਸ ਲਈ ਆਰਥਿਕ ਮੰਦੀ ਭਾਂਵੇਂ ਕਿਸੇ ਇੱਕ ਆਰਥਿਕ ਖੇਤਰ ਵਿੱਚ ਪੈਦਾ ਹੋਈ ਹੈ ਉਸਦਾ ਪ੍ਰਭਾਵ ਹੋਰਨਾਂ ਖੇਤਰਾਂ ’ਤੇ ਪੈਣਾ ਲਾਜ਼ਮੀ ਹੈ। ਮੌਜੂਦਾ ਆਰਥਿਕ ਸੰਕਟ ਵਿੱਚ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ। ਭਾਂਵੇ ਇਸਦੀ ਸ਼ੁਰੂਆਤ ਵਿੱਤੀ ਖੇਤਰ ਤੋਂ ਹੋਈ ਪਰ ਦੇਖਦੇ ਦੇਖਦੇ ਸੰਕਟ ਨੇ ਉਦਯੋਗਿਕ ਅਤੇ ਸੇਵਾ ਖੇਤਰ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਕਰਜਿਆਂ ਦੇ ਮਹਿੰਗਾ ਹੁੰਦੇ ਜਾਣ ਨਾਲ ਉਪਭੋਗਤਾ ਖਰੀਦ ਨੂੰ ਵਿੱਤੀ ਇਨਜੈਕਸ਼ਨ ਲਾ ਕੇ ਵਧਾ ਸਕਣਾ ਅਸੰਭਵ ਹੋਣ ਲੱਗ ਪਿਆ, ਖਰੀਦਦਾਰੀ ਵਿੱਚ ਕਮੀ ਆਉਣ ਲੱਗੀ ਜਿਸ ਵਜੋਂ ਮੰਗ ਵਿੱਚ ਕਮੀ ਪੈਦਾ ਹੋਈ। ਨਤੀਜੇ ਵਜੋਂ ਮੈਨੂਫੈਕਚਰਿੰਗ ਖੇਤਰ ਵਿੱਚ ਉਤਪਾਦਨ ਵਿੱਚ ਕਟੌਤੀ ਹੋਈ ਅਤੇ ਇਹਦੇ ਨਾਲ ਹੀ ਸ਼ੁਰੂ ਹੋਇਆ ਛਾਂਟੀਆਂ ਦਾ ਸਿਲਸਿਲਾ। ਤਾਜ਼ਾ ਹਾਲਤ ਅਨੁਸਾਰ ਜੇ ਅਮਰੀਕਾ ਵਿੱਚ ਬੇਰੁਜ਼ਗਾਰੀ ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਪਿਛਲੇ ਕਈ ਵਰਿਆਂ ਦੇ ਰਿਕਾਰਡ ਟੁੱਟ ਗਏ ਹਨ। ਆਓ, ਹੁਣ ਤੱਥਾਂ ਦੇ ਅਧਾਰ ’ਤੇ ਮੰਦੀ ਵਜੋਂ ਰੁਜਗਾਰ ’ਤੇ ਪੈਣ ਵਾਲੇ ਅਸਰਾਂ ਨੂੰ ਸਮਝਿਆ ਜਾਵੇ।
 .                                 .

ਪਿੱਛੇ ਜਿਹੇ ਕੌਮਾਂਤਰੀ ਕਿਰਤ ਸੰਗਠਨ (ਆਈ.ਐਲ.ਓ) ਦੀ ਰਿਪੋਰਟ ਸਾਹਮਣੇ ਆਈ ਜਿਸ ਵਿੱਚ ਦੱਸਿਆ ਗਿਆ ਹੈ ਕਿ ਮੰਦੀ ਵਜੋਂ ਇਸ ਵਰੇ ਸੰਸਾਰ ਭਰ ਵਿੱਚ 5 ਕਰੋੜ ਲੋਕਾਂ ਨੂੰ ਬੇਰੁਜ਼ਗਾਰੀ ਦੀ ਮਾਰ ਝੱਲਣੀ ਪਏਗੀ। ਲੱਗਭਗ 1 ਕਰੋੜ 40 ਲੱਖ ਲੋਕ ਬੇਹੱਦ ਗਰੀਬੀ ਵਿੱਚ ਗੁਜ਼ਾਰਾ ਕਰਨ ’ਤੇ ਮਜ਼ਬੂਰ ਹੋ ਜਾਣਗੇ। ਮੂਡੀਸ ਕੈਪੀਟਲ ਗਰੁੱਪ  ਦੇ ਪ੍ਰਮੁੱਖ ਅਰਥਸ਼ਾਸਤਰੀ ਜੌਨ ਲਾਂਸਕੀ ਦਾ ਕਹਿਣਾ ਹੈ ਕਿ ਸਾਲ 2009 ਵਿੱਚ ਅਮਰੀਕਾ ਵਿੱਚ ਲੱਗਭਗ 20 ਲੱਖ 10 ਹਜ਼ਾਰ ਨੌਕਰੀਆਂ ਦੀ ਕਟੌਤੀ ਕੀਤੀ ਜਾਵੇਗੀ। ਕੁੱਝ ਕੰਪਨੀਆਂ ਦੁਆਰਾ ਛਾਂਟੀ ਦੀ ਪ੍ਰਕਿਰਿਆ ’ਤੇ ਨਜ਼ਰ ਪਾਈ ਜਾਵੇ ਤਾਂ ਨੌਕਰੀਆਂ ਘੱਟ ਹੁੰਦੇ ਜਾਣ ਦੀ ਰਫ਼ਤਾਰ ਦਾ ਅਨੁਮਾਨ ਬੜੀ ਅਸਾਨੀ ਨਾਲ ਲਾਇਆ ਜਾ ਸਕਦਾ ਹੈ। ਅਮਰੀਕਾ ਦੀ ਦੂਜੀ ਸਭ ਤੋਂ ਵੱਡੀ ਸਿਹਤ ਇੰਸ਼ਓਰੈਂਸ ਕੰਪਨੀ ਵੇਲ ਪੌਇੰਟ  ਨੇ ਲੱਗਭਗ 1500 ਨੌਕਰੀਆਂ ਵਿੱਚ ਕਟੌਤੀ ਕਰਨ ਦੀ ਗੱਲ ਕਹੀ ਹੈ। ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਕੰਪਿਊਟਰ ਪ੍ਰੋਸੈਸਰ ਬਣਾਉਣ ਵਾਲੀ ਕੰਪਨੀ ਅਡਵਾਂਸਡ ਮਾਈਕਰੋ  ਨੇ 1100 ਨੌਕਰੀਆਂ ਘੱਟ ਕਰ ਦਿੱਤੀਆਂ ਹਨ ਜੋ ਕੰਮ ਕਰਨ ਵਾਲੇ ਕਰਮਚਾਰੀਆਂ ਦਾ 10 ਪ੍ਰਤੀਸ਼ਤ ਹੈ। ਇਸੇ ਤਰਾਂ ਜਨਰਲ ਇਲੈਕਟਿ੍ਰਕ  ਦੀ ਵਿੱਤੀ ਸ਼ਾਖਾ ਨੇ ਲੱਗਭਗ 7500 ਤੋਂ 11000 ਕਰਮਚਾਰੀਆਂ ਦੀ ਛਾਂਟੀ ਦੀ ਗੱਲ ਕਹੀ ਹੈ। ਦੁਨੀਆਂ ਦੀ ਸਭ ਤੋਂ ਵੱਡੀ ਹੀਰਾ ਬਣਾਉਣ ਵਾਲੀ ਕੰਪਨੀ ਡੀ ਬਿਅਰਜ  ਨੇ 1000 ਨੌਕਰੀਆਂ ਵਿੱਚ ਕਟੌਤੀ ਕੀਤੀ ਹੈ, ਜਪਾਨ ਦੀ ਤੀਸਰੀ ਸਭ ਤੋਂ ਵੱਡੀ ਮੋਟਰ ਕਾਰ ਕੰਪਨੀ ਨੇ 2000 ਨੌਕਰੀਆਂ ਘੱਟ ਕਰਨ ਬਾਰੇ ਕਿਹਾ ਹੈ। ਸਵੀਡਨ ਦੀ ਦੂਸਰੀ ਸਭ ਤੋਂ ਵੱਡੀ ਟਰੱਕ ਨਿਰਮਾਤਾ ਕੰਪਨੀ ਸਕੇਨਿਆ ਏਵੀ  ਨੇ ਕਿਹਾ ਹੈ ਕਿ ਮੰਦੀ ਵਜੋਂ ਮੰਗ ਵਿੱਚ ਕਮੀ ਕਰਕੇ ਕੰਪਨੀ ਦੇ 2000 ਅਸਥਾਈ ਕਰਮਚਾਰੀਆਂ ਦੇ ਠੇਕੇ ਦਾ ਨਵੀਨੀਕਰਨ ਨਹੀਂ ਕਰੇਗੀ। ਬਿ੍ਰਟੇਨ ਦੀ ਸਭ ਤੋਂ ਵੱਡੀ ਇੰਜੀਨੀਰਿੰਗ ਡਿਜਾਈਨ ਕੰਪਨੀ ਡਬਲਿਊ ਐਸ ਏਟਕਿੰਸ  ਨੇ ਕੰਪਨੀ ਵਿੱਚ ਮੱਧ ਪੂਰਬ ਦੀ ਬਰਾਂਚ ਵਿੱਚ ਲੱਗਭਗ 210 ਨੌਕਰੀਆਂ ਵਿੱਚ ਕਮੀ ਕਰਨ ਦੀ ਯੋਜਨਾ ਬਣਾਈ ਹੈ। ਸੋਨੀ  ਨੇ 80,000 ਨੌਕਰੀਆਂ ਵਿੱਚ ਕਟੌਤੀ ਕਰਨ ਦੇ ਨਾਲ ਹੀ ਸੰਸਾਰ ਭਰ ਵਿੱਚ ਲਾਈਆਂ 10 ਪ੍ਰਤੀਸ਼ਤ ਫੈਕਟਰੀਆਂ ਬੰਦ ਕਰਨ ਦਾ ਐਲਾਨ ਕੀਤਾ ਹੈ।

 ਮੰਦੀ ਵਜੋਂ ਸੰਸਾਰ ਵਪਾਰ ਵਿੱਚ ਆਈ ਕਮੀ ਕਰਕੇ ਭਾਰਤ ਅਤੇ ਚੀਨ ਜਿਹੇ ਵਿਕਾਸਸ਼ੀਲ ਅਰਥਚਾਰਿਆਂ ’ਤੇ ਵੀ ਮੰਦੀ ਕਹਿਰ ਢਾਹ ਰਹੀ ਹੈ। ਇਹਨਾਂ ਦੇਸ਼ਾਂ ਵਿੱਚ ਕੁੱਲ ਘਰੇਲੂ ਉਤਪਾਦ ਦਾ ਇੱਕ  ਵੱਡਾ ਹਿੱਸਾ ਉਪਭੋਗਤਾ ਸਮੱਗਰੀਆਂ ਦੇ ਨਿਰਯਾਤ ਵਿੱਚ ਡੂੰਘਾ ਪ੍ਰਭਾਵ ਪੈ ਰਿਹਾ ਹੈ। ਕੌਮਾਂਤਰੀ ਮੁਦਰਾ ਕੋਸ਼ (ਆਈ.ਐਮ.ਐਫ) ਅਨੁਸਾਰ ਉਭਰਦੇ ਅਤੇ ਵਿਕਾਸਸ਼ੀਲ ਅਰਥਚਾਰਿਆਂ ਵਿੱਚ ਨਿਰਯਾਤ ਦੀ ਵਾਧਾ ਦਰ ਵਿੱਚ ਲਗਾਤਾਰ ਕਮੀ ਦਾ ਰੁਝਾਨ ਦੇਖਣ ਨੂੰ ਮਿਲੇਗਾ। ਇਹ ਦਰ ਸਾਲ 2007 ਵਿੱਚ 9.6 ਪ੍ਰਤੀਸ਼ਤ ਸੀ, ਸਾਲ 2008 ਵਿੱਚ 5.6 ਪ੍ਰਤੀਸ਼ਤ ਸੀ ਅਤੇ ਸਾਲ 2009 ਵਿੱਚ 0.8 ਪ੍ਰਤੀਸ਼ਤ ਹੋ ਜਾਵੇਗੀ। ਮੰਦੀ ਵਜੋਂ ਭਾਰਤ ਦੇ ਨਿਰਯਾਤ ਖੇਤਰ ਵਿੱਚ ਲੱਗਭਗ 1000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਨਾਲ ਹੀ ਮੈਨੂਫੈਕਚਰਿੰਗ ਖੇਤਰ, ਸੂਚਨਾ ਤਕਨੀਕ ਖੇਤਰ, ਬੈਂਕ ਅਤੇ ਬੀਮਾ ਖੇਤਰ ’ਤੇ ਵੀ ਡੂੰਘਾ ਪ੍ਰਭਾਵ ਪਿਆ ਹੈ। ਕਈ ਲੱਖ ਲੋਕ ਬੈਂਕ, ਬੀਮਾ ਅਤੇ ਸੂਚਨਾ ਤਕਨੀਕ ਖੇਤਰ ਵਿੱਚ ਨੌਕਰੀਆਂ ਖੋ ਚੁੱਕੇ ਹਨ। ਲੇਬਰ ਬਿਓਰੋ, ਸ਼ਿਮਲਾ ਦੁਆਰਾ ਅੱਠ ਖੇਤਰਾਂ ਵਿੱਚ ਕੀਤੇ ਗਏ ਸਰਵੇਖਣਾਂ ਤੋਂ ਪਤਾ ਲੱਗਿਆ ਕਿ ਇਹਨਾਂ ਖੇਤਰਾਂ ਵਿੱਚ ਜਿੱਥੇ ਸਤੰਬਰ 2008 ਵਿੱਚ 1 ਕਰੋੜ 62 ਲੱਖ ਨੌਕਰੀਆਂ ਮੌਜੂਦ ਸਨ ਉੱਥੇ ਦਸੰਬਰ 2008 ਵਿੱਚ 1 ਕਰੋੜ 57 ਲੱਖ ਨੌਕਰੀਆਂ ਰਹਿ ਗਈਆਂ। ਲੱਗਭਗ 5 ਲੱਖ ਨੌਕਰੀਆਂ ਦੀ ਕਮੀ ਦਰਜ ਕੀਤੀ ਗਈ। ਇਹਨਾਂ ਅੱਠ ਖੇਤਰਾਂ ਵਿੱਚ ਕੱਪੜਾ ਉਦਯੋਗ, ਧਾਤੂ ਉਦਯੋਗ, ਸੂਚਨਾ ਤਕਨੀਕ, ਆਟੋਮੋਬਾਈਲ ਉਦਯੋਗ, ਟ੍ਰਾਂਸਪੋਰਟ ਉਦਯੋਗ, ਖਾਣ ਉਦਯੋਗ, ਨਿਰਮਾਣ ਉਦਯੋਗ ਅਤੇ ਰਤਨ ਉਦਯੋਗ ਸ਼ਾਮਿਲ ਹਨ। ਜੇਕਰ ਸਰਵੇਖਣ ਦੀ ਰਿਪੋਰਟ ’ਤੇ ਗੌਰ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਪਰੋਕਤ ਉਦਯੋਗਾਂ ਵਿੱਚ ਸਤੰਬਰ 2008 ਤੋਂ ਬਾਅਦ ਪ੍ਰਤੀ ਮਹੀਨੇ 1.01 ਪ੍ਰਤੀਸ਼ਤ ਦੀ ਦਰ ਨਾਲ ਰੁਜ਼ਗਾਰ ਵਿੱਚ ਕਮੀ ਆਈ ਹੈ। ਕੇਂਦਰੀ ਟੈਕਸਟਾਈਲ ਮੰਤਰਾਲੇ ਅਨੁਸਾਰ ਕੱਪੜਾ ਉਦਯੋਗ ਵਿੱਚ ਲੱਗਭਗ 3,00,000 ਤੋਂ 5,00,000 ਲੋਕ ਆਪਣੀਆਂ ਨੌਕਰੀਆਂ ਗਵਾ ਦੇਣਗੇ। ਧਿਆਨ ਰਹੇ ਕਿ ਭਾਰਤ ਦਾ ਕੱਪੜਾ ਉਦਯੋਗ ਨਿਰਯਾਤ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਲੱਗਭਗ 50 ਪ੍ਰਤੀਸ਼ਤ ਟੈਕਸਟਾਈਲ ਨਿਰਯਾਤ ਦੇ ਕੰਮ ਆਉਂਦਾ ਹੈ ਜਿਸਦਾ 60 ਪ੍ਰਤੀਸ਼ਤ ਸਿਰਫ਼ ਅਮਰੀਕਾ ਅਤੇ ਯੂਰਪੀ ਸੰਘ ਨੂੰ ਹੀ ਨਿਰਯਾਤ ਕੀਤਾ ਜਾਂਦਾ ਹੈ। ਕੱਪੜਾ ਉਦਯੋਗ ਤੋਂ ਇਲਾਵਾ ਜੇਕਰ ਨੌਕਰੀਆਂ ਦੀ ਕਮੀ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਸੂਚਨਾ ਤਕਨੀਕ ਉਦਯੋਗ ਵਿੱਚ ਹੁਣ ਤੱਕ 4 ਲੱਖ ਲੋਕ ਨੌਕਰੀਆਂ ਤੋਂ ਹੱਥ ਧੋ ਚੁੱਕੇ ਹਨ, ਮੁੰਬਈ ਵਿੱਚ ਰਬੜ ਉਦਯੋਗ ਵਿੱਚ 3000 ਲੋਕਾਂ ਦੀਆਂ ਨੌਕਰੀਆਂ ਖੋਹ ਲਈਆਂ ਗਈਆਂ ਹਨ, ਸੂਰਤ ਵਿੱਚ ਰਤਨ ਉਦਯੋਗ ਵਿੱਚ ਲੱਗਭਗ 1 ਲੱਖ ਲੋਕਾਂ ਦੀਆਂ ਨੌਕਰੀਆਂ ਖੋਹੀਆਂ ਗਈਆਂ ਹਨ। ਇਹਨਾਂ ਤੋਂ ਇਲਾਵਾ ਭਾਰਤ ਵਿੱਚ ਗੈਰ ਜੱਥੇਬੰਦ ਖੇਤਰ ਤਹਿਤ ਕਈ ਕਾਰਖ਼ਾਨੇ ਹਨ ਜੋ ਗਲੋਬਲ ਅਸੈਂਬਲੀ ਲਾਈਨ ਦਾ ਹੀ ਇੱਕ ਹਿੱਸਾ ਹਨ ਜਿੱਥੇ ਸਪੇਅਰ ਪਾਰਟਸ ਆਦਿ ਬਣਾਉਣ ਦਾ ਕੰਮ ਹੁੰਦਾ। ਅਜਿਹੇ ਛੋਟੇ-ਛੋਟੇ ਕਾਰਖਾਨਿਆਂ ਵਿੱਚ ਵੀ ਮਜ਼ਦੂਰ ਰੋਜ਼ਾਨਾ ਛਾਂਟੀਆਂ ਦਾ ਸਾਹਮਣੇ ਕਰ ਰਹੇ ਹਨ।

 ਪੂੰਜੀਵਾਦੀ ਪ੍ਰਬੰਧ ਵਿੱਚ ਮੰਦੀ ਕੋਈ ਨਵਾਂ ਵਰਤਾਰਾ ਨਹੀਂ ਹੈ। ਪੂੰਜੀਵਾਦੀ ਅਰਥਚਾਰੇ ਸ਼ੁਰੂ ਤੋਂ ਹੀ ਇੱਕ ਤੋਂ ਬਾਅਦ ਦੂਜੀ ਮੰਦੀ ਦੀ ਘੁੰਮਣ ਘੇਰੀ ਵਿੱਚ ਫਸਦੇ ਆਏ ਹਨ ਪਰ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਮੌਜੂਦਾ ਮੰਦੀ ਦੇ ਪੱਧਰ, ਰਫ਼ਤਾਰ, ਸੰਘਣਾਪਣ ਅਤੇ ਫੈਲਾਅ ਦੇ ਲਿਹਾਜ ਨਾਲ ਇਸਦੀ  ਸਿਰਫ਼ 1930 ਦੀ ਮਹਾਂਮੰਦੀ ਨਾਲ ਹੀ ਤੁਲਨਾ ਕੀਤੀ ਜਾ ਸਕਦੀ ਹੈ। ਇਸਤੋਂ ਇਲਾਵਾ ਬੇਰੁਜ਼ਗਾਰੀ ਵਿੱਚ ਹੋ ਰਿਹਾ ਵਾਧਾ ਵੀ ਪਹਿਲਾਂ ਦੀ ਕਿਸੇ ਹੋਰ ਮੰਦੀ ਵਿੱਚ ਏਨਾ ਤੇਜ਼ੀ ਨਾਲ ਸਾਹਮਣੇ ਨਹੀਂ ਆਇਆ। ਸਿਰਫ਼ 1930 ਦੇ ਦਹਾਕੇ ਵਿੱਚ ਆਈ ਮਹਾਂਮੰਦੀ ਵਿੱਚ ਹੀ ਬੇਰੁਜ਼ਗਾਰੀ ਦੀ ਦਰ ਵਰਤਮਾਨ ਮੰਦੀ ਤੋਂ ਕਿਤੇ ਵੱਧ ਸੀ। ਇਸੇ ਕਾਰਨ ਕਈ ਅਰਥਸ਼ਾਸਤਰੀ ਮੌਜੂਦਾ ਮੰਦੀ ਦੀ ਤੁਲਨਾ 1930 ਦੇ ਦਹਾਕੇ ਦੀ ਮਹਾਂਮੰਦੀ ਨਾਲ ਕਰ ਰਹੇ ਹਨ। ਮੇਰਿਲ ਲਿੰਚ  ਦੇ ਸੀ.ਈ.ਓ. ਜੌਨ ਥੇਨ ਅਨੁਸਾਰ “ਇਹ ਮੰਦੀ 1987 ਜਾਂ 1998 ਜਾਂ 2001 ਜਿਹੀ ਬਿਲਕੁਲ ਵੀ ਨਹੀਂ ਹੈ। ਜਿਸ ਤਰਾਂ ਦੇ ਸੰਕਟ ਵਿੱਚੋਂ ਅਸੀਂ ਲੰਘ ਰਹੇ ਹਾਂ ਉਸ ਵਿੱਚ ਜਰੂਰੀ ਹੈ ਕਿ ਇੱਕ ਨਜ਼ਰ 1929 ਦੇ ਦੌਰ ’ਤੇ ਪਾਈ ਜਾਵੇ’’। ਜੇਕਰ 1930 ਦੇ ਦਹਾਕੇ ਦੀ ਮਹਾਂਮੰਦੀ ਦੀ ਗੱਲ ਕਰੀਏ ਤਾਂ ਉਸਦਾ ਫੌਰੀ ਕਾਰਨ ਸੀ— ਸ਼ੇਅਰ ਮਾਰਕਿਟ ਦੀ 29 ਅਕਤੂਬਰ 1929 ਨੂੰ  ਤਬਾਹੀ ਜਿਸ ਵਜੋਂ ਲੱਗਭਗ 40 ਬਿਲਿਅਨ ਡਾਲਰ ਸੁਆਹ ਹੋ ਗਿਆ। 9000 ਬੈਂਕ ਤਬਾਹ ਹੋ ਗਏ। ਕੁਝ ਕੁ ਜਿਹੜੇ ਬੈਂਕ ਮੰਦੀ ਦੀ ਚਪੇਟ ਚੋਂ ਬਚ ਗਏ ਸਨ ਉਹਨਾਂ ਨੇ ਨਵੇਂ ਕਰਜ਼ ਦੇਣਾ ਬੰਦ ਕਰ ਦਿੱਤਾ ਜਿਸ ਵਜੋਂ ਵਿਉਪਾਰ ਵਿੱਚ ਭਾਰੀ ਨੁਕਸਾਨ ਹੋਣ ਲੱਗ ਪਿਆ। ਬੇਰੁਜ਼ਗਾਰੀ ਦੀ ਦਰ 25 ਪ੍ਰਤੀਸ਼ਤ ਤੱਕ ਪਹੁੰਚ ਚੁੱਕੀ ਸੀ, ਲੱਗਭਗ 1 ਕਰੋੜ 30 ਲੱਖ ਲੋਕ ਬੇਰੁਜ਼ਗਾਰ ਹੋ ਗਏ। ਇੱਕ ਤਿਹਾਈ ਅਬਾਦੀ ਭਿਆਨਕ ਗਰੀਬੀ ਵਿੱਚ ਡੁੱਬ ਗਈ।  ਉਦਯੋਗਿਕ ਉਤਪਾਦਨ ਵਿੱਚ 1929 ਤੋਂ ਲੈ ਕੇ 1932 ਵਿਚਕਾਰ 45 ਪ੍ਰਤੀਸ਼ਤ ਦੀ ਕਮੀ ਦਰਜ ਕੀਤੀ ਗਈ। ਰਿਹਾਇਸ਼ ਉਸਾਰੀ ਵਿੱਚ ਲੱਗਭਗ 80 ਪ੍ਰਤੀਸ਼ਤ ਦੀ ਕਮੀ ਆਈ। ਇਸ ਮਹਾਂਮੰਦੀ ਦਾ ਅਸਰ ਨਾ ਸਿਰਫ਼ ਅਮਰੀਕਾ ’ਤੇ ਪਿਆ ਸਗੋਂ ਆਸਟ੍ਰੇਲੀਆ, ਕਨੇਡਾ, ਫਰਾਂਸ, ਜਰਮਨੀ, ਲਾਤਿਨੀ ਅਮਰੀਕਾ, ਨੀਦਰਲੈਂਡ, ਬਿ੍ਰਟੇਨ ਆਦਿ ਉੱਤੇ ਵੀ ਪਿਆ।

 ਮੌਜੂਦਾ ਮੰਦੀ ਵਿੱਚ ਵੀ 1930 ਦੇ ਦਹਾਕੇ ਦੀ ਮਹਾਂਮੰਦੀ ਜਿਹੀਆਂ ਕੁਝ ਸਮਾਨਤਾਵਾਂ ਨਜ਼ਰ ਆਉਣ ਕਰਕੇ ਪੂੰਜੀਵਾਦੀ ਪ੍ਰਬੰਧ ਦੇ ਪਹਿਰੇਦਾਰਾਂ ਦੀ ਨੀਂਦ ਹਰਾਮ ਹੋ ਗਈ ਹੈ। ਇਸੇ ਲਈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਅਰਥਚਾਰਿਆਂ ਨੂੰ ਮੰਦੀ ਤੋਂ ਬਚਾਉਣ ਲਈ ਕਈ ਜੁਗਾੜ ਲਾ ਰਹੀਆਂ ਹਨ। ਅਮਰੀਕਾ, ਰੂਸ, ਬਿ੍ਰਟੇਨ, ਬੇਲਜਿਅਮ, ਆਈਸਲੈਂਡ, ਫਰਾਂਸ ਨੇ ਆਪਣੇ-ਆਪਣੇ ਅਰਥਚਾਰਿਆਂ ਵਿੱਚ ਕ੍ਰਮਵਾਰ 990, 200, 876, 50, 16, 864, 300 ਬਿਲਿਅਨ ਡਾਲਰ ਦੇ ਬੇਲਆਉਟ ਪੈਕੇਜ ਪਾ ਦਿੱਤੇ ਹਨ। ਪਰ ਢਾਂਚੇ ਦੇ ਪੈਰੋਕਾਰ ਵੀ ਇਸ ਸੱਚਾਈ ਤੋਂ ਚੰਗੀ ਤਰਾਂ ਜਾਣੂ ਹਨ ਕਿ ਇਸ ਤਰਾਂ ਦੇ ਨੁਸਖੇ ਸਿਰਫ਼ `ਪੇਨ ਕਿਲਰ’ ਦਾ ਕੰਮ ਕਰਦੇ ਹਨ, ਉਹਨਾਂ ਵਿੱਚ ਰੋਗ ਨੂੰ ਜੜ ਤੋਂ ਖਤਮ ਕਰਨ ਦੀ ਤਾਕਤ ਨਹੀਂ ਹੈ। ਇੱਕ ਖਤਰਾ ਜੋ ਢਾਂਚੇ ਦੇ ਚਾਕਰਾਂ ਦੇ ਪੈਰਾਂ ਵਿੱਚ ਕੰਡੇ ਵਾਂਗ ਚੁੱਭ ਰਿਹਾ ਹੈ ਉਹ ਹੈ ਵੱਧਦੀ ਬੇਰੁਜ਼ਗਾਰੀ ਅਤੇ ਗਰੀਬੀ ਵਜੋਂ ਲੋਕਾਂ ਦਾ ਗੁੱਸਾ ਫੁੱਟ ਪੈਣ ਦੀ ਸੰਭਾਵਨਾ। ਇਸ ਖਤਰੇ ਨਾਲ ਸਾਰੇ ਹਾਕਮਾਂ ਵਿੱਚ ਘਬਰਾਹਟ ਸਾਫ਼ ਦਿਖਾਈ ਦੇ ਲੱਗ ਪਈ ਹੈ। ਇਸਦਾ ਇੱਕ ਉਦਾਹਰਣ ਕੌਮਾਂਤਰੀ ਕਿਰਤ ਸੰਗਠਨ (ਆਈ.ਐਲ.ਓ.) ਦੇ ਡਾਇਰੈਕਟਰ ਜੇਨੇਰਲ ਜੁਆਨ ਸੋਮਾਵਿਆ ਦਾ ਬਿਆਨ ਹੈ ਜਿਸ ਵਿੱਚ ਉਹਨਾਂ ਨੇ ਸਵੀਕਾਰ ਕੀਤਾ ਹੈ ਕਿ ਅੱਜ ਕੌਮਾਂਤਰੀ ਪੱਧਰ ’ਤੇ ਸੰਸਾਰ ਵਿਆਪੀ ਸਮਾਜਿਕ ਸੰਕਟ ਨਾਲ ਨਜਿੱਠਣ ਲਈ ਜ਼ਰੂਰੀ ਹੈ ਕਿ ਉਦਪਾਦਕ ਨਿਵੇਸ਼ ਨੂੰ ਹੱਲਾਸ਼ੇਰੀ ਦਿੱਤੀ ਜਾਵੇ।

 ਪਿੱਛੇ ਜਿਹੇ ਹੀ ਹੋਏ ਜੀ-20 ਸਿਖ਼ਰ ਸਮੇਲਨ ਵਿੱਚ ਮੰਦੀ ਦਾ ਮੁੱਦਾ ਪੂਰੀ ਤਰਾਂ ਛਾਇਆ ਰਿਹਾ। ਅਮਰੀਕਾ ਅਤੇ ਯੂਰਪੀ ਸੰਘ ਨੇ ਮਿਲ ਕੇ ਸੰਸਾਰ ਅਰਥਚਾਰੇ ਲਈ ਇੱਕ ਬੇਲ ਆਊਟ ਪੈਕੇਜ ਐਲਾਨ ਕੀਤਾ। ਇਸ ਵਿੱਚ ਚੀਨ ਦੀ ਮਦਦ ਲਈ ਗਈ। ਮੁਦਰਾ ਦੀ ਤਰਲਤਾ ਘੱਟ ਜਾਣ ਕਾਰਨ ਜਿਸ ਸੰਕਟ ਦਾ ਸ਼ਿਕਾਰ ਸੰਸਾਰ ਅਰਥਚਾਰਾ ਹੈ ਉਸਨੂੰ ਫੌਰੀ ਤੌਰ ’ਤੇ ਦੂਰ ਕਰਨ ਦੀ ਤਾਕਤ ਵੀ ਅਮਰੀਕਾ ਅਤੇ ਯੂਰਪੀ ਸੰਘ ਵਿੱਚ ਨਹੀਂ ਹੈ। ਇਹ ਤਾਕਤ ਸਿਰਫ਼ ਚੀਨ ਕੋਲ ਹੈ ਜਿਸ ਕੋਲ ਆਪਣੇ ਜ਼ਬਰਦਸਤ ਵਿਦੇਸ਼ੀ ਵਪਾਰ ਵਜੋਂ ਵੱਡਾ ਮੁਦਰਾ ਭੰਡਾਰ ਹੈ। ਇਸ ਮੁਦਰਾ ਭੰਡਾਰ ਦੇ ਦਮ ’ਤੇ ਪੱਛਮੀ ਪੂੰਜੀਵਾਦ ਦੀ ਕਿਸ਼ਤੀ ਥੋੜੀ ਦੇਰ ਲਈ ਘੁੰਮਣ ਘੇਰੀ ’ਚੋਂ ਕੱਢਣ ਲਈ (ਕਿਉਂਕਿ ਕੁਝ ਸਮੇਂ ਲਈ ਇਹ ਸੰਭਵ ਹੈ) ਚੀਨ ਵੀ ਸੰਸਾਰ ਪੱਧਰ ’ਤੇ ਵੱਧ ਚੌਧਰ ਅਤੇ ਤਾਕਤ ਦੀ ਮੰਗ ਕਰ ਰਿਹਾ ਹੈ। ਅਮਰੀਕਾ ਅਤੇ ਯੂਰਪੀ ਸੰਘ ਨੂੰ ਆਪਣੀ ਤਾਨਾਸ਼ਾਹੀ ਟੁੱਟਣ ਦਾ ਖਤਰਾ ਨਜ਼ਰ ਆ ਰਿਹਾ ਹੈ ਇਸ ਲਈ ਫਿਲਹਾਲ ਅਮਰੀਕਾ ਅਤੇ ਯੂਰਪੀ ਸੰਘ ਨੇ ਆਪਣੇ ਮਤਭੇਦਾਂ ਨੂੰ ਪਾਸੇ ਰੱਖਣ ’ਤੇ ਸਹਿਮਤੀ ਜਤਾਈ ਹੈ। ਓਬਾਮਾ ਜੀ-20 ਸੰਮੇਲਨ ਤੋਂ ਬਾਅਦ ਸਟਰਟਗਾਰਡ ਵਿੱਚ ਟਾਊਨ ਹਾਲ ਮੀਟਿੰਗ ਵਿੱਚ ਆਪਣੇ ਭਾਸ਼ਣ ਵਿੱਚ ਯੂਰਪ ਅਤੇ ਅਮਰੀਕਾ ਦੀ ਪਰੰਪਰਾਗਤ ਯਾਰੀ ਦਾ ਜ਼ਿਕਰ ਕਰਦੇ ਕਰਦੇ ਭਾਵਨਾਵਾਂ ਵਿੱਚ ਵਹਿ ਗਏ ਸਨ। ਪਰ ਅਜਿਹੀਆਂ ਸਾਰੀਆਂ ਸਾਮਰਾਜਵਾਦੀ ਯਾਰੀਆਂ ਕੱਚੀਆਂ ਹੋਇਆ ਕਰਦੀਆਂ ਹਨ। ਸੰਸਾਰ ਇਸ ਸਮੇਂ ਜਿਸ ਉਥਲ-ਪੁਥਲ ’ਚੋਂ ਲੰਘ ਰਿਹਾ ਹੈ ਉਸ ’ਚੋਂ ਨਿਕਲ ਸਕਣ ਦਾ ਰਸਤਾ ਫ਼ਿਲਹਾਲ ਸੰਸਾਰ ਪੂੰਜੀਵਾਦ ਨੂੰ ਨਜ਼ਰ ਨਹੀਂ ਆ ਰਿਹਾ þ। ਉਸਦੇ ਲਈ ਰਾਹਤ ਦਾ ਗੱਲ ਸਿਰਫ਼ ਏਨੀ ਹੈ ਕਿ ਸੰਸਾਰ ਭਰ ਵਿੱਚ ਇਨਕਲਾਬੀ ਤਾਕਤਾਂ ਖਿੰਡਾਅ ਦਾ ਸ਼ਿਕਾਰ ਹਨ। ਅਜਿਹੇ ਸਮੇਂ ਵਿੱਚ ਇਹ ਆਰਥਿਕ ਮੰਦੀ ਜੇਕਰ ਸਮਾਜਿਕ ਉਥਲ-ਪੁਥਲ ਨੂੰ ਜਨਮ ਦੇਵੇਗੀ ਤਾਂ ਸੰਸਾਰ ਪੂੰਜੀਵਾਦ ਉਸ ’ਤੇ ਕਾਬੂ ਪਾ ਲਵੇਗਾ। ਪਰ ਜੇਕਰ, ਕੋਈ ਜੱਥੇਬੰਦ, ਤਾਕਤਵਰ ਅਤੇ ਸਮਝਦਾਰ ਇਨਕਲਾਬੀ ਲਹਿਰ ਕਿਸੇ ਸੰਭਾਵਨਾਸਪੰਨ ਦੇਸ਼ ਵਿੱਚ ਮੌਜੂਦ ਹੁੰਦੀ, ਤਾਂ ਤਸਵੀਰ ਕਾਫ਼ੀ ਜਬਰਦਸਤ ਪਾਸਾ ਵੀ ਬਦਲ ਸਕਦੀ ਸੀ।

 ਸੰਸਾਰ ਵਿੱਤੀ ਮੰਡੀ ਨੇ ਇੱਕ ਅਜਿਹਾ ਜਾਲ ਬੁਣ ਲਿਆ ਹੈ ਜਿਸ ’ਚੋਂ ਨਿਕਲਣ ਦਾ ਰਾਹ ਪੂੰਜੀਵਾਦੀ ਪ੍ਰਬੰਧ ਦੇ ਵਫ਼ਾਦਾਰਾਂ ਨੂੰ ਸਮਝ ਨਹੀਂ ਆ ਰਿਹਾ ਹੈ। ਆਰਥਿਕ ਸੰਕਟ ਪੂੰਜੀਵਾਦ ਦੀ ਲਾਇਲਾਜ ਬਿਮਾਰੀ ਹੈ ਜਿਸਤੋਂ ਛੁਟਕਾਰਾ ਪਾਉਣ ਦਾ ਸਿਰਫ਼ ਇੱਕ ਹੀ ਰਾਹ ਹੈ ਕਿ ਬਦਲਵੇਂ ਪ੍ਰਬੰਧ ਬਾਰੇ ਗੰਭੀਰਤਾ ਨਾਲ ਸੋਚਿਆ ਜਾਵੇ ਅਤੇ ਤਿਆਰੀਆਂ ਵਿੱਚ ਜੁਟਿਆ ਜਾਵੇ।           -ਸ਼ਵੇਤਾ

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Connecting to %s