ਕਾਸ਼! ਇਹ ਟੁਕੜੀ ਕਾਫ਼ਲਾ ਬਣ ਜਾਵੇ…
ਪਿਆਰੇ ਰਾਜਵਿੰਦਰ ਅਤੇ ਲਖਵਿੰਦਰ ਜੀ,
ਪਿਆਰ ਯਾਦ।
. . ਤੁਸੀਂ ਮੈਨੂੰ ਲਲਕਾਰ ਭੇਜਦੇ ਹੋ, ਤੁਹਾਡਾ ਬਹੁਤ ਸਾਰਾ ਧੰਨਵਾਦ। ਤੁਸੀਂ ਬਹੁਤ ਚੰਗੇ ਆਦਰਸ਼ ਨੂੰ ਲੈ ਕੇ ਤੁਰੇ ਹੋ। ਮੈਂ ਵੀ ਤੁਹਾਡੇ ਨਾਲ ਸ਼ਾਮਲ ਹਾਂ। ਕਾਸ਼, ਇਹ ਨਿੱਕਾ ਜਿਹਾ ਵਰੋਲਾ ਲਾਲ ਹਨੇਰੀ ਬਣ ਜਾਵੇ। ਕਾਸ਼, ਇਹ ਟੁਕੜੀ, ਕਾਫ਼ਲਾ ਬਣ ਜਾਵੇ। ਵੱਡਾ, ਹੋਰ ਵੱਡਾ ਕਾਫ਼ਲਾ…
ਪਿਆਰ ਨਾਲ, ਤੁਹਾਡਾ ਆਪਣਾ,
ਹਮਦਰਦ ਨੌਸ਼ਹਿਰਵੀ, ਸਮਰਾਲਾ।ਇਨਕਲਾਬ ਹੀ ਇੱਕੋ-ਇੱਕ ਰਾਹ ਹੈ…
. .ਕਾਫ਼ੀ ਲੰਮੇ ਸਮੇਂ ਤੋਂ ਸੋਚ ਰਿਹਾ ਸੀ ਕਿ ਲਲਕਾਰ ਨੂੰ ਤੇ ਇਸਦੇ ਪਾਠਕਾਂ ਨੂੰ ਖ਼ਤ ਲਿਖਾਂ। ਹੁਣ ਮੌਕਾ ਲੱਗਿਆ, ਤਾਂ ਲਿਖ ਰਿਹਾ ਹਾਂ।
. .ਦੋਸਤੋ, ਅਸੀਂ ਸਾਰੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਹੁੰਦੇ ਹਾਂ, ਪੜਾਈ ਪੂਰੀ ਕਰਨ ਮਗਰੋਂ ਕੋਸ਼ਿਸ਼ ਰਹਿੰਦੀ ਹੈ ਕਿ ਜਲਦੀ ਤੋਂ ਜਲਦੀ ਇੱਕ ਪੱਕੀ ਨੌਕਰੀ ਮਿਲ ਜਾਏ ਤੇ ਇੱਕ ਪੱਕਾ ਠਿਕਾਣਾ, ਕੰਪੀਟੀਸ਼ਨ ਦੀ ਦੌੜ ਵਿੱਚ ਕਿਤੇ ਪਿੱਛੇ ਨਾ ਰਹਿ ਜਾਈਏ। ਪਰ ਇਸ ਸਭ ਦੀ ਪੂਰਤੀ ਲਈ ਹਰ ਕਦਮ ’ਤੇ ਬੇਈਮਾਨੀ, ਝੂਠ, ਭਿ੍ਰਸ਼ਟਾਚਾਰ ਤੁਹਾਡਾ ਸਾਥ ਦਿੰਦੇ ਹਨ, ਅੰਦਰ ਦੀ ਇਨਸਾਨੀਅਤ ਇਹਨਾਂ ਸਭ ਬਿਮਾਰੀਆਂ ਤੋਂ ਪਿੱਛਾ ਛੁਡਾਉਣਾ ਚਾਹੁੰਦੀ ਹੈ ਪਰ ਫਿਰ ਗੱਲ ਜਿੰਦਗੀ ਦੀ ਆਉਂਦੀ ਹੈ।
. . ਮੈਂ ਆਪਣੀ ਡਾਕਟਰੀ ਦੀ ਪੜਾਈ ਦੌਰਾਨ ਸੋਚਦਾ ਸੀ ਕਿ ਬਾਕੀ (ਬਹੁਤੇ) ਡਾਕਟਰਾਂ ਵਾਂਗ ਪੈਸੇ ਲਈ ਨਹੀਂ, ਇਨਸਾਨ ਦੇ ਇਲਾਜ ਲਈ ਮਨੁੱਖਤਾ ਦੀ ਸੇਵਾ ਲਈ ਕੰਮ ਕਰਾਂਗਾ।
. . ਇਹੋ ਸੋਚ ਕੇ ਚੰਡੀਗੜ ਦੇ ਨਾਲ ਲੱਗਦੇ ਇਲਾਕੇ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ। ਜਿਆਦਾ ਕਰਕੇ ਇੱਥੇ ਦੇ ਲੋਕ ਰਿਕਸ਼ਾ, ਰੇਹੜੀ ਤੇ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਹਨ। ਇਲਾਕੇ ਵਿੱਚ ਬਹੁਤ ਹੀ ਜਿਆਦਾ ਗੰਦਗੀ ਸੀ, ਜੋ ਬਿਮਾਰੀਆਂ ਦਾ ਇੱਕ ਵੱਡਾ ਕਾਰਨ ਸੀ। ਲੋਕਾਂ ਦੀ ਹਾਲਤ ਵੇਖ ਕੇ ਮੈਨੂੰ ਇਹ ਸਮਝ ਆਇਆ ਕਿ ਇਹਨਾਂ ਨੂੰ ਦਵਾਈਆਂ ਦੇਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ, ਬਿਮਾਰੀ ਦੀ ਜੜ ਗੰਦਗੀ ਹੈ। ਤੇ ਫਿਰ ਲੋਕਾਂ ਦੀ ਅੰਨਪੜਤਾ ਅਤੇ ਹੋਰ ਕਿੰਨੀਆਂ ਹੀ ਸਮੱਸਿਆਵਾਂ ਦਾ ਪਤ ਲੱਗਾ। ਪਰ ਇਹ ਸਭ ਕਿਉਂ ਹੈ, ਲੋਕ ਦਿਨ ਰਾਤ ਮਿਹਨਤ ਕਰਦੇ ਹਨ ਨੇ ਫਿਰ ਵੀ ਐਨੀਆਂ ਅਣਮਨੁੱਖੀ ਹਾਲਤਾਂ ਵਿੱਚ ਕਿਉਂ ਰਹਿਣਾ ਪੈਂਦਾ ਹੈ ਇਹਨਾਂ ਨੂੰ।
. .ਦੂਸਰੇ ਪਾਸੇ ਚੰਡੀਗੜ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਤਨਖਾਹਾਂ ਹਜ਼ਾਰਾਂ ਲੱਖਾਂ ਵਿੱਚ ਹਨ ਤੇ ਬੇਸ਼ੱਕ ਉਹ ਬਿਮਾਰ ਹੁੰਦੇ ਨੇ ਪਰ ਪੈਸੇ ਦੀ ਬਹੁਤਾਤ ਕਰਕੇ। ਇੱਕ ਪਾਸੇ ਲੋਕ ਜਿਆਦਾ ਖਾਣ ਨਾਲ ਬਿਮਾਰ ਨੇ ਤੇ ਦੂਸਰੇ ਪਾਸੇ ਲੋਕ ਭੁਖਮਰੀ ਦਾ ਸ਼ਿਕਾਰ।
. .ਗੰਦਗੀ, ਅਨਪੜਤਾ, ਅਤਿਆਚਾਰ, ਭਿ੍ਰਸ਼ਟਾਚਾਰ ਤੇ ਹੋਰ ਕਈ ਸਮੱਸਿਆਵਾਂ ਦਾ ਕਾਰਣ ਕੀ ਹੈ? ਇਹ ਸਵਾਲ ਲਗਾਤਾਰ ਦਿਮਾਗ ਵਿੱਚ ਚਲਦਾ ਰਹਿੰਦਾ ਸੀ।
. . ਕੁਝ ਮਹੀਨੇ ਪਹਿਲਾਂ ਆਪਣੇ ਇੱਕ ਮਿੱਤਰ ਕੋਲੋਂ ਲਲਕਾਰ ਮੈਂਗਜੀਨ ਪੜਨ ਦਾ ਮੌਕਾ ਲੱਗਿਆ। ਪੜ ਕੇ ਇੰਝ ਲੱਗਿਆ ਜਿਵੇਂ ਮੇਰੇ ਸਾਰੇ ਸਵਾਲਾਂ ਦਾ ਜੁਆਬ ਮਿਲ ਗਿਆ ਹੈ। ਲਲਕਾਰ ਪੜ ਕੇ ਹੀ ਸਮਝ ਆਈ ਕਿ ਲੋਕਾਂ ਦੀਆਂ ਬੁਨੀਆਦੀ ਸਮੱਸਿਆਵਾਂ ਓਹਨਾਂ ਦੀ ਆਰਥਕਤਾ ’ਤੇ ਨਿਰਭਰ ਕਰਦੀਆਂ ਹਨ ਤੇ ਮੌਜੂਦਾ (ਲੁੱਟ ਅਧਾਰਿਤ) ਢਾਂਚੇ ਵਿੱਚ ਮਿਹਨਤ-ਮੁਸ਼ੱਕਤ ਕਰਨ ਵਾਲਾ ਇਨਸਾਨ ਖੁਸ਼ ਨਹੀਂ ਰਹਿ ਸਕਦਾ। ਤੇ ਸਮਾਜ ਸੇਵੀ ਸੰਸਥਾਵਾਂ ਮਹਿਜ ਇਸ ਢਾਂਚੇ ਨੂੰ ਟਾਕੀਆਂ ਲਾਉਣ ਦਾ ਕੰਮ ਕਰ ਰਹੀਆਂ ਨੇ। ਇਨਕਲਾਬ ਹੀ ਇੱਕੋ-ਇੱਕ ਰਾਹ ਹੈ ਜੋ ਇਸ ਸਮਾਜ ਨੂੰ ਮਨੁੱਖ ਦੇ ਜਿਉਣ ਲਾਇਕ ਬਣਾ ਸਕਦਾ ਹੈ। ਤੇ ਬੇਸ਼ੱਕ ਭਗਤ ਸਿੰਘ ਦੀਆਂ ਕਹੀਆਂ ਗੱਲਾਂ, ਕਿ ਨੌਜਵਾਨਾਂ ਨੂੰ ਇਨਕਲਾਬ ਦਾ ਰਾਹ ਅਪਣਾਉਣਾ ਹੋਵੇਗਾ ਬਿਲਕੁਲ ਸੱਚ ਹੈ। ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਜੋ ਰਾਹ ਲਲਕਾਰ ਵਿੱਚ ਦੱਸਿਆ ਗਿਆ ਹੈ ਉਸ ਨੂੰ ਆਪਣੀ ਅਸਲ ਜਿੰਦਗੀ ਵਿੱਚ ਲਾਗੂ ਕਰਾਂ ਤੇ ਆਪਣੇ ਸੁਆਰਥ ਤੋਂ ਉੱਪਰ ਉੱਠ ਕੇ ਇਨਕਲਾਬ ਦੇ ਰਾਹ ’ਤੇ ਚੱਲਦਿਆਂ ਮਿਹਨਤਕਸ਼ ਲੋਕਾਂ ਦਾ ਹਿੱਸਾ ਬਣਾਂ। ਲਲਕਾਰ ਦਾ ਅਕਤੂਬਰ-ਦਸੰਬਰ 2007 ਦਾ ਪਹਿਲਾ ਲੇਖ (ਕਿਰਤੀ ਲੋਕਾਂ ਨਾਲ ਏਕਤਾ ਬਣਾਉਣ ਲਈ ਇਨਕਲਾਬੀ ਨੌਜਵਾਨਾਂ-ਵਿਦਿਆਰਥੀਆਂ ਨੂੰ ਕੁਝ ਠੋਸ ਕਦਮ ਚੁੱਕਣੇ ਪੈਣਗੇ) ਸਾਡੇ ਸਾਰਿਆਂ ਲਈ ਹੀ ਇੱਕ ਮਾਰਗਦਰਸ਼ਕ ਹੈ।
. .ਸ਼ੁਭ ਇੱਛਾਵਾਂ ਸਹਿਤ, ਰਮਿੰਦਰ, ਜੀਰਕਪੁਰ।ਸੜਕ ਤੇ ਸਬਜੀ ਵੇਚ ਰਿਹਾ ਬੱਚਾ
ਇੱਕ ਬੈਠਾ ਹੈ ਗਰੀਬ ਬੱਚਾ
ਸੜਕ ’ਤੇ ਸਬਜ਼ੀ ਦੇ ਢੇਰ ਕੋਲ।
ਆਉਂਦਾ ਹੈ ਇੱਕ ਗਾਹਕ
ਗੱਡੀ ਨੂੰ ਸਾਈਡ ’ਤੇ ਖਿਲਾਰ ਕੇ
ਪੁੱਛਦਾ ਹੈ ਸਬਜ਼ੀਆਂ ਦੇ ਭਾਅ।
ਬੜੀ ਮਿੱਠੀ ਅਵਾਜ਼ ਵਿੱਚ
ਦੱਸਦਾ ਹੈ ਬੱਚਾ
ਜਿਵੇਂ ਸਿਖਾਇਆ ਹੈ ਬਾਪ ਨੇ।
ਆਖਦਾ ਹੈ ਗਾਹਕ ਕੁਝ ਰੇਟ ਘੱਟ ਕਰਨ ਨੂੰ।
ਬੋਲਦਾ ਹੈ ਬੱਚਾ
ਨਹੀਂ ਜੀ ਅੱਜ ਕੱਲ ਤਾਂ ਪਿਛੋਂ ਨੇ ਰੇਟ ਵੱਧ।
ਗਾਹਕ ਹੁੰਦਾ ਹੈ ਥੋੜਾ ਦੁਖੀ
ਤੇ ਪਾਉਂਣ ਲੱਗਦਾ ਹੈ ਤੱਕੜੀ ’ਚ
ਸਬਜ਼ੀਆਂ ਛਾਂਟ-ਛਾਂਟ ਕੇ।
ਗਾਹਕ ਪੁੱਛਦਾ ਹੈ ਕਿੰਨੇ ਪੈਸੇ ਹੋਏ ਨੇ।
ਬੱਚਾ ਦੱਸਦਾ ਹੈ।
ਗਾਹਕ ਦਿੰਦਾ ਹੈ ਪੈਸੇ
ਤੇ ਚਲਿਆ ਜਾਂਦਾ ਹੈ ਗੱਡੀ ਵੱਲ।
ਬੱਚਾ ਸੋਚਦਾ ਹੈ
ਬੜੇ ਚੰਗੇ ਨੇ ਲੋਕ ਇੱਥੇ
ਕਿੰਨੇ ਪਿਆਰ ਨਾਲ ਬੋਲਦੇ ਨੇ।
ਪਰ ਬੱਚੇ ਨੂੰ ਕੀ ਪਤਾ
ਇਹ ਪਿਆਰ ਨਾਲ ਕਿਉਂ ਬੋਲਦੇ ਨੇ!
ਕਿ ਅਸੀਂ ਆਵਾਂਗੇ ਸਬਜ਼ੀਆਂ ਲੈਣ
ਤੂੰ ਸਬਜੀਆਂ ਤਿਆਰ ਰੱਖੀਂ।
ਸਬਜੀਆਂ ਦੇ ਜਾਇਜ ਰੇਟ ਮੰਗੀਂ
ਪੜਾਈ-ਲਿਖਾਈ ਦੇ, ਬਚਪਨ ਦੇ
ਖੇਡਣ-ਕੁੱਦਣ ਦੇ ਦਿਨ ਨਾ ਮੰਗੀਂ।
ਕਿਉਂ ਬੈਠਾਂ ਏਂ ਚੌਂਕ ’ਚ
ਇਹਨਾਂ ਗੱਲਾਂ ਦਾ ਜਵਾਬ ਨਾ ਮੰਗੀਂ।
ਉਹ ਮਿੱਠੇ ਬੋਲ ਤਾਂ ਬੋਲ ਨੇ ਸਕਦੇ
ਪਰ ਤੇਰੀ ਜਿੰਦਗੀ ਨੀ ਬਦਲ ਸਕਦੇ!
—ਸੁਖਵਿੰਦਰ, ਜਗਰਾਉਂ।