ਭਾਵਨਾ ਕਦੇ ਮਰਦੀ ਨਹੀਂ-ਸ਼ਿਵ ਵਰਮਾ (ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 28 ਸਤੰਬਰ ’ਤੇ)

photo52.                  

                               ਉਹ ਜੁਲਾਈ, 1930 ਦਾ ਆਖਰੀ ਐਤਵਾਰ ਸੀ। ਭਗਤ ਸਿੰਘ ਲਾਹੌਰ ਸੈਂਟਰਲ ਜੇਲ ਵਿੱਚੋਂ ਸਾਨੂੰ ਮਿਲਣ ਬੋਸਟਰਲ ਜੇਲ ਆਏ ਸਨ। ਉਹ ਇਸ ਤਰਕ ਨਾਲ ਸਰਕਾਰ ਤੋਂ ਇਹ ਸੁਵਿਧਾ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ ਸਨ ਕਿ ਉਹਨਾਂ ਦੂਜੇ ਦੋਸ਼ੀਆਂ ਦੇ ਨਾਲ ਬਚਾਉ ਦੇ ਤਰੀਕਿਆਂ ਬਾਰੇ ਗੱਲਬਾਤ ਕਰਨੀ ਹੈ। ਤਾਂ ਉਸ ਦਿਨ ਅਸੀਂ ਕਿਸੇ ਰਾਜਨੀਤਿਕ ਵਿਸ਼ੇ ਬਾਰੇ ਗੱਲਬਾਤ ਕਰ ਰਹੇ ਸਾਂ ਕਿ ਗੱਲਾਂ ਦਾ ਰੁਖ਼ ਫੈਸਲੇ ਵੱਲੀਂ ਮੁੜ ਗਿਆ, ਜਿਸਦਾ ਸਾਨੂੰ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਮਜ਼ਾਕ ਮਜ਼ਾਕ ਵਿੱਚ ਅਸੀਂ ਇੱਕ ਦੂਜੇ ਖਿਲਾਫ਼ ਫੈਸਲੇ ਸੁਣਾਉਣ ਲੱਗੇ, ਸਿਰਫ਼ ਰਾਜਗੁਰੂ ਅਤੇ ਭਗਤ ਸਿੰਘ ਨੂੰ ਇਹਨਾਂ ਫ਼ੈਸਲਿਆਂ ਤੋਂ ਬਰੀ ਰੱਖਿਆ ਗਿਆ। ਅਸੀਂ ਜਾਣਦੇ ਸਾਂ ਕਿ ਉਹਨਾਂ ਫ਼ਾਂਸੀ ’ਤੇ ਲਟਕਾਇਆ ਜਾਏਗਾ।

.                   .“ਅਤੇ ਰਾਜਗੁਰੂ ਤੇ ਮੇਰਾ ਫ਼ੈਸਲਾ? ਕੀ ਤੁਸੀਂ ਲੋਕ ਸਾਨੂੰ ਬਰੀ ਕਰ ਰਹੇ ਹੋ?’’ ਮੁਸਕਰਾਉਂਦਿਆਂ ਹੋਇਆਂ ਭਗਤ ਸਿੰਘ ਨੇ ਪੁੱਛਿਆ।

.                   .ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। “ਅਸਲੀਅਤ ਕਬੂਲ ਕਰਦੇ ਡਰ ਲੱਗਦਾ ਹੈ? ਧੀਮੀ ਆਵਾਜ਼ ਵਿੱਚ ਉਹਨਾਂ ਨੇ ਪੁੱਛਿਆ, ਚੁੱਪ ਬਣੀ ਰਹੀ।

.                   .ਸਾਡੀ ਚੁੱਪ ਉੱਪਰ ਉਹਨਾਂ ਨੇ ਠਹਾਕਾ ਮਾਰਿਆ ਅਤੇ ਬੋਲੇ, “ਸਾਨੂੰ ਗਰਦਨ ਤੋਂ ਫਾਂਸੀ ਦੇ ਫੰਦੇ ’ਤੇ ਉੱਦੋਂ ਤੱਕ ਲਟਕਾਇਆ ਜਾਵੇ ਜਦੋਂ ਤੱਕ ਕਿ ਅਸੀਂ ਮਰ ਨਾ ਜਾਈਏ। ਇਹ ਹੈ ਅਸਲੀਅਤ। ਮੈਂ ਇਸਨੂੰ ਜਾਣਦਾ ਹਾਂ। ਤੁਸੀਂ ਵੀ ਜਾਣਦੇ ਹੋ। ਫਿਰ ਇਸ ਵੱਲੋਂ ਅੱਖਾਂ ਕਿਉਂ ਬੰਦ ਕਰਦੇ ਹੋ?’’

.                   .ਹੁਣ ਤੱਕ ਭਗਤ ਸਿੰਘ ਆਪਣੇ ਰੰਗ ਵਿੱਚ ਆ ਚੁੱਕੇ ਸਨ। ਉਹ ਬਹੁਤ ਹੀ ਧੀਮੀ ਆਵਾਜ ਵਿੱਚ ਬੋਲ ਰਹੇ ਸਨ। ਇਹ ਹੀ ਉਹਨਾਂ ਦਾ ਤਰੀਕਾ ਸੀ। ਸੁਨਣ ਵਾਲਿਆਂ ਨੂੰ ਲਗਦਾ ਸੀ ਕਿ ਉਹ ਉਹਨਾਂ ਨੂੰ ਫੁਸਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੀਖ ਕੇ ਬੋਲਣਾ ਉਹਨਾਂ ਦੀ ਆਦਤ ਨਹੀਂ ਸੀ। ਇਹ ਹੀ ਸ਼ਾਇਦ ਉਹਨਾਂ ਦੀ ਸ਼ਕਤੀ ਵੀ ਸੀ।

.                   .ਉਹ ਆਪਣੇ ਸੁਭਾਵਿਕ ਅੰਦਾਜ ਵਿੱਚ ਬੋਲਦੇ ਰਹੇ, “ਦੇਸ਼ ਭਗਤੀ ਵਾਸਤੇ ਇਹ ਸਰਵ-ਉੱਚ ਪੁਰਸਕਾਰ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਇਹ ਪੁਰਸਕਾਰ ਪ੍ਰਾਪਤ ਕਰਨ ਜਾ ਰਿਹਾ ਹਾਂ। ਉਹ ਸੋਚਦੇ ਹਨ ਕਿ ਮੇਰੇ ਨਾਸ਼ਵਾਨ ਸਰੀਰ ਨੂੰ ਨਸ਼ਟ ਕਰਕੇ ਉਹ ਇਸ ਦੇਸ਼ ਵਿੱਚ ਸੁਰੱਖਿਅਤ ਰਹਿ ਜਾਣਗੇ। ਇਹ ਉਹਨਾਂ ਦੀ ਭੁੱਲ ਹੈ। ਉਹ ਮੈਨੂੰ ਮਾਰ ਸਕਦੇ ਹਨ, ਪਰ ਮੇਰੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ। ਉਹ ਮੇਰੇ ਸਰੀਰ ਨੂੰ ਕੁਚਲ ਸਕਦੇ ਹਨ, ਪਰ ਮੇਰੀਆਂ ਭਾਵਨਾਵਾਂ ਨੂੰ ਨਹੀਂ ਕੁਚਲ ਸਕਣਗੇ। ਬਿ੍ਰਟਿਸ਼ ਹਕੂਮਤ ਦੇ ਸਿਰ ’ਤੇ ਮੇਰੇ ਵਿਚਾਰ ਉਸ ਸਮੇਂ ਤੱਕ ਇੱਕ ਸਰਾਪ ਦੀ ਤਰਾਂ ਮੰਡਰਾਉਂਦੇ ਰਹਿਣਗੇ ਜਦੋਂ ਤੱਕ ਉਹ ਇੱਥੋਂ ਭੱਜਣ ਵਾਸਤੇ ਮਜ਼ਬੂਰ ਨਾ ਹੋ ਜਾਣ’’।

.                   .ਭਗਤ ਸਿੰਘ ਪੂਰੇ ਲੋਰ ਵਿੱਚ ਬੋਲ ਰਹੇ ਸਨ। ਕੁੱਝ ਸਮੇਂ ਦੇ ਵਾਸਤੇ ਅਸੀਂ ਭੁੱਲ ਗਏ ਕਿ ਜੋ ਆਦਮੀ ਸਾਡੇ ਸਾਹਮਣੇ ਬੈਠਾ ਹੈ ਉਹ ਸਾਡਾ ਸਹਿਯੋਗੀ ਹੈ। ਉਹ ਬੋਲੀ ਜਾ ਰਹੇ ਸਨ, “ਪਰ ਇਹ ਤਸਵੀਰ ਦਾ ਸਿਰਫ ਇੱਕ ਪਾਸਾ ਹੈ। ਦੂਜਾ ਪਾਸਾ ਵੀ ਉਨਾ ਹੀ ਰੋਸ਼ਨ ਹੈ। ਬਿ੍ਰਟਿਸ਼ ਹਕੂਮਤ ਵਾਸਤੇ ਮਰਿਆ ਹੋਇਆ ਭਗਤ ਸਿੰਘ ਜਿਉਂਦੇ ਭਗਤ ਸਿੰਘ ਤੋਂਂ ਵੱਧ ਖਤਰਨਾਕ ਹੋਵੇਗਾ। ਮੈਨੂੰ ਫਾਂਸੀ ਹੋ ਜਾਣ ਤੋਂ ਬਾਅਦ ਮੇਰੇ ਇਨਕਲਾਬੀ ਵਿਚਾਰਾਂ ਦੀ ਮਹਿਕ ਸਾਡੇ ਇਸ ਮਨੋਹਰ ਦੇਸ਼ ਦੇ ਵਾਤਾਵਰਣ ਵਿੱਚ ਘੁਲ ਮਿਲ ਜਾਵੇਗੀ। ਉਹ ਨੌਜਵਾਨਾਂ ਨੂੰ ਮਦਹੋਸ਼ ਕਰੇਗੀ ਅਤੇ ਉਹ ਅਜ਼ਾਦੀ ਅਤੇ ਇਨਕਲਾਬ ਦੇ ਵਾਸਤੇ ਦੀਵਾਨੇ ਹੋ ਜਾਣਗੇ। ਨੌਜਵਾਨਾਂ ਦਾ ਇਹ ਦੀਵਾਨਾਪਣ ਹੀ ਬਿ੍ਰਟਿਸ਼ ਸਾਮਰਾਜਵਾਦੀਆਂ ਨੂੰ ਵਿਨਾਸ਼ ਦੇ ਕੰਢੇ ਤੱਕ ਪੁਚਾ ਦੇਵੇਗਾ। ਇਹ ਮੇਰਾ ਦ੍ਰਿੜ ਵਿਸ਼ਵਾਸ਼ ਹੈ। ਮੈਂ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰ ਰਿਹਾ ਹਾਂ ਜਦੋਂ ਮੈਨੂੰ ਦੇਸ਼ ਵਾਸਤੇ ਮੇਰੀਆਂ ਸੇਵਾਵਾਂ ਅਤੇ ਲੋਕਾਂ ਲਈ ਮੇਰੇ ਪਿਆਰ ਦਾ ਸਰਬ ਉੱਚ ਪੁਰਸਕਾਰ ਮਿਲੇਗਾ’’।

.                   .ਭਗਤ ਸਿੰਘ ਦੀ ਭਵਿੱਖਬਾਣੀ ਇੱਕ ਸਾਲ ਅੰਦਰ ਹੀ ਸੱਚ ਸਾਬਿਤ ਹੋਈ। ਉਹਨਾਂ ਦਾ ਨਾਂ ਮੌਤ ਨੂੰ ਵੰਗਾਰਨ ਵਾਲੇ ਸਾਹਸ, ਬਲੀਦਾਨ, ਦੇਸ਼ ਭਗਤੀ ਅਤੇ ਸੰਕਲਪਸ਼ੀਲਤਾ ਦਾ ਪ੍ਰਤੀਕ ਬਣ ਗਿਆ। ਸਮਾਜਵਾਦੀ ਸਮਾਜ ਦੀ ਸਥਾਪਨਾ ਦਾ ਉਹ ਸੁਪਨਾ ਪੜੇ ਲਿਖੇ ਨੌਜਵਾਨਾਂ ਦਾ ਸੁਪਨਾ ਬਣ ਗਿਆ ਅਤੇ `ਇਨਕਲਾਬ ਜਿੰਦਾਬਾਦ’ ਦਾ ਉਹਨਾਂ ਦਾ ਨਾਹਰਾ ਸਮੁੱਚੀ ਕੌਮ ਦਾ ਯੁੱਧ ਨਾਦ ਬਣ ਗਿਆ। 1930-32 ਵਿੱਚ ਲੋਕ ਇੱਕ ਹੋ ਕੇ ਉੱਠ ਖੜੇ ਹੋਏ। ਜੇਲਾਂ, ਕੋੜੇ, ਅਤੇ ਡਾਂਗਾਂ ਦੀਆਂ ਸੱਟਾਂ ਉਹਨਾਂ ਦੇ ਮਨੋਬਲ ਨੂੰ ਤੋੜ ਨਹੀਂ ਸਕੀਆਂ। ਇਹ ਹੀ ਭਾਵਨਾ, ਇਸਤੋਂ ਵੀ ਉੱਚੀ ਟੀਸੀ ’ਤੇ, “ਭਾਰਤ ਛੱਡੋ’’ ਅੰਦੋਲਨ ਦੌਰਾਨ ਵਿਖਾਈ ਦਿੱਤੀ ਸੀ। ਭਗਤ ਸਿੰਘ ਦਾ ਨਾਂ ਬੁੱਲਾਂ ’ਤੇ ਅਤੇ ਉਹਨਾਂ ਦਾ ਨਾਹਰਾ ਆਪਣੇ ਝੰਡਿਆਂ ਉੱਤੇ ਲਈ ਨੌਜਵਾਨਾਂ ਅਤੇ ਬੱਚਿਆਂ ਨੇ ਗੋਲੀਆਂ ਦਾ ਸਾਹਮਣਾ ਇਸ ਤਰਾਂ ਕੀਤਾ ਜਿਵੇਂ ਉਹ ਮੱਖਣ ਦੀਆਂ ਬਣੀਆਂ ਹੋਣ। ਸਾਰਾ ਦੇਸ਼ ਪਾਗਲ ਹੋ ਗਿਆ ਸੀ ਅਤੇ ਫੇਰ ਆਇਆ 1945-46 ਦਾ ਦੌਰ ਜਦੋਂ ਸੰਸਾਰ ਨੇ ਇੱਕ ਬਿਲਕੁਲ ਨਵੇਂ ਭਾਰਤ ਨੂੰ ਅੰਗੜਾਈਆਂ ਲੈਂਦੇ ਵੇਖਿਆ। ਮਜ਼ਦੂਰ, ਕਿਸਾਨ, ਵਿਦਿਆਰਥੀ, ਨੌਜਵਾਨ, ਜਲ ਸੈਨਾ, ਥਲ ਸੈਨਾ, ਹਵਾਈ ਸੈਨਾ ਅਤੇ ਪੁਲਿਸ ਤੱਕ ਸਭ ਆਖਰੀ ਹੱਲਾ ਬੋਲਣ ਲਈ ਵਿਆਕੁਲ ਸਨ। ਗੈਰ ਸਰਗਰਮ ਵਿਰੋਧ ਦੀ ਥਾਂ ਸਰਗਰਮ ਜਵਾਬੀ ਹਮਲੇ ਨੇ ਲੈ ਲਈ ਸੀ। ਬਲੀਦਾਨ ਅਤੇ ਤਸੀਹਿਆਂ ਨੂੰ ਬਰਦਾਸ਼ਤ ਕਰਨ ਦੀ ਜੋ ਭਾਵਨਾ 1930-31 ਤੱਕ ਥੋੜੇ ਜਿਹੇ ਨੌਜਵਾਨਾਂ ਤੱਕ ਸੀਮਤ ਸੀ, ਹੁਣ ਸਮੁੱਚੇ ਲੋਕਾਂ ਵਿੱਚ ਦਿਖਾਈ ਦੇ ਰਹੀ ਸੀ। ਵਿਦਰੋਹ ਦੀ ਭਾਵਨਾ ਨੇ ਸਾਰੇ ਦੇਸ਼ ਨੂੰ ਆਪਣੇ ਲਪੇਟ ਵਿੱਚ ਜਕੜ ਲਿਆ ਸੀ। ਭਗਤ ਸਿੰਘ ਨੇ ਠੀਕ ਹੀ ਤਾਂ ਆਖਿਆ ਸੀ, `ਭਾਵਨਾ ਕਦੇ ਨਹੀਂ ਮਰਦੀ ।’’ ਅਤੇ ਉਸ ਸਮੇਂ ਵੀ ਉਹ ਮਰੀ ਨਹੀਂ ਸੀ।

(`ਇਨਕਲਾਬੀ ਲਹਿਰ ਦਾ ਸਿਧਾਂਤਕ ਵਿਕਾਸ’ਨਾਮਕ ਲੇਖ ਦਾ ਇੱਕ ਅੰਸ਼)

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Connecting to %s