(106 ਵੇਂ ਜਨਮ ਦਿਨ ’ਤੇ ਵਿਸ਼ੇਸ਼)
ਨਿਕੋਲਾਈ ਓਸਤਰੋਵਸਕੀ
(29 ਸਤੰਬਰ 1904—22 ਦਸੰਬਰ 1936)
. .ਕਿੰਨਾ ਸ਼ਾਨਦਾਰ ਯਸ਼ ਹੈ ਜੋ ਲੇਖਕ ਨਿਕੋਲਾਈ ਓਸਤਰੋਵਸਕੀ ਆਪਣੇ ਪਿਛਾਂਹ ਛੱਡ ਗਿਆ ਹੈ। ਅੱਜ ਉਸਦੇ ਨਾਵਲ `ਕਬਹੂ ਨਾ ਛਾਡੇ ਖੇਤ’ ਦਾ ਨੌਜਵਾਨ ਨਾਇਕ, ਕਾਲੀਆਂ-ਕਾਲੀਆਂ ਅੱਖਾਂ ਵਾਲਾ ਪਾਵੇਲ ਕੋਰਚਾਗਿਨ, ਸੰਸਾਰ ਭਰ ਦੇ, ਹਰ ਦੇਸ਼ ਅਤੇ ਕੌਮ ਦੇ ਹਜ਼ਾਰਾਂ-ਹਜ਼ਾਰ ਮਰਦ-ਔਰਤਾਂ ਅਤੇ ਬੱਚਿਆਂ ਲਈ ਜਿੰਦਗੀ ਭਰ ਦਾ ਸਾਥੀ ਬਣ ਗਿਆ ਹੈ, ਅਜਿਹਾ ਸਾਥੀ ਜੋ ਆਪਣੇ ਪੱਕੇ ਇਰਾਦੇ ਅਤੇ ਹੌਸਲੇ ਨਾਲ, ਜਿੰਦਗੀ ਲਈ ਆਪਣੇ ਅਜਿੱਤ ਪਿਆਰ ਨਾਲ, ਔਖਿਆਈਆਂ ਨਾਲ ਜੂਝਣ ਵਾਲੀ ਆਪਣੀ ਦ੍ਰਿੜਤਾ ਨਾਲ, ਇੱਕ ਮਿਸਾਲ ਕਾਇਮ ਕਰਕੇ ਉਹਨਾਂ ਵਿੱਚ ਹਮੇਸ਼ਾਂ ਨਵੀਂ ਰੂਹ ਫੂਕਦਾ ਰਹਿੰਦਾ ਹੈ।
. . ਓਸਤਰੋਵਸਕੀ ਨੇ ਇੱਕ ਜਗਾ ਲਿਖਿਆ ਹੈ— “ਉਹ ਮਨੁੱਖ ਬੜਾ ਖੁਸ਼ਕਿਸਮਤ ਹੈ ਜਿਸਦੀਆਂ ਰਚਨਾਵਾਂ ਉਸਦੀ ਮੌਤ ਤੋਂ ਬਾਅਦ ਵੀ ਮਨੁੱਖਤਾ ਦੀ ਸੇਵਾ ਕਰਦੀਆਂ ਰਹਿੰਦੀਆਂ ਹਨ।’’ ਜੇਹੀ ਕਿ ਉਸਦੀ ਜਿੰਦਗੀ ਸੀ ਅਤੇ ਜੋ ਕੰਮ ਉਸਨੇ ਕਰ ਵਿਖਾਇਆ, ਉਸ ਵਜੋਂ ਆਪਣੇ ਆਪ ਹੀ ਉਸਦੇ ਦਿਲ ਦੀ ਇੱਛਾ ਪੂਰੀ ਹੋ ਗਈ।
. . ਇੱਕ ਪਲ ਲਈ ਕਲਪਨਾ ਕਰੋ ਕਿ ਸਮੇਂ ਨੇ ਆਪਣੇ ਸਫ਼ੇ ਪਿੱਛੇ ਵੱਲ ਪਲਟ ਦਿੱਤੇ ਹਨ—ਕਿ ਓਸਤਰੋਵਸਕੀ ਅਜੇ ਜਿਉਂਦਾ ਹੈ। 1935 ਦਾ ਵਰਾ ਅਤੇ ਦਸੰਬਰ ਦਾ ਮਹੀਨਾ। `ਕਬਹੂ ਨਾ ਛਾਡੇ ਖੇਤ’ ਛਪ ਚੁੱਕੀ ਹੈ ਅਤੇ ਸੋਵੀਅਤ ਲੋਕਾਂ ਨੇ ਆਪਣੇ ਇੱਕ ਯੋਗ ਅਤੇ ਦੇਸ਼ਭਗਤ ਸਪੁੱਤਰ ਦੀ ਸਵਾਰਥਹੀਣ ਮਿਹਨਤ ਦੀ ਪ੍ਰਸ਼ੰਸਾ ਕੀਤੀ ਹੈ। ਓਸਤਰੋਵਸਕੀ ਨੂੰ ਲੈਨਿਨ ਤਗ਼ਮੇ ਨਾਲ ਸਨਮਾਨਿਆ ਗਿਆ ਹੈ। ਹੁਣ ਉਹ ਸੋਚੀ ਤੋਂ ਮਾਸਕੋ ਆਇਆ ਹੈ ਤਾਂ ਜੋ ਆਪਣੀ ਦੂਜੀ ਕਿਤਾਬ `ਤੂਫਾਨਾਂ ਦੇ ਜਾਏ’ ’ਤੇ ਆਪਣਾ ਕੰਮ ਜਾਰੀ ਰੱਖ ਸਕੇ। ਤੁਸੀਂ 40, ਗੋਰਕੀ ਸਟ੍ਰੀਟ ਵਿੱਚ ਉਸਦੇ ਕਮਰਿਆਂ ਵਿੱਚ ਉਸਨੂੰ ਮਿਲਣ ਜਾਂਦੇ ਹੋ।
. . ਬੜੀ ਆਸ ਅਤੇ ਉਤਸ਼ਾਹ ਨਾਲ ਤੁਸੀਂ ਚੋੜੀਆਂ ਪੌੜੀਆਂ ਚੜਦੇ ਹੋਏ ਦੂਜੀ ਮੰਜ਼ਿਲ ’ਤੇ ਪਹੁੰਚਦੇ ਹੋ, ਫਿਰ ਡਿਓਢੀ ਲੰਘ ਕੇ ਘੰਟੀ ਵਜਾਉਂਦੇ ਹੋ। ਦਰਵਾਜ਼ਾ ਖੁੱਲਦਾ ਹੈ। ਇਸ ਤੋਂ ਬਾਅਦ ਇੱਕ ਹੋਰ ਦਰਵਾਜ਼ਾ ਖੁੱਲਦਾ ਹੈ ਅਤੇ ਤੁਸੀਂ ਆਪਣੇ ਆਪ ਨੂੰ ਉਸਦੇ ਕਮਰੇ ਵਿੱਚ ਖਲੋਤੇ ਵੇਖਦੇ ਹੋ।
. . ਉਹ ਸਾਹਮਣੇ ਲੇਟਿਆ ਹੋਇਆ ਹੈ—ਇੱਕ ਕਮਜ਼ੋਰ ਸ਼ਰੀਰ ਵਾਲਾ ਵਿਅਕਤੀ, ਲੱਕ ਤੱਕ ਕੰਬਲ ਲਈ। ਉਸਦਾ ਕਮਜ਼ੋਰ ਪਰ ਸੰਵੇਦਨਸ਼ੀਲ ਚਹਿਰਾ—ਇੱਕ ਚਿੰਤਨਸ਼ੀਲ ਅਤੇ ਇਕਾਗਰ-ਚਿੱਤ ਕੋਸ਼ਿਸ਼ ਕਰਨ ਵਾਲੇ ਦਾ ਚਹਿਰਾ-ਕਿਸੇ ਅੰਦਰੂਨੀ ਪ੍ਰੇਰਣਾ ਨਾਲ ਚਮਕ ਰਿਹਾ ਹੈ। ਉਹਦੇ ਚਹਿਰੇ ’ਤੇ ਉਸਦੇ ਅੰਦਰੂਨੀ ਵਿਚਾਰ, ਆਪਣੀ ਹਰੇਕ ਗਤੀਵਿਧੀ ਅਤੇ ਤਬਦੀਲੀ ਵਿੱਚ ਉਸੇ ਤਰਾਂ ਝਲਕ ਰਹੇ ਸਨ ਜਿਵੇਂ ਸ਼ੀਸ਼ੇ ਵਿੱਚ ਪ੍ਰਤੀਬਿੰਬ। ਉੱਚਾ, ਵੱਡਾ ਮੱਥਾ, ਸੱਜੇ ਭਰਵੱਟੇ ਵਿੱਚ ਇੱਕ ਡੂੰਘ, ਕਈ ਵਰੇ ਪਹਿਲਾਂ ਦੇ ਇੱਕ ਜਖ਼ਮ ਦਾ ਨਿਸ਼ਾਨ। ਡੂੰਘੀਆਂ ਧਸੀਆਂ ਹੋਈਆਂ ਅੱਖਾਂ ਬਿਲਕੁਲ ਖੁੱਲੀਆਂ ਹਨ, ਜਿਵੇਂ ਹੁਣ ਵੀ ਦੇਖ ਰਹੀਆਂ ਹੋਣ। ਉਸਨੇ ਖਾਕੀ ਰੰਗ ਦਾ ਫੌਜੀ ਕੋਟ ਪਾਇਆ ਹੋਇਆ ਹੈ। ਲੈਨਿਨ ਤਗ਼ਮਾ ਛਾਤੀ ਨਾਲ ਚਮਕ ਰਿਹਾ ਹੈ।
. . ਕਮਰੇ ਵਿੱਚ ਥੋੜਾ ਜਿਹਾ ਹਨੇਰਾ ਹੈ, ਵੱਡੀ ਖਿੜਕੀ ਉੱਤੇ ਦੋ ਪਰਦੇ ਟੰਗੇ ਹੋਏ ਹਨ ਤਾਂ ਜੋ ਸੜਕ ਉੱਤੋਂ ਦੀਆਂ ਅਵਾਜ਼ਾਂ ਅੰਦਰ ਨਾ ਆ ਸਕਣ।
. . ਖੱਬੇ ਪਾਸੇ ਕੰਧ ’ਤੇ, ਪਲੰਗ ਉੱਪਰ, ਲੈਨਿਨ ਦੀ ਤਸਵੀਰ ਟੰਗੀ ਹੋਈ ਹੈ, ਸੱਜੇ ਕੋਨੇ ’ਤੇ ਇੱਕ ਮੇਜ਼ ਹੈ। ਕਮਰੇ ਵਿੱਚ ਇੱਕ ਚਮੜੇ ਦਾ ਸੋਫ਼ਾ ਹੈ, ਪਿਆਨੋ, ਕਿਤਾਬਾਂ ਦੀ ਅਲਮਾਰੀ ਅਤੇ ਹੈਨਰੀ ਬਾਰਬੂਸ ਦਾ ਬੁੱਤ।
. . ਪਰ ਹੁਣ ਤੁਹਾਡੇ ਕੋਲ ਇੱਧਰ-ਉੱਧਰ ਦੇਖਣ ਦਾ ਸਮਾਂ ਨਹੀਂ ਹੈ। ਤੁਹਾਡਾ ਮੇਜ਼ਬਾਨ, ਜਿਸਨੂੰ ਤੁਹਾਡੇ ਬਾਰੇ ਪਹਿਲੋਂ ਹੀ ਦੱਸ ਦਿੱਤਾ ਗਿਆ ਹੈ, ਤੁਹਾਡੇ ਨਾਲ ਗੱਲਾਂ ਕਰਨ ਲੱਗ ਪਿਆ ਹੈ। ਉਸਦੀ ਅਵਾਜ਼ ਵਿੱਚ ਜੋਬਨ ਦੀ ਅੱਗ ਹੈ। ਉਹ ਤੁਹਾਨੂੰ ਆਪਣੇ ਕੋਲ ਬਹਿਣ ਲਈ ਕਹਿੰਦਾ ਹੈ ਅਤੇ ਬੜੀ ਔਖਿਆਈ ਨਾਲ ਸਿਰਫ਼ ਆਪਣੇ ਖੱਬੇ ਹੱਥ ਦੀ ਤਲੀ ਨੂੰ ਹਿਲਾ ਪਾਉਂਦਾ ਹੈ। ਹੁਣ ਉਸਦੇ ਸਾਰੇ ਸ਼ਰੀਰ ਦੇ ਅੰਗਾਂ ਵਿੱਚੋਂ ਸਿਰਫ਼ ਹੱਥਾਂ ਵਿੱਚ ਹੀ ਕੁਝ ਹਿਲਜੁਲ ਰਹਿ ਗਈ ਹੈ। ਨਮਸਕਾਰ ਵਜੋਂ ਉਹ ਤੁਹਾਡਾ ਹੱਥ ਦਬਾਉਂਦਾ ਹੈ ਅਤੇ ਜਿੰਨੀ ਦੇਰ ਤੱਕ ਤੁਸੀਂ ਉਸ ਕੋਲ ਰਹੋਗੇ, ਉਹ ਸਾਰਾ ਸਮਾਂ ਤੁਹਾਡਾ ਹੱਥ ਆਪਣੇ ਹੱਥਾਂ ਵਿੱਚ ਰੱਖੇਗਾ।
. . ਤੁਸੀਂ ਸੋਚਦੇ ਹੋ ਕਿ ਸ਼ਾਇਦ ਤੁਹਾਡੇ ਹੱਥ ਨੂੰ ਇਸ ਤਰਾਂ ਫੜਨ ਨਾਲ ਅਤੇ ਆਪਣੀਆਂ ਚੇਤੰਨ ਉਂਗਲਾਂ ਨਾਲ ਉਸਨੂੰ ਦਬਾਉਂਦੇ ਰਹਿਣ ਨਾਲ, ਮਾਨਸਿਨ ਦ੍ਰਿਸ਼ਟੀ ਅੱਗੇ ਤੁਹਾਡੀ ਸੂਰਤ ਸਪੱਸ਼ਟ ਹੋ ਰਹੀ ਹੈ ਅਤੇ ਉਹ ਸਮਝ ਰਿਹਾ ਹੈ ਕਿ ਕਿਸ ਢੰਗ ਨਾਲ ਵਿਅਕਤੀ ਉਸਨੂੰ ਮਿਲਣ ਆਇਆ ਹੈ।
. . “ਜਦੋਂ ਮੈਂ ਤੁਹਾਡਾ ਹੱਥ ਆਪਣੇ ਹੱਥਾਂ ਵਿੱਚ ਲੈਨਾਂ ,’’ ਉਹ ਕਹਿੰਦਾ ਹੈ, ਜਿਵੇਂ ਤੁਹਾਡੇ ਅੰਦਾਜ਼ੇ ਦੀ ਪੁਸ਼ਟੀ ਕਰ ਰਿਹਾ ਹੋਵੇ, “ਤਾਂ ਮੈਂ ਤੁਹਾਡੀ ਗੱਲ ਜਿਆਦਾ ਚੰਗੀ ਤਰਾਂ ਸਮਝ ਲੈਨਾ, ਤੁਸੀਂ ਮੇਰੇ ਸਾਹਮਣੇ ਸਜੀਵ ਹੋ ਉੱਠਦੇ ਓਂ। ਇਸ ਨਾਲ ਮੈਨੂੰ ਬੜੀ ਮੱਦਦ ਮਿਲਦੀ ਐ।’’
ਜਦੋਂ ਗੱਲਬਾਤ ਅੱਗੇ ਤੁਰਦੀ ਹੈ ਤਾਂ ਤੁਸੀਂ ਭੁੱਲ ਜਾਂਦੇ ਹੋ ਕਿ ਜੋ ਆਦਮੀ ਤੁਹਾਡੇ ਸਾਹਮਣੇ ਲੇਟਿਆ ਹੋਇਆ ਹੈ ਉਹ ਅੰਨਾਂ ਹੈ ਅਤੇ ਰੋਗੀ ਵੀ।
. . “ਜੋ ਪ੍ਰਭਾਵ ਮੇਰੇ ’ਤੇ ਓਸਤਰੋਵਸਕੀ ਦਾ ਪਿਆ, ’’ ਉਸਦੇ ਇੱਕ ਦੋਸਤ ਮਾਤੇ ਜਾਲਕਾ ਨੇ ਲਿਖਿਆ ਹੈ, “ਉਸ ’ਚ ਆਪਸੀ ਵਿਰੋਧੀ ਗੱਲਾਂ ਮਿਲਦੀਆਂ ਹਨ, ਪਰ ਮੋਟੇ ਰੂਪ ’ਚ ਉਸ ਨਾਲ ਮਿਲਕੇ ਉਤਸ਼ਾਹਿਤ ਅਤੇ ਖੁਸ਼ ਹੋਇਆ। ਇਹ ਸਭ ਗੱਲਾਂ ਕਿ ਉਹ ਸਿੱਧੇ ਪਿੱਠ ਭਾਰ ਲੇਟਿਆ ਹੈ, ਮੰਜੇ ਨਾਲ ਜੁੜਿਆ ਹੋਇਆ ਹੈ, ਅੰਨਾਂ ਹੈ ਆਦਿ— ਇਹ ਬਸ ਬਾਹਰੀ ਗੱਲਾਂ ਹੀ ਰਹਿ ਜਾਂਦੀਆਂ ਹਨ। ਅੰਦਰਲਾ ਸੱਚ ਇਹ ਹੈ ਕਿ ਉਸ ਵਿੱਚ ਦਮ ਹੈ, ਹੌਂਸਲਾ ਹੈ, ਉਹ ਇੱਕ ਬਹਾਦਰ ਯੋਧਾ ਹੈ। ਉਸ ’ਚ ਅਜੇ ਵੀ ਲਾਲ ਫੌਜ ਦੇ ਇੱਕ ਸਿਪਾਹੀ ਦੀ ਅਣਖ ਹੈ। ਉਹ ਸਮਝਦਾ ਹੈ ਕਿ ਉਹ ਹੁਣ ਵੀ ਫੌਜ ਦੀ ਕਤਾਰ ਵਿੱਚ ਅੱਗੇ ਵੱਧ ਰਿਹਾ ਹੈ। ਬੇਸ਼ੱਕ, ਉਹ ਕਤਾਰ ਵਿੱਚ ਹੈ, ਸਭ ਤੋਂ ਅੱਗੇ। ਉਸਦੀ ਸ਼ਰੀਰਕ ਹਾਲਤ ਪੂਰੀ ਤਰਾਂ ਮਾਮੂਲੀ, ਗੈਰ-ਪ੍ਰਸੰਗਿਕ ਜਿਹੀ ਮਹਿਸੂਸ ਹੁੰਦੀ ਹੈ—ਇਸ ਵਜੋਂ ਉਸਨੂੰ ਦੁੱਖ ਹੈ ਪਰ ਉਹ ਸਥਾਈ ਨਹੀਂ, ਅਜਿੱਤ ਨਹੀਂ, ਕਿਸੇ ਵੀ ਪੱਖੋਂ ਫੈਸਲਾਕੁੰਨ ਨਹੀਂ।’’
ਇਹ ਬਿਲਕੁਲ ਸੱਚ ਹੈ! ਉਸ ਕੋਲ ਬੈਠੇ ਹੋਏ, ਉਹਦੀਆਂ ਗੱਲਾਂ ਸੁਣਦੇ ਹੋਏ, ਉਸਦੇ ਵਿਚਾਰਾਂ ਦੀ ਤੇਜ਼ ਅਜ਼ਾਦ ਉਡਾਰੀ ਮਹਿਸੂਸ ਕਰਦੇ ਹੋਏ, ਤੁਸੀਂ ਭੁੱਲ ਜਾਂਦੇ ਹੋ ਕਿ ਤੁਸੀਂ ਇੱਕ ਬਿਮਾਰ ਕੋਲ ਬੈਠੇ ਹੋ। “ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕਰਦਾਂ…’’ ਉਹ ਕਹਿੰਦਾ ਹੈ— ਤੇ ਤੁਹਾਨੂੰ ਖਿਆਲ ਤੱਕ ਨਹੀਂ ਰਹਿੰਦਾ ਕਿ ਉਸਦੀਆਂ ਅੱਖਾਂ ਪਿਛਲੇ ਕਈ ਵਰਿਆਂ ਤੋਂ ਦੇਖ ਨਹੀਂ ਸਕਦੀਆਂ। ਉਹ “ਨਜ਼ਲੇ’’ ਦਾ ਜ਼ਿਕਰ ਕਰਦਾ ਹੈ—ਅਤੇ ਤੁਸੀਂ ਸਮਝਦੇ ਹੋ ਕਿ ਉਸਨੂੰ ਮਹਿਜ ਜੁਕਾਮ ਦੀ ਤਕਲੀਫ਼ ਹੈ । ਉਹ ਕਹਿੰਦਾ ਹੈ—“ ਮੈਂ ਪੜਦਾਂ,’’ “ਮੈਂ ਲਿਖਦਾਂ,’’ “ਮੈਂ ਜਾਣ ਬਾਰੇ ਸੋਚ ਰਿਹਾਂ,’’ “ਮੈਨੂੰ ਅਭਿਲੇਖ-ਸੰਗਿ੍ਰਹ ਘਰ ’ਚੋਂ ਇਸਦੀ ਖੋਜ ਕਰਨੀ ਪਏਗੀ,’’ “ਮੈਂ ਕਾਂਗਰਸ ਵਿੱਚ ਬੋਲਣ ਲਈ ਆਪਣਾ ਭਾਸ਼ਣ ਤਿਆਰ ਕਰ ਰਿਹਾਂ’’। ਅੱਖਾਂ ਤੋਂ ਅੰਨਾ ਹੈ ਪਰ ਉਸਦੀ ਨਜ਼ਰ ਕਈ ਅੱਖਾਂ ਵਾਲਿਆਂ ਤੋਂ ਤੇਜ਼ ਹੈ। ਸਾਰੇ ਸਰੀਰ ਵਿੱਚ ਪੀੜ ਰਹਿੰਦੀ ਹੈ, ਬਿਮਾਰੀ ਅਜਿਹੀ ਹੈ ਜਿਸਦਾ ਕੋਈ ਇਲਾਜ ਨਹੀਂ। ਇਸ ਸਭ ਦੇ ਬਾਵਜੂਦ ਵੀ ਉਸ ’ਚੋਂ ਏਨੀ ਅੱਗ ਅਤੇ ਮਨੁੱਖੀ ਪਿਆਰ ਦਿਖਾਈ ਦਿੰਦਾ ਹੈ, ਕਿ ਤੁਹਾਡਾ ਮਨ ਮਾਣ ਨਾਲ ਭਰ ਜਾਂਦਾ ਹੈ। ਹਮਦਰਦੀ ਨਾਲ ਨਹੀਂ, ਕਦੇ ਵੀ ਨਹੀਂ! ਅਤੇ ਤੁਸੀਂ ਆਪਣੀ ਲਾਪਰਵਾਹੀ ਦਾ ਖਿਆਲ ਕਰਕੇ ਸ਼ਰਮ ਨਾਲ ਭਰ ਜਾਂਦੇ ਹੋ ਕਿ ਕਿਸ ਤਰਾਂ ਕਈ ਕੰਮ ਜੋ ਅੱਜ ਜਾਂ ਕੱਲ ਜਾਂ ਪਰਸੋਂ ਕੀਤੇ ਜਾ ਸਕਦੇ ਸਨ, ਅਧੂਰੇ ਰਹਿ ਗਏ।
. . “ਬਿਮਾਰੀ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਨਹੀਂ,’’ ਉਹ ਕਹਿ ਰਿਹਾ ਹੈ, “ਅੰਨਾਂ ਹੋਣਾ ਬਹੁਤ ਭਿਆਨਕ ਏ, ਪਰ ਇਸ ’ਤੇ ਵੀ ਕਾਬੂ ਪਾਇਆ ਜਾ ਸਕਦਾ ਏ। ਪਰ ਇੱਕ ਚੀਜ਼ ਜੋ ਸਭ ਤੋਂ ਵੱਧ ਭਿਆਨਕ ਏ—ਉਹ ਐ ਸੁਸਤੀ। ਜਦੋਂ ਮਨੁੱਖ ਦੇ ਦਿਲ ਵਿੱਚ ਕੰਮ ਕਰਨ ਦਾ ਸ਼ੌਕ ਨਹੀਂ, ਅੰਦਰੂਨੀ ਹਿੰਮਤ ਨਹੀਂ, ਜਦੋਂ ਰਾਤ ਨੂੰ ਸੌਂਦੇ ਸਮੇਂ ਉਹ ਇਸ ਸਵਾਲ ਦਾ ਜਵਾਬ ਨੀ ਦੇ ਸਕਦਾ—`ਅੱਜ ਮੈਂ ਕਿਹੜਾ ਕੰਮ ਪੂਰਾ ਕੀਤਾ?’ ਤਾਂ ਇਹ ਬਹੁਤ ਗੰਭੀਰ ਹਾਲਤ ਏ। ਖ਼ਤਰਾ ਇਸੇ ’ਚ ਆ। ਉਦੋਂ ਚਾਹੀਦਾ ਏ ਕਿ ਉਸਦੇ ਦੋਸਤ ਉਹਨੂੰ ਮਿਲਕੇ ਉਸਨੂੰ ਸਮਝਾਉਣ ਅਤੇ ਉਹਦੇ ਬਚਾਓ ਦੇ ਸਾਧਨ ਲੱਭਣ — ਕਿਉਂ ਕਿ ਉਸ ਉੱਤੇ ਮੁਸੀਬਤ ਆਉਣ ਵਾਲੀ ਏ। ਇਹਦੇ ਉਲਟ, ਜੇਕਰ ਮਨੁੱਖ ਕੰਮ ਪ੍ਰਤੀ ਆਪਣਾ ਉਤਸ਼ਾਹ ਬਣਾਈ ਰੱਖੇ, ਅਤੇ ਕੰਮ ਕਰਦਾ ਰਹੇ, ਤਾਂ ਕੁਝ ਵੀ ਹੋਵੇ, ਰੁਕਾਵਟਾਂ ਅਤੇ ਔਖਿਆਈਆਂ ਦੇ ਬਾਵਜੂਦ, ਉਹ ਮਨੁੱਖ ਇੱਕ ਸਹਿਜ ਸਰਗਰਮ ਜੀਵ ਬਣ ਜਾਂਦਾ ਏ। ਉਸ ਬਾਰੇ ਕੋਈ ਚਿੰਤਾ ਨਹੀਂ ਹੁੰਦੀ।’’
. . ਉਹ ਕਹਿੰਦਾ ਜਾ ਰਿਹਾ ਹੈ ਅਤੇ ਹੌਲੀ-ਹੌਲੀ ਵਧੇਰੇ ਖੁੱਲ ਕੇ ਗੱਲ ਕਰਨ ਲੱਗ ਜਾਂਦਾ ਹੈ—
. . “ਮੈਂ ਤੁਹਾਨੂੰ ਰਾਜ ਦੀ ਗੱਲ ਦੱਸਾਂ—ਮਨੁੱਖ ਕਈ ਵਾਰ ਬੜਾ ਤੁੱਛ ਅਤੇ ਵਿਨਾਸ਼ਕਾਰੀ ਜੀਵ ਬਣ ਜਾਂਦਾ ਏ। ਉਹੀ ਵਿਅਕਤੀ ਅਸਲ ਵਿੱਚ ਮਨੁੱਖ ਕਿਹਾ ਜਾ ਸਕਦੈ ਜਿਹਦੇ ਸਾਹਮਣੇ ਕੋਈ ਉੱਚਾ ਆਦਰਸ਼ ਹੋਵੇ, ਜਿੰਦਗੀ ਦਾ ਕੋਈ ਮਕਸਦ ਹੋਵੇ। ਉਦੋਂ ਉਹਦੀ ਜਿੰਦਗੀ ਇਕਪਾਸੜ ਨਹੀਂ ਰਹਿੰਦੀ – ਉਦੋਂ ਉਹ ਢਿੱਡ ਲਈ ਜਾਂ ਮਹਿਦੇ ਲਈ ਜਾਂ ਸ਼ਰੀਰ ਦੇ ਕਿਸੇ ਖਾਸ ਅੰਗ ਲਈ ਨਹੀਂ ਜਿਉਂਦਾ। ਉਹਦੀ ਜਿੰਦਗੀ ਵਿੱਚ ਸੰਪੂਰਨਤਾ ਆਉਣ ਲੱਗਦੀ ਏ। ਇਸੇ ’ਚੋਂ ਮਨੁੱਖ ਅਤੇ ਹੋਰਨਾਂ ਜੀਵਾਂ ਵਿੱਚ ਫ਼ਰਕ ਦਾ ਪਤਾ ਲੱਗਦਾ ਏ। ਇਸੇ ’ਚ ਮਨੁੱਖ ਦੀ ਸ਼ਕਤੀ ਮੌਜੂਦ ਏ। ਇੱਕ ਅਜਿਹਾ ਆਦਰਸ਼ ਏ ਜੋ ਨਾ ਸਿਰਫ਼ ਵਿਅਕਤੀਆਂ ਨੂੰ ਸਗੋਂ ਕੌਮਾਂ ਤੱਕ ਨੂੰ ਸੱਚੇ ਸੂਰਬੀਰਾਂ ਵਿੱਚ ਬਦਲ ਦਿੰਦਾ ਏ। ਉਹ ਹੈ ਕਮਿਉਨਿਜਮ ਦਾ, ਲੋਕਾਂ ਦੇ ਸੁੱਖ ਲਈ ਸੰਘਰਸ਼ਸ਼ੀਲ ਰਹਿਣ ਦਾ ਆਦਰਸ਼। ਇਸ ਨਾਤੇ ਮੈਂ ਇੱਕ ਮਨੁੱਖ ਆਂ, ਮੈਂ ਉਸ ਤਰਾਂ ਜੀ ਸਕਦਾਂ, ਜਿਵੇਂ ਕਿ ਇੱਕ ਮਨੁੱਖ ਨੂੰ ਜਿਉਣਾ ਚਾਹੀਦਾ। ਮੈਂ ਇਹ ਵੀ ਕਹਿ ਸਕਦਾਂ, ਦਿਖਾਵੇ ਲਈ ਨਹੀਂ, ਸਗੋਂ ਸੱਚੇ ਦਿਲੋਂ, ਕਿ ਮੈਂ ਸੁਖੀ ਵਿਅਤਕੀ ਆਂ।’’
. . ਸੱਚ ਹੈ, ਓਸਤਰੋਵਸਕੀ ਸੁਖੀ ਸੀ। ਉਸਦੀ ਕਹਿਣੀ ਅਤੇ ਕਰਨੀ ਵਿੱਚ ਕੋਈ ਫ਼ਰਕ ਨਹੀਂ ਸੀ। ਜਿੰਨਾਂ ਵੱਧ ਕੋਈ ਉਸਨੂੰ ਸਮਝ ਪਾਉਂਦਾ ਸੀ, ਓਨਾ ਹੀ ਵੱਧ ਉਹ ਉਸਦੀ ਜਿੰਦਗੀ ਦੇ ਸੱਚ ਤੋਂ ਪ੍ਰਭਾਵਿਤ ਹੁੰਦਾ ਜਾਂਦਾ ਸੀ।
ਨਿਕੋਲਾਈ ਓਸਤਰੋਵਸਕੀ ਦਾ ਜਨਮ 29 ਸਤੰਬਰ 1904 ਨੂੰ ਹੋਇਆ। ਪਿਤਾ ਇੱਕ ਸ਼ਰਾਬ ਦੇ ਕਾਰਖਾਨੇ ਵਿੱਚ ਕੰਮ ਕਰਦੇ ਸਨ, ਪਰ ਕਮਾਈ ਏਨੀ ਨਹੀਂ ਸੀ ਕਿ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਦੇ, ਇਸ ਲਈ ਮਾਂ ਨੂੰ ਲੋਕਾਂ ਦੇ ਘਰਾਂ ਵਿੱਚ ਰਸੋਈ ਦਾ ਕੰਮ ਕਰਨਾ ਪੈਂਦਾ ਸੀ। ਜਦੋਂ ਨਿਕੋਲਾਈ 12 ਵਰਿਆਂ ਦਾ ਹੋਇਆ ਤਾਂ ਉਹ ਵੀ ਰਸੋਈਏ ਦਾ ਕੰਮ ਕਰਨ ਲੱਗ ਪਿਆ। ਬਾਅਦ ਵਿੱਚ ਉਹ ਇੱਕ ਭੰਡਾਰ ਦਾ ਮਜ਼ਦੂਰ ਅਤੇ ਫਿਰ ਇੰਜਨ ਭੱਠੀ ਵਿੱਚ ਕੋਇਲਾ ਝੋਕਣ ਵਾਲੇ ਇੱਕ ਸਟੋਕਰ ਦਾ ਸਹਾਇਕ ਬਣ ਗਿਆ। ਉਸਤੋਂ ਬਾਅਦ ਉਹ ਕਿਸੇ ਬਿਜਲੀ ਮਿਸਤਰੀ ਦੀ ਸ਼ਾਗਿਰਦੀ ਕਰਨ ਲੱਗ ਪਿਆ। 1919 ਵਿੱਚ ਉਹ ਨੌਜਵਾਨ ਕਮਿਉਨਿਸਟ ਲੀਗ (ਕੋਮਸੋਮੋਲ) ਵਿੱਚ ਸ਼ਾਮਲ ਹੋ ਗਿਆ ਅਤੇ ਸਵੈਇੱਛਾ ਨਾਲ ਲੜਾਈ ’ਤੇ ਚਲਾ ਗਿਆ। ਉਦੋਂ ਤੋਂ ਹੀ ਉਸਦੀ ਜਿੰਦਗੀ ਕਮਿਉਨਿਸਟ ਪਾਰਟੀ ਦੇ ਮਹਾਨ ਕਾਰਜ ਨਾਲ ਇੱਕ ਅਟੁੱਟ ਰਿਸ਼ਤੇ ਵਿੱਚ ਬੱਝ ਗਈ।
. . ਇਸ ਤਰਾਂ 15 ਸਾਲ ਦੀ ਉਮਰ ਵਿੱਚ ਓਸਤਰੋਵਸਕੀ ਘਰੇਲੂ ਜੰਗ ਵਿੱਚ ਕੋਤੋਵਸਕੀ ਅਤੇ ਬੁਧਿਓਨੀ ਦੀ ਅਗਵਾਈ ਵਿੱਚ ਲੜਿਆ। ਫਿਰ ਸ਼ਾਂਤਮਈ ਉਸਾਰੀ ਦੇ ਕੰਮ ਸਮੇਂ ਉਸਨੇ ਬੜੀ ਬਹਾਦਰੀ ਨਾਲ ਕੰਮ ਕੀਤਾ — ਰੇਲਵੇ ਵਰਕਸ਼ਾਪ ਬਣਾਉਣ, ਰੇਲਵੇ ਲਾਈਨਾਂ ਵਿਛਾਉਣ, ਨਦੀ ਵਿੱਚ ਲੱਕੜੀ ਦੇ ਵੱਡੇ ਟੁਕੜੇ ਵਹਾਉਣ ਆਦਿ ਵਿੱਚ। ਫਿਰ ਨੌਜਵਾਨ ਕਮਿਉਨਿਸਟ ਲੀਗ ਦੇ ਇੱਕ ਕਾਰਕੁੰਨ ਦੀ ਹੈਸੀਅਤ ਨਾਲ, ਪਹਿਲਾਂ ਬਰੇਜਦੋਲ ਅਤੇ ਫਿਰ ਇਜਯਸਲਾਵਲ ਜਿਲਿਆਂ ਵਿੱਚ ਆਪਣੇ ਸਾਰੇ ਜਮਾਂਦਰੂ ਉਤਸ਼ਾਹ ਨਾਲ ਕੰਮ ਵਿੱਚ ਜੁਟਿਆ ਰਿਹਾ। “ਜੋ ਬਲਦਾ ਨਹੀਂ ਉਹ ਧੂੰਏ ਵਿੱਚ ਖੁਦ ਨੂੰ ਨਸ਼ਟ ਕਰ ਲੈਂਦਾ ਹੈ,’’ ਉਸਨੇ ਇੱਕ ਜਗਾ ਲਿਖਿਆ ਹੈ, “ਉਹ ਇੱਕ ਅਮਰ ਸੱਚ ਹੈ। ਹੇ ਜਿੰਦਗੀ ਦੀ ਭੱਖ਼ਦੀ ਅੱਗ, ਮੈਂ ਤੈਨੂੰ ਨਮਸਕਾਰ ਕਰਦਾ ਹਾਂ!’’ ਅਤੇ ਜੋ ਵੀ ਕੰਮ ਪਾਰਟੀ ਅਤੇ ਲੀਗ ਨੇ ਉਸਨੂੰ ਸੌਂਪਿਆ, ਉਹ ਉਸਨੂੰ ਆਪਣੀ ਜਵਾਨੀ ਦੀ ਸਮੁੱਚੀ ਤਾਕਤ ਅਤੇ ਉਤਸ਼ਾਹ ਨਾਲ ਕਰਦਾ ਰਿਹਾ।
1924 ਦੇ ਅੰਤਲੇ ਦਿਨਾਂ ਵਿੱਚ ਓਸਤਰੋਵਸਕੀ ਸਖਤ ਬਿਮਾਰ ਪੈ ਗਿਆ। ਰੋਗ ਰੀੜ ਦੀ ਹੱਡੀ ਵਿੱਚ ਸੀ। ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਉਸਨੇ ਬਹੁਤ ਸਾਰੀਆਂ ਤਕਲੀਫ਼ਾਂ ਝੱਲੀਆਂ ਸਨ — ਬਚਪਨ ਵਿੱਚ ਗਰੀਬੀ, ਫੇਰ ਯੁੱਧ ਦੇ ਜਖ਼ਮ, ਯੁੱਧ ਤੋਂ ਬਾਅਦ ਕਠੋਰ ਮਿਹਨਤ ਜਿਸ ਵਿੱਚ ਨਾ ਅਰਾਮ ਸੀ ਨਾ ਨੀਂਦ – ਇਹ ਸਭ ਇਕੱਠੀਆਂ ਹੋ ਕੇ ਜਿਵੇਂ ਹੁਣ ਉਸਦੀ ਸਿਹਤ ਨੂੰ ਕੁਚਲਣ ਲੱਗੀਆਂ ਸਨ।
. . ਓਸਤਰੋਵਸਕੀ ਜੋ ਸਦਾ ਸਰਗਰਮ ਸੰਘਰਸ਼ ਵਿੱਚ ਭਾਗ ਲੈਂਦਾ ਰਿਹਾ ਸੀ ਅਤੇ ਜਿੰਦਗੀ ਦੀ ਉਸਾਰੀ ਵਿੱਚ ਸ਼ਾਮਲ ਰਿਹਾ ਸੀ, ਹੁਣ ਪਿੱਛੇ ਰਹਿ ਗਿਆ ਅਤੇ ਸਭ ਤੋਂ ਪਿੱਛੇ ਕਿਤੇ “ਆਖਰੀ ਫ਼ੌਜੀ ਕਤਾਰ’’ ਵਿੱਚ ਰਹਿ ਗਿਆ। ਉਸ ਸਮੇਂ ਸੋਵੀਅਤ ਧਰਤੀ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਉਸਾਰੀ ਕਾਰਜਾਂ ਪ੍ਰਤੀ ਅਜਿੱਤ ਉਤਸ਼ਾਹ ਦੀ ਲਹਿਰ ਦੌੜ ਰਹੀ ਸੀ। ਇਹ ਉਹ ਦਿਨ ਸਨ ਜਦੋਂ ਦੇਸ਼ ਇੱਕ ਲੰਮੀ ਛਾਲ ਵਿੱਚ ਅੱਗੇ ਵਧਣ ਲਈ ਆਪਣੀ ਪਹਿਲੀ ਪੰਜ ਸਾਲਾ ਯੋਜਨਾ ਦੀ ਤਿਆਰੀ ਕਰ ਰਿਹਾ ਸੀ। ਉਦਯੋਗ ਅਤੇ ਖੇਤੀ ਦਾ ਮੁੜ ਤੋਂ ਪ੍ਰਬੰਧ ਕੀਤਾ ਜਾ ਰਿਹਾ ਸੀ। ਇੱਕ ਸੱਭਿਆਚਾਰਕ ਇਨਕਲਾਬ ਦੇਸ਼ ਵਿੱਚ ਜੋਸ਼ ਲਿਆ ਰਿਹਾ ਸੀ। ਅਜਿਹੇ ਉਸਾਰੀ ਕਾਰਜ ਵਿੱਚ, ਜਿਸਦਾ ਮੁਕਾਬਲਾ ਇਤਿਹਾਸ ਵਿੱਚ ਕਿਤੇ ਨਹੀਂ ਮਿਲਦਾ, ਨੌਜਵਾਨ ਇਕੱਠੇ ਹੋ ਰਹੇ ਸਨ, ਓਸਤਰੋਵਸਕੀ ਦੀ ਹੀ ਪੀੜੀ ਦੇ ਨੌਜਵਾਨ ਇੱਕ ਔਖੀ ਪਰ ਸੁਖਮਈ ਮਿਹਨਤ ਵਿੱਚ ਜੁਟੇ ਹੋਏ ਸਨ।
. . ਇਸ ਲਈ ਬੇਵੱਸ ਹੋ ਕੇ ਗੈਰ-ਸਰਗਰਮ ਪਏ ਰਹਿਣ ਵਜੋਂ ਉਹ ਹੋਰ ਵੀ ਦੁਖੀ ਸੀ।
. . ਪਰ ਦੇਸ਼ ਨੇ ਉਸਦੀ ਸਹਾਇਤਾ ਕੀਤੀ। ਇਲਾਜ ਲਈ ਉਸਨੂੰ ਦੇਸ਼ ਦੇ ਬੇਹਤਰੀਨ ਹਸਪਤਾਲਾਂ ਅਤੇ ਅਰਾਮ-ਘਰਾਂ ਵਿੱਚ ਭੇਜਿਆ ਗਿਆ-ਖਾਰਕੋਵ, ਯੇਵਪਾਤੋਰੀਆ, ਸਲਾਵੇਯਾਂਸਕ, ਮਾਸਕੋ, ਸੋਚੀ ਆਦਿ ਵਿੱਚ ਉਹ ਰਿਹਾ। ਖੁਦ ਉਸਨੇ ਬੇਹੱਦ ਕੋਸ਼ਿਸ਼ ਕੀਤੀ ਕਿ ਉਹ ਕਿਸੇ ਤਰਾਂ ਫਿਰ ਤੋਂ ਕੰਮ ਕਰਨ ਲੱਗ ਜਾਵੇ, ਸਰਗਰਮ ਫੌਜੀਆਂ ਦੀ ਕਤਾਰ ਵਿੱਚ ਖਲੋ ਜਾਵੇ।
. . “ਹਸਪਤਾਲ ਦੀਆਂ ਕੰਧਾਂ ਤੋਂ ਬਾਹਰ ਜਿੰਦਗੀ ਦੀ ਹਰੇਕ ਸਰਗਰਮੀ ਵਿੱਚ ਉਸਦੀ ਡੂੰਘੀ ਦਿਲਚਸਪੀ ਸੀ। ਉਹ ਬਹੁਤ ਪੜਦਾ ਅਤੇ ਆਪਣੇ ਬਿਮਾਰ ਸਾਥੀਆਂ ਨਾਲ ਅਖ਼ਬਾਰ ਪੜਨ, ਰਾਜਨੀਤਕ ਵਿਸ਼ਿਆਂ ਅਤੇ ਫੌਰੀ ਘਟਨਾਵਾਂ ’ਤੇ ਬਹਿਸ ਕਰਨ ਦਾ ਪ੍ਰਬੰਧ ਕਰਦਾ। ਉਹ ਇੱਕ ਪੱਕਾ ਹਿੰਮਤੀ ਕਮਿਉਨਿਸਟ ਹੋਣ ਵਜੋਂ ਆਪਣਾ ਮਕਸਦ ਜਾਣਦਾ ਸੀ। ਉਹ ਜਾਣਦਾ ਸੀ ਕਿ ਉਸਨੇ ਕਿਸ ਚੀਜ਼ ਲਈ ਲੜਨਾ ਹੈ… ਉਸਦੀ ਤਿੱਖੀ ਸਖਸ਼ੀਅਤ ਸਾਹਮਣੇ ਉਸਦੀ ਬਿਮਾਰੀ ਜਿਵੇਂ ਸੁੰਗੜ ਕੇ ਤੁੱਛ ਜਿਹੀ ਹੋ ਜਾਂਦੀ ਸੀ, ਆਪਣੀ ਹੋਂਦ ਖੋ ਬਹਿੰਦੀ ਸੀ।’’ ਇਹ ਵਿਚਾਰ ਓਸਤਰੋਵਸਕੀ ਬਾਰੇ ਨਰਸ ਆਨਾ ਪਾਵਲੋਵਨਾ ਦਵੀਦੋਵਾ ਦਾ ਹੈ ਜੋ ਖਾਰਕੋਵ ਦੇ ਇਲਾਜ-ਤਕਨੀਕੀ ਖੋਜ ਕੇਂਦਰ ਵਿੱਚ ਕੰਮ ਕਰਦੀ ਸੀ। ਇਹੋ ਵਿਚਾਰ ਓਸਤਰੋਵਸਕੀ ਬਾਰੇ ਉਹਨਾਂ ਸਾਰੇ ਲੋਕਾਂ ਦਾ ਸੀ ਜੋ ਉਹਨੀਂ ਦਿਨੀਂ ਉਸਦੇ ਸੰਪਰਕ ਵਿੱਚ ਆਏ — ਛੋਟੇ ਤੋਂ ਛੋਟੇ ਨੌਜਵਾਨ ਕਮਿਉਨਿਸਟ ਲੀਗ ਦੇ ਮੈਂਬਰਾਂ ਤੋਂ ਲੈ ਕੇ, ਵੱਡੀ ਉਮਰ ਦੇ ਕਮਿਉਨਿਸਟਾਂ ਤੱਕ। ਇਹੋ ਵਿਚਾਰ ਉਸਦੇ ਦੋਸਤਾਂ – ਇੰਨੀਕੇਂਤੀ ਪਾਵਲੋਵਿਚ ਫੇਦੇਨੇਵ, ਖਿਨਸਾਂਫ਼ ਪਾਵਲੋਵਿਚ ਚੇਰਨੋਕੋਜੋਵ, ਅਲੈਕਸਾਂਦਰ ਅਲੈਕਸੇਯੇਵਨਾ ਜਿਗੀਰਯੋਵਾ – ਦਾ ਵੀ ਜਿਹਨਾਂ ਨੇ ਔਖੇ ਦਿਨਾਂ ਵਿੱਚ ਉਸਦੀ ਸਹਾਇਤਾ ਕੀਤੀ ਸੀ।
“ਇੱਕ ਮਕਸਦ ਹੈ ਜਿਸ ਵਾਸਤੇ ਮੈਂ ਜਿਉਣਾ ਹੈ – ਕਿਤੇ ਮੇਰੀ ਜ਼ਰੂਰਤ ਹੈ,’’ – ਇਸ ਵਿਚਾਰ ਦੀ ਪ੍ਰੇਰਣਾ ਨੇ ਉਸ ਨੂੰ ਸਹਿਣ ਦੀ ਸਮੱਰਥਾ ਦਿੱਤੀ, ਆਪਣੇ ਸ਼ਰੀਰਕ ਕਸ਼ਟਾਂ ’ਤੇ ਕਾਬੂ ਪਾਉਣ ਦੀ ਤਾਕਤ ਦਿੱਤੀ।
ਇਸ ਸਮੇਂ ਦੌਰਾਨ ਓਸਤਰੋਵਸਕੀ ਦੀ ਮਾਨਸਿਕ ਦ੍ਰਿੜਤਾ, ਆਪਣੇ ਆਪ ’ਤੇ ਬੇਹੱਦ ਕਾਬੂ ਰੱਖਣਾ, ਦਿ੍ਰੜ ਸੰਕਲਪ ਅਤੇ ਇੱਕ ਨਿਸ਼ਾਨੇ ਲਈ ਜੂਝਣਾ ਉੱਭਰਕੇ ਸਾਹਮਣੇ ਆ ਗਏ। ਜਿੰਨੀਆਂ ਹੀ ਔਖਿਆਈਆਂ ਵੱਧਦੀਆਂ ਗਈਆਂ ਓਨੀ ਹੀ ਦ੍ਰਿੜਤਾ ਨਾਲ ਉਹ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਸੰਘਰਸ਼ਸ਼ੀਲ ਰਿਹਾ, ਤਾਂ ਜੋ ਉਹ ਫਿਰ ਤੋਂ ਕਿਸੇ ਤਰਾਂ ਕੰਮ ਕਰਨ ਵਾਲਿਆਂ ਦੀ ਕਤਾਰ ਵਿੱਚ ਖਲੋ ਸਕੇ।
. . ਇਸੇ ਅਨੁਸਾਰ ਓਸਤਰੋਵਸਕੀ ਮਾਸਕੋ ਦੀ ਸਵੇਰਦਲੋਵ ਕਮਿਉਨਿਸਟ ਯੂਨੀਵਰਸਿਟੀ ਦਾ ਵਿਦਿਆਰਥੀ ਬਣ ਗਿਆ ਅਤੇ ਚਿੱਠੀ-ਪੱਤਰ ਰਾਹੀਂ ਮਾਰਕਸਵਾਦ-ਲੈਨਿਨਵਾਦ ਦੇ ਗ੍ਰੰਥਾਂ ਦਾ ਅਧਿਐਨ ਕਰਨ ਲੱਗ ਪਿਆ।
ਇੱਕ ਛੋਟੇ ਜਿਹੇ ਕ੍ਰਿਸਟਲ ਰੇਡੀਓ-ਸੈੱਟ ਤੋਂ ਉਸਨੂੰ ਕਾਫ਼ੀ ਸਹਾਇਤਾ ਮਿਲੀ। ਜੋ ਵਿਸ਼ਾ ਉਹ ਪੜ ਰਿਹਾ ਸੀ, ਉਸ ’ਤੇ ਬਕਾਇਦਾ ਰੇਡੀਓ ’ਤੇ ਲੈਕਚਰ ਹੋਇਆ ਕਰਦੇ ਸਨ ਅਤੇ ਉਹ ਉਹਨਾਂ ਨੂੰ ਸੁਣਨ ਤੋਂ ਕਦੇ ਵੀ ਭੁੱਲਦਾ ਨਹੀਂ ਸੀ।
ਇਲਾਕੇ ਦੀ ਇੱਕ ਲਾਈਬ੍ਰੇਰੀ ਵਿੱਚੋਂ ਉਸਦੇ ਸਾਥੀ ਉਸਨੂੰ ਕਿਤਾਬਾਂ, ਅਖ਼ਬਾਰ ਅਤੇ ਮੈਗਜ਼ੀਨ ਲਿਆ ਕੇ ਦਿੰਦੇ ਰਹਿੰਦੇ।
. . ਦਮਿੱਤਰੀ ਪਾਵਲੋਵਿਚ ਖੋਰੁਜੇਂਕੋ, ਜੋ ਉਹਨੀਂ ਦਿਨੀਂ ਨਾਵੋਰੋਸੀਸਕ ਬੰਦਰਗਾਹ ’ਤੇ ਲਾਈਬ੍ਰੇਰੀ ਦਾ ਮੁਖੀ ਸੀ, ਕਹਿੰਦਾ ਹੈ “ਮੈਂ ਉਸਨੂੰ ਢੇਰ ਸਾਰੀਆਂ ਕਿਤਾਬਾਂ ਲਿਆ ਕੇ ਦਿੰਦਾ, ਕਿਤਾਬਾਂ ਦੇ ਬੰਡਲ ਰੱਸੀਆਂ ਨਾਲ ਬੰਨ ਕੇ ਉਸ ਕੋਲ ਲੈ ਕੇ ਜਾਂਦਾ। ਉਹ ਵਿਲੱਖਣ ਆਦਮੀ ਕੁਝ ਹੀ ਦਿਨਾਂ ਵਿੱਚ ਸਭ ਕੁਝ ਪੜ ਮਾਰਦਾ। ਪਹਿਲਾਂ-ਪਹਿਲਾਂ ਤਾਂ ਹਰ ਇੱਕ ਕਿਤਾਬ ਦਾ ਨਾਂ ਆਦਿ ਉਸਦੀ ਪਾਠਕ-ਪੁਸਤਕ ਵਿੱਚ ਨੋਟ ਕਰਾ ਦਿੰਦਾ। ਪਰ ਮੈਨੂੰ ਗੋਂਦ ਨਾਲ ਵਾਰ-ਵਾਰ ਨਵੇਂ ਪੰਨੇ ਜੋੜਨੇ ਪੈਂਦੇ ਜਿਸ ਵਜੋਂ ਉਹ ਮੋਟੀ ਹੋਣ ਲੱਗੀ। ਅੰਤ ’ਚ ਲਾਈਬ੍ਰੇਰੀ ਦੇ ਸਾਰੇ ਨਿਯਮਾਂ ਅਤੇ ਉਪਨਿਯਮਾਂ ਦਾ ਉਲੰਘਣ ਕਰਦੇ ਹੋਏ, ਮੈਂ ਸਿਰਫ਼ ਕਿਤਾਬਾਂ ਦੀ ਸੰਖਿਆ ਦਰਜ ਕਰਾਉਣ ਲੱਗ ਪਿਆ, ਨਾਲ ਤਫ਼ਸੀਲ ਕੁਝ ਨਾ ਦਿੰਦਾ। ਮੈਂ ਦੁਕਾਨ ਤੋਂ ਕਿਤਾਬਾਂ ਲਿਆ ਕੇ ਸਿੱਧਾ ਉਸ ਕੋਲ ਲੈ ਜਾਂਦਾ, ਉਹਨਾਂ ਨੂੰ ਰਜਿਸਟਰ ਵਿੱਚ ਚੜਾਉਣ ਤੋਂ ਵੀ ਪਹਿਲਾਂ, ਤਾਂ ਜੋ ਉਹ ਆਪਣੇ ਮਤਲਬ ਦੀਆਂ ਕਿਤਾਬਾਂ ਆਪਣੇ ਆਪ ਚੁਣ ਲਵੇ।’’
. . ਓਸਤਰੋਵਸਕੀ ਦਾ ਦ੍ਰਿਸ਼ਟੀਕੋਣ ਜਿਸ ਤਰਾਂ ਦਾ ਲੋਕਾਂ ਵੱਲ ਸੀ ਉਸੇ ਤਰਾਂ ਦਾ ਹੀ ਕਿਤਾਬਾਂ ਵੱਲ ਸੀ – ਇੱਕ ਇਕਾਗਰ, ਸਰਗਰਮ ਸਿਪਾਹੀ ਦਾ ਦ੍ਰਿਸ਼ਟੀਕੋਣ।
ਮੈਕਸਿਮ ਗੋਰਕੀ ਵੱਲ ਉਹ ਖ਼ਾਸ ਤੌਰ ’ਤੇ ਆਕਰਸ਼ਿਤ ਹੋਇਆ।
. . “ਕਿੰਨੀ ਵਿਲੱਖਣ ਰਚਨਾ ਏ!’’ ਉਸਨੇ ਗੋਰਕੀ ਦੇ ਗੀਤ `ਤੂਫ਼ਾਨੀ ਪੇਤਰੇਲ ਦਾ ਗੀਤ’ ਬਾਰੇ ਕਿਹਾ ਸੀ। “ਇਹੋ ਤਾਂ ਮਤਵਾਲੀ ਜਵਾਨੀ ਦਾ ਗੀਤ ਏ, ਨਿਸ਼ਾਨੇ ਦੀ ਪ੍ਰਾਪਤੀ ਲਈ ਆਤਮਵਿਸ਼ਵਾਸ਼ ਨਾਲ ਭਰਪੂਰ, ਖ਼ੂਬਸੂਰਤ ਜਿੰਦਗੀ ਅਤੇ ਅਜ਼ਾਦੀ ਦੇ ਜਗਮਗਾਉਂਦੇ ਸੁਪਨੇ ਸਾਕਾਰ ਕਰਨ ਦੀ ਵੱਡਮੁੱਲੀ ਇੱਛਾ ਨਾਲ ਭਰਿਆ!
. . ਉਹ ਇੱਕ ਬਾਰੂਦ ਦਾ ਗੋਲਾ ਏ ਜੋ ਇੱਕ ਸ਼ਕਤੀਸ਼ਾਲੀ ਫੌਜੀ ਨੇ ਆਪਣੀਆਂ ਮਜ਼ਬੂਤ ਬਾਂਹਾਂ ਨਾਲ ਤਰੱਕੀ ਅਤੇ ਸੱਭਿਅਤਾ ਦੇ ਦੁਸ਼ਮਣਾਂ ਦੇ ਕੈਂਪ ਵਿੱਚ ਸੁੱਟਿਆ ਏ। ਹਾਂ, ਮੈਕਸਿਮ ਗੋਰਕੀ ਸਭ ਤੋਂ ਮਹਾਨ ਲੇਖਕ ਏ, ਅਜਿਹਾ ਗੀਤ ਪਹਿਲਾਂ ਕਦੇ ਕਿਸੇ ਨੇ ਨਹੀਂ ਲਿਖਿਆ।’’
ਪੁਸ਼ਕਿਨ, ਲੇਰਮੋਂਤੋਵ, ਗੋਗੋਲ, ਨੋਕਰੋਸੋਵ, ਤਾਲਸਤਾਏ, ਕੋਰੋਲੈਂਕੋ, ਸੇਰਫੀਮੋਵਿਚ, ਫੂਰਮਾਨੋਵ, ਸ਼ੋਲੋਖ਼ੋਵ, ਫ਼ੇਦੇਯੇਵ, ਨੋਵੀਕੋਵ ਪ੍ਰੀਬੋਈ, ਫ਼ੇਦਿਨ, ਬਾਲਜ਼ਾਕ, ਵਿਕਟਰ ਹਿਓਗੋ, ਜ਼ੋਲਾ, ਜੈਕ ਲੰਡਨ, ਡ੍ਰਾਈਜ਼ਰ, ਕੇਲਰਮਨ, ਬਾਰਬੂਸ – ਇਹਨਾਂ ਅਤੇ ਹੋਰ ਕਿੰਨੇ ਹੀ ਲੇਖਕਾਂ ਦੀਆਂ ਰਚਨਾਵਾਂ ਉਸ ਕਾਲ ਵਿੱਚ ਓਸਤਰੋਵਸਕੀ ਨੇ ਵਾਰ-ਵਾਰ ਪੜੀਆਂ।
. . ਖ਼ਾਸ ਤੌਰ ’ਤੇ ਉਸਨੇ ਘਰੇਲੂ ਜੰਗ ਸਬੰਧੀ ਸਾਹਿਤ ਨੂੰ – ਨਾਵਲ, ਲੇਖ, ਦਸਤਾਵੇਜ, ਯਾਦਾਂ -ਸੰਗ੍ਰਹਿਬੱਧ ਰੂਪ ਵਿੱਚ ਹੋਣ ਜਾਂ ਮੈਗਜ਼ੀਨਾਂ ਵਿੱਚ ਛੋਟੇ ਛੋਟੇ ਲੇਖਾਂ ਦੇ ਰੂਪ ਵਿੱਚ – ਸਭ ਨੂੰ ਬੜੇ ਧਿਆਨ ਨਾਲ ਪੜਿਆ।
ਉਸਨੇ ਆਪਣੇ ਦਿਨ ਦਾ ਪ੍ਰੋਗਰਾਮ ਤੈਅ ਕੀਤਾ ਹੋਇਆ ਸੀ, ਏਨਾ ਸਮਾਂ ਰਾਜਨੀਤਕ ਸਾਹਿਤ ਨੂੰ, ਏਨਾ ਨਾਵਲਾਂ ਨੂੰ, ਏਨਾ ਚਿੱਠੀ-ਪੱਤਰ ਨੂੰ, ਆਦਿ। ਪਹਿਲਾਂ ਇਸ ਪ੍ਰੋਗਰਾਮ ਵਿੱਚ ਸੈਰ ਵੀ ਸ਼ਾਮਲ ਸੀ, ਪਰ ਬਾਅਦ ਵਿੱਚ ਸੈਰ ਛੱਡਣੀ ਪਈ, ਕਿਉਂਕਿ ਸਰੀਰ ਸਹਿਣ ਨਹੀਂ ਕਰ ਸਕਦਾ ਸੀ। ਪ੍ਰੋਗਰਾਮ ਵਿੱਚ , “ਸਮਾਂ ਜੋ ਬੇਕਾਰ ਗਿਆ’’ ਨਾਮਕ ਇੱਕ ਸਿਰਲੇਖ ਵੀ ਰਹਿੰਦਾ ਜਿਸਦੇ ਥੱਲੇ ਨਾਸ਼ਤੇ, ਖਾਣੇ, ਸ਼ਾਮ ਦੇ ਖਾਣੇ, ਆਰਾਮ ਆਦਿ ’ਤੇ ਖਰਚ ਹੋਏ ਸਮੇਂ ਦਾ ਬਿਓਰਾ ਹੁੰਦਾ।
ਉਹ ਜਿੰਦਗੀ ਨਾਲ ਸਿਰਫ਼ `ਚਿਪਕਿਆ ਰਹਿਣਾ’’ ਨਹੀਂ ਚਾਹੁੰਦਾ ਸੀ। ਜਿਵੇਂ ਕਿ ਓਸਤਰੋਵਸਕੀ ਨੇ ਬਾਅਦ ਵਿੱਚ ਕਿਹਾ, ਉਸਨੇ “ਆਪਣੇ ਮਨ ਵਿੱਚ ਆਪਣੀ ਜਿੰਦਗੀ ਦੇ ਰਾਹ ਦੀ ਰੂਪ ਰੇਖਾ ਖੁਦ ਬਣਾ ਲਈ ਸੀ’’। ਉਹ ਆਪਣਾ ਨਿਸ਼ਾਨਾਂ ਜਾਣਦਾ ਸੀ। ਉਸਨੇ ਆਪਣੀ ਥਾਂ ਸਰਗਰਮ ਲੋਕਾਂ ਦੀ ਕਤਾਰ ਵਿੱਚ ਬਣਾ ਲਈ ਸੀ।
. . ਜਾਹਿਰ ਹੈ ਕਿ ਉਸਨੇ ਇਸੇ ਦੌਰ ਵਿੱਚ ਲਿਖਣ ਦਾ ਕੰਮ ਹੱਥ ਵਿੱਚ ਲੈਣ ਦਾ ਸੰਕਲਪ ਲਿਆ।
1927 ਵਿੱਚ ਨੋਵੋਰੋਸੀਸਕ ਪਿਓਤਰ ਨਿਕੋਲਾਏਵਿਚ ਨੋਵੀਕੋਵ ਦੇ ਨਾਂ ਆਪਣੇ ਇੱਕ ਪੱਤਰ ਵਿੱਚ ਉਸਨੇ ਕਿਹਾ— “ਮੈਂ ਕੁਝ ਲਿਖਣ ਦੀ ਸੋਚ ਰਿਹਾ ਹਾਂ – ਇੱਕ ਤਰਾਂ ਦੀ `ਇਤਿਹਾਸਕ-ਸੰਗੀਤਮਈ ਸੂਰਬੀਰਤਾ ਦੀ ਕਹਾਣੀ’। ਸੱਚਮੁੱਚ – ਮਜ਼ਾਕ ਨਹੀਂ ਕਰ ਰਿਹਾ, ਮੈਂ ਬੜੀ ਗੰਭੀਰਤਾ ਨਾਲ ਲਿਖਣ ਦੀ ਸੋਚ ਰਿਹਾ ਹਾਂ। ਮੈਂ ਸਿਰਫ਼ ਇਹ ਨਹੀਂ ਜਾਣਦਾ ਕਿ ਉਸਦਾ ਨਤੀਜਾ ਕੀ ਹੋਵੇਗਾ।’’
. . ਉਸ ਸਮੇਂ ਉਹ ਘਰੇਲੂ ਜੰਗ ਦੇ ਸੂਰਬੀਰਾਂ — ਕੋਤੋਵਸਕੀ ਅਤੇ ਉਸਦੀ ਫੌਜੀ ਟੁਕੜੀ — ਬਾਰੇ ਲਿਖਣ ਦੀ ਸੋਚ ਰਿਹਾ ਸੀ। ਉਸਨੇ 1927 ਦੀਆਂ ਸਰਦੀਆਂ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ 1928 ਦੇ ਸ਼ੁਰੂ ਵਿੱਚ ਉਸਨੂੰ ਪੂਰਾ ਕਰ ਦਿੱਤਾ।
ਹੁਣ ਉਸਦੇ ਦੈਨਿਕ ਪ੍ਰੋਗਰਾਮ ਵਿੱਚ `ਲਿਖਣ’ ਨੂੰ ਵੀ ਨਿਯਮਤ ਰੂਪ ਵਿੱਚ ਸਮਾਂ ਮਿਲਣ ਲੱਗ ਪਿਆ ਅਤੇ ਪਹਿਲੀਆਂ ਰੁਚੀਆਂ ਪਿੱਛੇ ਹੱਟਦੀਆਂ ਗਈਆਂ। ਨਾਸ਼ਤੇ ਤੋਂ ਫੌਰਨ ਬਾਅਦ, ਚੁੱਪ-ਚਪੀਤੇ ਉਹ ਆਪਣੇ ਸਰਾਣੇ ਥੱਲੋਂ ਇੱਕ ਮੋਟੀ ਜਿਹੀ ਕਾਪੀ ਕੱਢ ਲੈਂਦਾ ਅਤੇ ਲਿਖਣਾ ਸ਼ੁਰੂ ਕਰ ਦਿੰਦਾ। ਕਈ ਵਾਰ ਉਹ ਇਸ ਵਿੱਚ ਲੀਨ ਹੋ ਜਾਂਦਾ ਕਿ ਉਸਨੂੰ ਕੰਮ ਤੋਂ ਹਟਾ ਕੇ ਖਾਣਾ ਖਵਾਉਣਾ ਔਖਾ ਹੋ ਜਾਂਦਾ। ਉਹ ਖਿੱਝ ਉੱਠਦਾ ਅਤੇ ਕਹਿੰਦਾ ਕਿ ਲੋਕ ਉਸਨੂੰ ਇਸ “ਬੇਲੋੜੇ ਖਾਣੇ’’ ਲਈ ਏਨਾ ਤੰਗ ਕਿਉਂ ਕਰਦੇ ਰਹਿੰਦੇ ਹਨ, ਜਾਂ ਵਾਅਦਾ ਕਰਕੇ ਕਹਿੰਦਾ ਕਿ ਕੁਝ ਹੀ ਦਿਨਾਂ ਵਿੱਚ- ਜਿਉਂ ਹੀ ਉਹ ਕੰਮ ਪੂਰਾ ਕਰ ਲਵੇਗਾ – ਉਹ ਸਾਰੇ ਦਾ ਸਾਰਾ ਖਾਣਾ ਇਕੱਠਾ ਹੀ ਖਾ ਲਵੇਗਾ।
. . ਜਦ ਕਹਾਣੀ ਲਿਖੀ ਗਈ ਤਾਂ ਉਸਨੂੰ ਉਸ ਨੇ ਓਦੇਸਾ ਵਿੱਚ ਆਪਣੇ ਪੁਰਾਣੇ ਫੌਜੀ ਸਾਥੀਆਂ ਕੋਲ ਭੇਜਿਆ। ਲੱਗਭਗ ਦੋ ਹਫ਼ਤੇ ਬਾਅਦ ਉਹਨਾਂ ਦਾ ਜਵਾਬ ਆਇਆ – ਇੱਕ ਸੰਯੁਕਤ ਚਿੱਠੀ ਦੇ ਰੂਪ ਵਿੱਚ, ਕਿ ਰਚਨਾ ਆਮ ਤੌਰ ’ਤੇ ਚੰਗੀ ਹੈ, ਸਿਰਫ਼ ਕਿਤੇ-ਕਿਤੇ ਬਿਓਰਿਆਂ ਵਿੱਚ ਸੁਧਾਰ ਦੀ ਜ਼ਰੂਰਤ ਹੈ। ਓਸਤਰੋਵਸਕੀ ਦੀ ਖੁਸ਼ੀ ਠਿਕਾਣਾ ਨਾ ਰਿਹਾ।
ਪਰ ਜਦੋਂ ਹੱਥਲਿਖਤ ਨੂੰ ਓਦੇਸਾ ਤੋਂ ਵਾਪਿਸ ਭੇਜਿਆ ਗਿਆ ਤਾਂ ਉਹ ਕਿਤੇ ਰਾਹ ਵਿੱਚ ਗਵਾਚ ਗਈ, ਉਸਦੀ ਕੋਈ ਦੂਸਰੀ ਨਕਲ ਵੀ ਮੌਜੂਦ ਨਹੀਂ ਸੀ। ਕਹਾਣੀ ਦਾ ਕਿਤੇ ਵੀ ਕੁਝ ਵੀ ਪਤਾ ਨਾ ਚੱਲਿਆ। “ਬਹੁਤ ਦੇਰ ਬਾਅਦ ,’’ ਓਸਤਰੋਵਸਕੀ ਦੀ ਪਤਨੀ ਲਿਖਦੀ ਹੈ, “ਨਿਕੋਲਾਈ ਇਸ ਸਦਮੇ ਨੂੰ ਭੁੱਲ ਸਕਿਆ।’’ ਉਹ ਬਹੁਤ ਦੁਖੀ ਹੋਇਆ ਪਰ ਛੇਤੀ ਹੀ ਉਸਨੇ ਫੇਰ ਆਪਣੇ ਆਪ ਨੂੰ ਸੰਭਾਲ ਲਿਆ। ਇਸਤੋਂ ਬਾਅਦ ਕਦੇ ਇਸ ਡੂੰਘੇ ਸਦਮੇ ਦੀ ਚਰਚਾ ਨਹੀਂ ਕੀਤੀ, ਨਾ ਕਦੇ ਚਿੱਠੀਆਂ ਵਿੱਚ, ਨਾ ਕਦੇ ਘਰ ਵਾਲਿਆਂ ਨਾਲ ਜਾਂ ਦੋਸਤਾਂ ਨਾਲ ਗੱਲਬਾਤ ਵਿੱਚ।
ਆਪਣੀ ਪਹਿਲੀ ਸਾਹਿਤਕ ਕੋਸ਼ਿਸ਼ ਵੱਲ ਸਾਥੀਆਂ ਦੁਆਰਾ ਪ੍ਰੇਰਿਤ ਕਰਨ ਨਾਲ ਓਸਤਰੋਵਸਕੀ ਦਾ ਆਪਣੀ ਯੋਗਤਾ ਵਿੱਚ ਵਿਸ਼ਵਾਸ਼ ਵੱਧ ਗਿਆ। ਉਸਨੇ ਆਪਣੀ ਪੜਾਈ ਫਿਰ ਤੋਂ ਸ਼ੁਰੂ ਕਰ ਦਿੱਤੀ, ਤਾਂ ਜੋ ਆਪਣੇ ਇਸ ਨਵੇਂ ਕਾਰਜ ਖੇਤਰ ਦੇ ਨਿਯਮਾਂ ਵਿੱਚ ਕੁਸ਼ਲਤਾ ਪ੍ਰਾਪਤ ਕਰ ਸਕੇ। ਨਾਲ ਹੀ ਮਨ ਵਿੱਚ ਉਹ ਇੱਕ ਨਵੀਂ ਕਿਤਾਬ ਦੀ ਰੂਪ-ਰੇਖਾ ਤਿਆਰ ਕਰਨ ਲੱਗ ਪਿਆ।
. . ਅਜਿਹੇ ਸਮੇਂ ਵਿੱਚ ਜਦੋਂ ਇਹ ਪਤਾ ਲੱਗਣ ਲੱਗ ਪਿਆ ਸੀ ਕਿ ਉਹ ਜਿਆਦਾ ਦਿਨ ਜਿਉਂਦਾ ਨਹੀਂ ਰਹੇਗਾ, ਜਦੋਂ ਸ਼ਰੀਰ ਦੇ ਖੜ ਜਾਣ ਦੇ ਨਾਲ-ਨਾਲ ਨਿਗਾ ਵੀ ਜਾਣ ਲੱਗ ਪਈ ਸੀ ਅਤੇ ਸਭ ਕੁਝ ਖ਼ਤਮ ਹੁੰਦਾ ਲੱਗ ਰਿਹਾ ਸੀ, ਓਸਤਰੋਵਸਕੀ ਨੇ ਸੋਚੀ ਤੋਂ ਪਿਓਤਰ ਨਿਕੋਲਾਏਵਿਚ ਨੋਵੀਕੋਵ ਨੂੰ ਇੱਕ ਖ਼ਤ ਵਿੱਚ ਲਿਖਿਆ (11 ਸਤੰਬਰ 1930) —
. . “ਮੈਂ ਆਪਣੀ ਜਿੰਦਗੀ ਉਪਯੋਗੀ ਬਣਾਉਣ ਲਈ ਇੱਕ ਉਪਾਅ ਸੋਚਿਆ ਹੈ ਅਤੇ ਸਿਰਫ਼ ਇਸੇ ਨਾਲ ਜਿੰਦਗੀ ਨੂੰ ਅਰਥ ਮਿਲ ਸਕਦੇ ਹਨ। ਮੇਰੀ ਯੋਜਨਾ ਬਹੁਤ ਔਖੀ ਹੈ, ਸਰਲ ਬਿਲਕੁਲ ਵੀ ਨਹੀਂ। ਜੇਕਰ ਮੈਂ ਇਸ ਨੂੰ ਸਿਰੇ ਚਾੜ ਸਕਿਆ ਤਾਂ ਇਸ ਬਾਰੇ ਤੈਨੂੰ ਹੋਰ ਲਿਖਾਂਗਾ। ਮੇਰੀ ਜਿੰਦਗੀ ਵਿੱਚ ਸਰਗਰਮੀ ਹਮੇਸ਼ਾਂ ਸਿੱਧੀ ਹੁੰਦੀ ਹੈ, ਇਸ ਵਿੱਚ ਕੋਈ ਮੋੜ-ਘੋੜ ਜਾਂ ਹੇਰ-ਫੇਰ ਨਹੀਂ ਹੁੰਦੇ। ਮੈਂ ਜਾਣਦਾ ਹਾਂ ਕਿ ਮੈਂ ਕਿੱਥੇ ਖੜਾ ਹਾਂ ਅਤੇ ਮੇਰੇ ਲਈ ਘਬਰਾਉਣ ਦਾ ਕੋਈ ਕਾਰਣ ਨਹੀਂ। ਮੈਂ ਅਜਿਹੇ ਲੋਕਾਂ ਨੂੰ ਸੁਭਾਅ ਪੱਖੋਂ ਨਫ਼ਰਤ ਕਰਦਾ ਹਾਂ ਅਤੇ ਉਹਨਾਂ ਨੂੰ ਤੁੱਛ ਸਮਝਦਾ ਹਾਂ ਜੋ ਜਿੰਦਗੀ ਵਿੱਚ ਗੰਭੀਰ ਜਖ਼ਮ ਮਿਲਣ ’ਤੇ ਰੋਣ-ਕੁਰਲਾਉਣ ਲੱਗ ਪੈਂਦੇ ਹਨ।
. . “ਮੈਂ ਅੱਜ ਬੇਸ਼ੱਕ ਆਪਣੇ ਮੰਜੇ ਨਾਲ ਜਾ ਲੱਗਿਆ ਹਾਂ। ਪਰ ਇਸਦਾ ਮਤਲਬ ਇਹ ਨਹੀਂ ਕਿ ਮੈਂ ਬਿਮਾਰ ਹਾਂ। ਇਹ ਕਹਿਣਾ ਬਿਲਕੁਲ ਗਲਤ ਹੋਵੇਗਾ, ਮੂਰਖਤਾਪੂਰਣ ਰੋਣਾ-ਧੋਣਾ ਹੋਵੇਗਾ। ਮੈਂ ਬਿਲਕੁਲ ਸਿਹਤਮੰਦ ਹਾਂ। ਕੀ ਹੋਇਆ ਜੇ ਮੇਰੀਆਂ ਟੰਗਾਂ ਕੰਮ ਨਹੀਂ ਕਰਦੀਆਂ ਅਤੇ ਮੈਂ ਕੁਝ ਦੇਖ ਨਹੀਂ ਸਕਦਾ। ਇਹ ਤਾਂ ਪੂਰੀ ਤਰਾਂ ਇੱਕ ਭਰਮ ਹੈ – ਤੁੱਛ ਅਤੇ ਭੱਦਾ ਮਜ਼ਾਕ।
. . ਕਿੰਨੀ ਵਿਲੱਖਣ, ਕਿੰਨੀ ਅੱਦਭੁਤ ਸੰਕਲਪ-ਦ੍ਰਿੜਤਾ ਹੈ! ਮੌਤ ਨੂੰ ਚਣੌਤੀ ਦੇਣ ਵਾਲੀ! ਅਤੇ ਅਜਿਹੇ ਸਮੇਂ ਵਿੱਚ ਜਦੋਂ ਲੱਗ ਰਿਹਾ ਹੁੰਦਾ ਹੈ ਕਿ ਮੌਤ ਕਿਸੇ ਵੀ ਸਮੇਂ ਆ ਸਕਦੀ ਹੈ। ਉਸਦਾ ਸ਼ਰੀਰ ਹੌਲੀ-ਹੌਲੀ ਨਸ਼ਟ ਹੋ ਰਿਹਾ ਸੀ ਅਤੇ ਡਾਕਟਰ ਬੇਵੱਸ ਸਨ। ਉਹ ਜਾਣਦਾ ਸੀ ਕਿ ਉਹ ਕਦੇ ਵੀ ਮੰਜੇ ਤੋਂ ਉੱਠ ਨਹੀਂ ਸਕੇਗਾ, ਨਾ ਕੁਝ ਦੇਖ ਸਕੇਗਾ, ਨਾ ਘੁੰਮ ਫਿਰ ਸਕੇਗਾ। ਤਾਂ ਇਸ ਨਾਲ ਕੀ ਹੋਇਆ?
. . ਉਸਨੇ ਆਪਣਾ ਰਸਤਾ ਲੱਭ ਲਿਆ ਸੀ। ਉਹ ਆਪਣੀ ਰਚਨਾ ਦੇ ਸਫ਼ਿਆਂ ਰਾਹੀਂ ਜਿੰਦਗੀ ਵਿੱਚ ਸਰਗਰਮ ਰਹੇਗਾ!
. . ਉਹ ਜਾਣਦਾ ਸੀ, ਬਹੁਤ ਪਹਿਲਾਂ ਤੋਂ ਜਾਣਦਾ ਸੀ ਕਿ ਉਸ ਨੇ ਕੀ ਲਿਖਣਾ ਹੈ। ਉਹ ਨਵੀਂ ਪੀੜੀ ਦੇ ਲੋਕਾਂ ਲਈ ਇੱਕ ਕਿਤਾਬ ਹੋਵੇਗੀ— ਇਨਕਲਾਬ ਦੇ ਇੱਕ ਸਿਪਾਹੀ ਦੀ ਕਹਾਣੀ, ਜਿਸ ਨੂੰ ਕਿਸੇ ਤਰਾਂ ਦੇ ਵੀ ਕਸ਼ਟ ਅਤੇ ਔਖਿਆਈਆਂ ਨਿਰਾਸ਼ ਨਹੀਂ ਕਰ ਸਕੀਆਂ। ਇਹ ਉਸਦੀ ਆਪਣੀ ਕਹਾਣੀ ਹੋਵੇਗੀ, ਜੋ ਉਹ ਨੌਜਵਾਨਾਂ ਲਈ ਲਿਖੇਗਾ, ਇਸ ਆਸ ਨਾਲ ਕਿ “ਉਹ ਮਜ਼ਦੂਰ ਲੜਕਾ ਜਿਸਨੂੰ ਉਹ ਜਾਣਦਾ ਸੀ’’ – ਪਾਵੇਲ ਕੋਰਚਾਗਿਨ – ਆਪਣੇ ਪਾਠਕਾਂ ਨੂੰ ਉਸ ਸੰਘਰਸ਼ ਦੀ ਪ੍ਰੇਰਣਾ ਦੇ ਸਕੇ ਜਿਸ ਸੰਘਰਸ਼ ਵਿੱਚ ਉਸਨੇ ਖੁਦ ਹਿੱਸਾ ਲਿਆ ਸੀ।
. . ਉਸਦੀਆਂ ਹੱਥਲਿਖਤਾਂ ਨੂੰ ਦੇਖਦੇ ਹੋਏ ਜੋ ਹੁਣ ਓਸਤਰੋਵਸਕੀ ਯਾਦਗਾਰ-ਸੰਗ੍ਰਹਿ ਘਰ ਵਿੱਚ ਰੱਖੀਆਂ ਹਨ (ਮਾਸਕੋ, ਸੋਚੀ ਅਤੇ ਸ਼ੇਪੇਤੋਵਕਾ ਵਿੱਚ) ਇਹ ਸਾਫ਼ ਪਤਾ ਲੱਗਦਾ ਹੈ ਕਿ ਇਹਨਾਂ ਕਿਤਾਬਾਂ ’ਤੇ ਉਸਨੂੰ ਕਿੰਨੀ ਮਿਹਨਤ ਕਰਨੀ ਪਈ ਹੋਵੇਗੀ।
ਪਹਿਲਾਂ ਕੋਈ ਵੀ ਉਸਦੀ ਮੱਦਦ ਕਰਨ ਵਾਲਾ ਨਹੀਂ ਸੀ। ਉਸਦੀ ਪਤਨੀ ਦਿਨ ਭਰ ਰੁੱਝੀ ਰਹਿੰਦੀ, ਆਪਣੇ ਕੰਮ ਵਿੱਚ ਅਤੇ ਜਨਤਕ ਕੰਮਾਂ ਵਿੱਚ ਅਤੇ ਸ਼ਾਮ ਨੂੰ ਉਹ ਹਮੇਸ਼ਾਂ ਥੱਕੀ ਹੁੰਦੀ। ਉਹ ਉੱਥੇ ਪਿਆ-ਪਿਆ, ਆਪਣੀਆਂ ਸਖ਼ਤ ਉਂਗਲਾਂ ਨਾਲ ਪੈਂਸਿਲ ਨੂੰ ਜਿਵੇਂ-ਤਿਵੇਂ ਫੜ ਕੇ ਲਿਖ ਰਿਹਾ ਹੁੰਦਾ – ਜਾਂ ਇਹ ਕਹੀਏ ਕਿ ਇੱਕ ਤੋਂ ਬਾਅਦ ਦੂਜੇ ਸ਼ਬਦ ਦੀਆਂ, ਬੜੀ ਔਖਿਆਈ ਨਾਲ ਲਾਈਨਾਂ ਖਿੱਚ ਰਿਹਾ ਹੁੰਦਾ। ਕਈ ਵਾਰ ਇੱਕ ਲਾਈਨ ਪਿਛਲੀ ਲਾਈਨ ’ਤੇ ਚੜ ਜਾਂਦੀ ਅਤੇ ਦੋਨੋਂ ਖਰਾਬ ਹੋ ਜਾਂਦੀਆਂ।
ਫੇਰ ਇੱਕ ਯੰਤਰ ਬਣਾਇਆ ਗਿਆ ਜੋ ਸਹਾਇਕ ਸਿੱਧ ਹੋਇਆ। ਇੱਕ ਸਾਦੇ ਗੱਤੇ ਦਾ ਦੂਹਰਾ ਟੁਕੜਾ ਲਿਆ ਗਿਆ, ਜਿਸਦੇ ਉਪਰਲੇ ਭਾਗ ਵਿੱਚ ਅੱਠ ਮਿਲੀਮੀਟਰ ਚੌੜੀਆਂ ਲਾਈਨਾਂ ਕੱਟ ਲਈਆਂ ਗਈਆਂ। ਇਹਨਾਂ ਅੰਦਰ ਚਲਦੀ ਹੋਈ ਪੈਂਸਿਲ ਟੇਡੀ ਲਾਈਨ ਨਹੀਂ ਲਿਖ ਸਕਦੀ ਸੀ ਅਤੇ ਇਸ ਤਰਾਂ ਹਰੇਕ ਲਾਈਨ ਸਿੱਧੀ ਅਤੇ ਸਪੱਸ਼ਟ ਲਿਖੀ ਜਾਂਦੀ।
. . ਇਸ ਸਮੇਂ ਵਿੱਚ ਓਸਤਰੋਵਸਕੀ ਜਿਆਦਾਤਰ ਰਾਤ ਸਮੇਂ ਕੰਮ ਕਰਦਾ ਸੀ, ਜਦੋਂ ਸਾਰੇ ਲੋਕ ਸੋ ਰਹੇ ਹੁੰਦੇ। ਸੌਣ ਤੋਂ ਪਹਿਲਾਂ ਉਸਦੀ ਪਤਨੀ ਜਾਂ ਮਾਂ 25-30 ਕਾਗ਼ਜ ਅਤੇ ਬਹੁਤ ਸਾਰੀਆਂ ਪੈਂਸਿਲਾਂ ਛਿੱਲ ਕੇ ਉਸ ਕੋਲ ਰੱਖ ਦਿੰਦੀਆਂ। ਜਦੋਂ ਸਵੇਰ ਹੁੰਦੀ, ਤਾਂ ਸਾਰੇ ਕਾਗ਼ਜ ਲਿਖੇ ਹੋਏ ਮਿਲਦੇ। ਦਿਨ ਸਮੇਂ ਦੋਸਤ ਅਤੇ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਬੜੇ ਧਿਆਨ ਨਾਲ ਨਕਲ ਕਰ ਲੈਂਦੇ।
. . “ਕਾਰਜਸ਼ੀਲਤਾ ਦੀ ਭਖ਼ਦੀ ਅੱਗ’’ – ਇਸ ਨਾਂ ਤੋਂ ਰੋਮਾਂ ਰੋਲਾਂ ਨੇ ਓਸਤਰੋਵਸਕੀ ਨੂੰ ਪੁਕਾਰਿਆ ਸੀ। ਇਹ ਜਗਮਗਾਉਂਦੀ ਅੱਗ ਬਝਾਉਣ ਲਈ ਜਿੰਨੀਆਂ ਵੀ ਤੇਜ਼ ਅਤੇ ਭਿਆਨਕ ਨੇਰੀਆਂ ਚੱਲਣ, ਇਸਦੀ ਲੋਅ ਹੋਰ ਵੀ ਤੇਜ਼ ਹੋ ਜਾਂਦੀ ਸੀ।
. . ਓਸਤਰੋਵਸਕੀ ਨੇ `ਕਬਹੂੰ ਨਾ ਛਾਡੇ ਖੇਤ’ ਦੋ ਭਾਗਾਂ ਵਿੱਚ ਲਿਖਿਆ। ਇਹ ਨਾਵਲ ਉਸਦੀ ਆਪਣੀ ਜਿੰਦਗੀ ’ਤੇ ਅਧਾਰਿਤ ਸੀ। ਉਸਨੂੰ ਆਸ ਸੀ ਕਿ ਉਹ ਇੱਕ ਤੀਸਰਾ ਭਾਗ `ਕੋਰਚਾਗਿਨ ਦੀ ਖੁਸ਼ਕਿਸਮਤੀ’ ਦੇ ਨਾਂ ਤੋਂ (“ਨਿਸ਼ਚਿਤ ਹੀ’’) ਲਿਖੇਗਾ (ਉਸਦੀ ਜਿੰਦਗੀ ਦੀਆਂ ਸ਼ੁਖਦਾਇਕ ਪਲਾ ਦੀ ਚਰਚਾ ਪਹਿਲੇ ਦੋ ਭਾਗਾਂ ਵਿੱਚ ਨਹੀਂ ਹੈ)। ਉਸਨੇ ਆਪਣੇ ਦੂਜੇ ਨਾਵਲ `ਤੂਫ਼ਾਨਾਂ ਦੇ ਜਾਏ’ ਦਾ ਪਹਿਲਾ ਭਾਗ ਲਿਖਿਆ ਜਿਸਨੂੰ ਉਹ ਆਪਣੀ ਮੌਤ ਤੋਂ ਕੁਝ ਹੀ ਦਿਨ ਪਹਿਲਾਂ ਪੂਰਾ ਕਰ ਸਕਿਆ। ਇਸਦੇ ਦੋ ਭਾਗ ਹੋਰ ਲਿਖ ਕੇ ਉਹ ਇਸਨੂੰ ਪੂਰਾ ਕਰਨਾ ਚਾਹੁੰਦਾ ਸੀ। “ਸਿਰਫ਼ ਕਿਤਾਬ ਲਿਖਣ ਲਈ ਨਹੀਂ ਸਗੋਂ ਆਪਣੀ ਦਿਲ ਦੀ ਅੱਗ ਨਾਲ ਭਖਾਉਣ ਕਰਨ ਲਈ।’’) ਇੱਕ ਫ਼ਿਲਮ ਲੇਖਕ ਨਾਲ ਮਿਲ ਕੇ ਉਸਨੇ `ਕਬਹੂੰ ਨਾ ਛਾਡੇ ਖੇਤ’ ਦੀ ਪਟਕਥਾ ਲਿਖੀ। ਉਸਦਾ ਵਿਚਾਰ ਇੱਕ ਬੱਚਿਆਂ ਦੀ ਕਿਤਾਬ ਲਿਖਣ ਦਾ ਵੀ ਸੀ ਜਿਸਦਾ ਨਾਂ ਉਹ `ਪਾਵਕਾ ਦਾ ਬਚਪਨ’ ਰੱਖਣਾ ਚਾਹੁੰਦਾ ਸੀ (“ਇਹ ਮੈਂ ਨਿਸ਼ਚਿਤ ਹੀ ਲਿਖਾਂਗਾ’’)। ਇਸਤੋਂ ਇਲਾਵਾ ਇੱਕ ਕਿਤਾਬ ਬੁਧਿਓਨੀ ਬਾਰੇ, ਇੱਕ ਸੰਗ੍ਰਹਿ ਕਾਮੇਡੀ ਕਹਾਣੀਆਂ ਦਾ। ਇਸਤੋਂ ਇਲਾਵਾ ਲੇਖ ਲਿਖਣਾ, ਨੌਜਵਾਨ ਕਮਿਊਨਿਸਟ ਲੀਗ ਅਤੇ ਲੇਖਕ-ਸੰਮੇਲਨਾਂ ਵਿੱਚ ਭਾਸ਼ਣ ਦੇਣਾ… ਅਖਬਾਰਾਂ, ਮੈਗਜ਼ੀਨਾਂ, ਕਿਤਾਬਾਂ ਦੀ ਰੋਜ਼ਾਨਾ ਪੜਾਈ … ਉਸਦੇ ਕਮਰੇ ’ਚ “ਮੁਲਾਕਾਤੀਆਂ ਦੀ ਭੀੜ’’ ਲੱਗੀ ਰਹਿੰਦੀ ਜਿਸ ਵਿੱਚ ਲੇਖਕ, ਐਕਟਰ, ਲਾਈਬ੍ਰੇਰੀਅਨ, ਪ੍ਰਸਿੱਧ ਸਮੂਹਿਕ ਫਾਰਮਾਂ ਦੇ ਕਿਸਾਨ, ਲੈਨਿਨਗ੍ਰਾਦ ਦੇ ਨੌਜਵਾਨ ਕਮਿਉਨਿਸਟ ਲੀਗ ਦੇ ਮੈਂਬਰ, ਉਸਦੇ ਆਪਣੇ ਨਗਰ ਸ਼ੇਪੇਤੋਵਕਾ ਤੋਂ ਆਏ ਹੋਏ ਲੋਕ ਆਦਿ ਹੁੰਦੇ। ਉਹ ਟੈਲੀਫ਼ੋਨ ’ਤੇ ਗੱਲਾਂ ਕਰਦਾ, ਰੇਡੀਓ ਸੁਣਦਾ, ਆਪਣੇ ਵੱਖੋ-ਵੱਖਰੇ ਪੱਤਰਕਾਰਾਂ ਦੀਆਂ ਚਿੱਠੀਆਂ ਦੇ ਜਵਾਬ ਦਿੰਦਾ। ਜਦੋਂ ਵੀ ਕਦੇ ਉਸਨੂੰ ਕਿਸੇ ਦੀ ਥੋੜੀ ਜਿਹੀ ਵੀ ਮੱਦਦ ਕਰਨ ਦਾ ਮੌਕਾ ਮਿਲਦਾ ਤਾਂ ਉਸਨੂੰ ਦਿਲੋਂ ਖੁਸ਼ੀ ਹੁੰਦੀ।
ਇਹਨਾਂ ਸਭ ਗੱਲਾਂ ਨਾਲ ਉਸਨੂੰ ਜਿੰਦਗੀ ਵਿੱਚ ਸੰਪੂਰਣਤਾ ਦਾ ਅਹਿਸਾਸ ਹੁੰਦਾ – ਇਹ ਸੁੱਖਦਾਇਕ ਅਹਿਸਾਸ ਕਿ ਮੈਂ ਵੀ ਹੋਰ ਲੋਕਾਂ ਵਾਂਗ ਕੰਮ ਕਰ ਰਿਹਾ ਹਾਂ, ਫੌਜ਼ੀ ਕਤਾਰਾਂ ਵਿੱਚ ਅੱਗੇ ਵੱਧ ਰਿਹਾ ਹਾਂ।
. . ਉਹ ਜਿੰਨੇ ਦਿਨ ਜਿਉਇਆ, ਆਪਣੇ ਫਰਜਾਂ ਪ੍ਰਤੀ ਪੱਕਾ ਰਿਹਾ।
. . `ਮੈਂ ਜਾਣਦਾ ਹਾਂ ਕਿ ਮੈਂ ਬਹੁਤ ਦਿਨ ਜੀ ਨਹੀਂ ਸਕਾਂਗਾ,’’ ਉਸਨੇ ਲਿਖਿਆ, “ਮੇਰੇ ਅੰਦਰ ਇੱਕ ਅੱਗ ਹੈ ਜੋ ਮੈਨੂੰ ਖਾ ਰਹੀ ਹੈ ਅਤੇ ਉਸ ਉੱਤੇ ਕਾਬੂ ਪਾਉਣ ਲਈ ਮੈਨੂੰ ਆਪਣੀ ਸਮੁੱਚੀ ਸੰਕਲਪ-ਸ਼ਕਤੀ ਲਗਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਸਮੇਂ ਤਾਂ ਮੈਂ ਜਿਵੇਂ-ਤਿਵੇਂ ਅਜਿਹਾ ਕਰਨ ਵਿੱਚ ਸਮੱਰਥ ਹਾਂ। ਮੈਂ ਇਸ ਮੌਕੇ ਦਾ ਪੂਰਾ-ਪੂਰਾ ਫਾਇਦਾ ਲੈਣਾ ਹੈ, ਜੋ ਕੁਦਰਤ ਨੇ ਮੈਨੂੰ ਸੌਂਪਿਆ ਹੈ, ਉਸਦੇ ਖਤਮ ਹੋ ਜਾਣ ਤੋਂ ਪਹਿਲਾਂ ਮੈਂ ਜੋ ਕੁਝ ਵੀ ਆਪਣੇ ਲੋਕਾਂ ਲਈ ਲਿਖ ਸਕਦਾ ਹਾਂ, ਮੈਨੂੰ ਲਿਖਣਾ ਹੋਵੇਗਾ। ਮੇਰੇ ਕੋਲ ਸਮਾਂ ਥੋੜਾ ਰਹਿ ਗਿਆ ਹੈ… ਮੈਨੂੰ ਜਲਦੀ ਕਰਨੀ ਪਵੇਗੀ।’’
. . ਨਵੰਬਰ 1936 ਵਿੱਚ ਓਸਤਰੋਵਸਕੀ ਦੀ ਨਵੀਂ ਕਿਤਾਬ `ਤੁਫ਼ਾਨਾਂ ਦੀ ਜਾਏ’ ਦੇ ਪਹਿਲੇ ਭਾਗ ਦੀ ਹੱਥਲਿਖਤ ਉੱਤੇ ਵਿਚਾਰ ਕਰਨ ਲਈ ਮਾਸਕੋ ਵਿੱਚ ਇੱਕ ਸੰਯੁਕਤ ਮੀਟਿੰਗ ਹੋਈ। ਇਹ ਮੀਟਿੰਗ ਉਸੇ ਦੇ ਘਰ ਹੋਈ ਅਤੇ ਇਸ ਵਿੱਚ ਸੋਵੀਅਤ ਲੇਖਕ ਸੰਘ ਦੇ ਪ੍ਰਧਾਨਗੀ ਮੰਡਲ ਅਤੇ ਸੋਵੀਅਤ ਸੰਘ ਦੀ ਲੈਨਿਨਵਾਦੀ ਨੌਜਵਾਨ ਕਮਿਉਨਿਸਟ ਲੀਗ ਦੀ ਕੇਂਦਰੀ ਕਮੇਟੀ ਨੇ ਭਾਗ ਲਿਆ। ਵਿਚਾਰ-ਚਰਚਾ ਤੋਂ ਬਾਅਦ ਓਸਤਰੋਵਸਕੀ ਨੇ ਦੋਸਤਾਨਾ ਅਲੋਚਨਾ ਲਈ ਸਭ ਦਾ ਦਿਲੋਂ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਇੱਕ ਦਿਨ ਅਰਾਮ ਕਰਨ ਤੋਂ ਬਾਅਦ (“ਮੈਂ ਖ਼ੁਦ ਨੂੰ ਏਨੇ ਕੁ ਆਰਾਮ ਦੀ ਆਗਿਆ ਜ਼ਰੂਰ ਦਿਆਂਗਾ’’) ਉਹ ਫਿਰ ਤੋਂ ਇਸ ਕਿਤਾਬ ’ਤੇ, ਪ੍ਰੈਸ ਲਈ ਆਖ਼ਰੀ ਹੱਥਲਿਖਤ ਤਿਆਰ ਕਰਨ ਦੇ ਕੰਮ ਵਿੱਚ ਜੁਟ ਜਾਵੇਗਾ। ਇਹ ਕਿਸੇ ਵੀ ਸਿਹਤਮੰਦ ਵਿਅਕਤੀ ਲਈ ਪੂਰੇ ਤਿੰਨ ਮਹੀਨੇ ਦਾ ਕੰਮ ਸੀ, ਪਰ ਓਸਤਰੋਵਸਕੀ ਨੇ ਉਸਨੂੰ ਇੱਕ ਮਹੀਨੇ ਵਿੱਚ ਕਰਨ ਦਾ ਫੈਸਲਾ ਕੀਤਾ।
. . “ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ,’’ ਉਸਨੇ ਕਿਹਾ, “ਇਸ ਨਾਲ ਵੀ ਮੱਦਦ ਮਿਲੇਗੀ। ਕਈ ਲੋਕ ਆਪਣੇ ਰੋਗ ਦਾ ਇਲਾਜ ਅਰਾਮ ਰਾਹੀਂ ਕਰਦੇ ਹਨ ਅਤੇ ਕੁਝ ਲੋਕ – ਕੰਮ ਰਾਹੀਂ।’’
. . ਅਸਲ ਵਿੱਚ ਕੰਮ ਰਾਹੀਂ ਹੀ ਉਸਨੇ ਆਪਣਾ `ਇਲਾਜ’ ਕੀਤਾ— ਸਵੇਰੇ ਨੋਂ ਵਜੇ ਤੋਂ ਲੈ ਕੇ ਰਾਤ ਦੇ ਦਸ, ਗਿਆਰਾਂ, ਕਦੇ-ਕਦੇ ਬਾਰਾਂ ਵਜੇ ਤੱਕ, ਕੰਮ ਕਰਦਾ, ਵਿੱਚ ਨੂੰ ਬਸ ਥੋੜੀ-ਥੋੜੀ ਦੇਰ ਲਈ ਕਿਸੇ-ਕਿਸੇ ਸਮੇਂ ਅਰਾਮ ਕਰ ਲੈਂਦਾ।
ਉਸਦੇ ਪਰਿਵਾਰ ਦੇ ਮੈਂਬਰ ਬੜੀ ਚਿੰਤਾ ਨਾਲ ਇਹ ਦੇਖ ਰਹੇ ਸਨ। ਉਹ ਸੱਚਮੁਚ ਹੀ ਆਪਣੀ ਬਚੀ ਖੁਚੀ ਤਾਕਤ ਵੀ ਝੋਕ ਦੇ ਰਿਹਾ ਸੀ। ਉਹਨਾਂ ਨੇ ਉਸਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਕੁਝ ਵਕਫ਼ੇ ਲਈ ਕੰਮ ਰੋਕ ਲੈ ਅਤੇ ਆਰਾਮ ਕਰ, ਪਰ ਉਹ ਦੇਰ ਦੀ ਗੱਲ ਸੁਣ ਤੱਕ ਨਹੀਂ ਸੀ ਸਕਦਾ। ਬੜੀ ਬੇਰਹਿਮੀ ਨਾਲ ਉਸਨੇ ਆਪਣੇ ਆਪ ਨੂੰ ਹੱਕੀ ਰੱਖਿਆ ਅਤੇ ਆਪਣੇ ਸਹਿਯੋਗੀਆਂ ਨੂੰ ਵੀ, ਜਿਹਨਾਂ ਨੂੰ ਉਹ ਆਪਣੇ `ਸਦਰਮਕਾਮ ਦੇ ਕਰਮਚਾਰੀ’ ਆਖਿਆ ਕਰਦਾ ਸੀ।
ਉਸਦੇ ਮੰਜੇ ਨਾਲ ਇੱਕ ਮੇਜ਼ ਲੱਗੀ ਰਹਿੰਦੀ ਸੀ। ਉਸ ’ਤੇ ਅਤੇ ਕੁਰਸੀਆਂ ਅਤੇ ਸੋਫ਼ੇ ’ਤੇ ਹੱਥਲਿਖਤਾਂ ਦੀਆਂ ਕਾਪੀਆਂ ਪਈਆਂ ਹੁੰਦੀਆਂ, ਜਿਨਾਂ ’ਤੇ ਇਹਨਾਂ ਦੇ ਸੰਪਾਦਕਾਂ ਨੇ ਆਪਣੀਆਂ ਟਿੱਪਣੀਆਂ ਲਿਖੀਆਂ ਹੁੰਦੀਆਂ। ਪੰਨਾ-ਪੰਨਾ ਕਰਕੇ ਕੰਮ ਅੱਗੇ ਵੱਧ ਰਿਹਾ ਸੀ। ਪਹਿਲਾਂ ਲੇਖਕ ਦੀ ਰਚਨਾ ਦਾ ਮੂਲ ਪਾਠ ਕੀਤਾ ਜਾਂਦਾ, ਫੇਰ ਹਰ ਕਾਪੀ ਦੇ ਇੱਕ-ਇੱਕ ਪੰਨੇ ’ਤੇ ਦਿੱਤੀਆਂ ਗਈਆਂ ਟਿੱਪਣੀਆਂ ਦਾ।
. . ਆਪਣੇ ਮਨ ਵਿੱਚ ਇੱਕ-ਇੱਕ ਸ਼ਬਦ, ਇੱਕ-ਇੱਕ ਵਾਕ ਨੂੰ ਤੋਲਦੇ ਹੋਏ ਓਸਤਰੋਵਸਕੀ ਕਿਤੇ ਸ਼ਬਦ ਬਦਲਦਾ, ਕਿਤੇ ਜੋੜਦਾ, ਕਿਤੇ ਕੱਟਦਾ ਅਤੇ ਇਸ ਤਰਾਂ ਨਾਵਲ ਦਾ ਆਖਰੀ ਰੂਪ ਤਿਆਰ ਹੋਣ ਲੱਗਾ। ਇੱਕ ਗੱਲ ਪੱਕੀ ਕਰਨ ਤੋਂ ਬਾਅਦ ਉਹ ਆਪਣੇ ਸਹਿਯੋਗੀਆਂ ਤੋਂ ਹੋਰ ਵੀ ਤੇਜ਼ੀ ਨਾਲ ਕੰਮ ਕਰਨ ਦੀ ਬੇਨਤੀ ਕਰਦਾ—“ਲੱਗੇ ਰਹੋ, ਦੋਸਤੋ, ਲੱਗੇ ਰਹੋ!’’ ਇਹੋ ਉਸਦੀ ਇੱਕੋ ਇੱਕ ਮੰਗ ਹੁੰਦੀ।
ਹੌਲੀ-ਹੌਲੀ ਦਿਨ ਲੰਘਦੇ ਰਹੇ। ਪਰ ਔਖਾ ਕੰਮ ਜਾਰੀ ਰਿਹਾ। ਇਸਨੂੰ ਰੋਕਿਆ ਜਾਂਦਾ ਤਾਂ ਸਿਰਫ਼ ਭੋਜਨ ਲਈ, ਅਖ਼ਬਾਰਾਂ ਲਈ ਅਤੇ ਚਿੱਠੀਆਂ ਲਈ ਅਤੇ ਸਵੇਰੇ-ਸ਼ਾਮ ਰੇਡਿਓ ’ਤੇ ਖਬਰਾਂ ਸੁਣਨ ਲਈ।
. . ਆਖਰੀ ਪੰਨੇ ਦੀ ਸੋਧ 11 ਦਸੰਬਰ ਨੂੰ ਹੋਈ।
. . “ `ਤੁਫ਼ਾਨਾਂ ਦੇ ਜਾਏ’ ਦੇ ਪਹਿਲੇ ਭਾਗ ਦਾ ਕੰਮ ਕਰਨਾ ਬਾਕੀ ਸੀ ਅਤੇ ਅੱਜ ਮੈਂ ਉਹ ਪੂਰਾ ਕਰ ਲਿਆ,’’ ਉਸਨੇ ਆਪਣੀ ਮਾਂ ਨੂੰ ਲਿਖਿਆ, “ਇਸ ਤਰਾਂ ਮੈਂ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ ਜੋ ਲੀਗ ਦੀ ਕੇਂਦਰੀ ਕਮੇਟੀ ਨਾਲ ਕੀਤਾ ਸੀ ਕਿ ਮੈਂ 15 ਦਸੰਬਰ ਤੱਕ ਕਿਤਾਬ ਖ਼ਤਮ ਕਰ ਦਿਆਂਗਾ। ਪਿਛਲੇ ਸਾਰੇ ਮਹੀਨੇ ਤੋਂ ਹਰ ਰੋਜ `ਤਿੰਨੋਂ ਸ਼ਿਫ਼ਟਾਂ’ ਕੰਮ ਕੀਤਾ, ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਬੁਰੀ ਤਰਾਂ ਥਕਾ ਦਿੱਤਾ। ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਉਹਨਾਂ ਤੋਂ ਕੰਮ ਲੈਂਦਾ ਰਹਿੰਦਾ ਅਤੇ ਵਿਚਕਾਰੋਂ ਕੋਈ ਛੁੱਟੀ ਨਹੀਂ ਦਿੱਤੀ। ਵਿਚਾਰੀਆਂ ਕੁੜੀਆਂ! ਪਤਾ ਨੀ ਉਹ ਮੇਰੇ ਬਾਰੇ ਕੀ ਸੋਚਦੀਆਂ ਹੋਣਗੀਆਂ। ਮੈਂ ਸੱਚਮੁਚ ਉਹਨਾਂ ’ਤੇ ਤਸ਼ੱਦਦ ਕੀਤਾ ਹੈ। ਪਰ ਹੁਣ ਇਹ ਨਹੀਂ ਵਾਪਰੇਗਾ। ਮੈਂ ਬਿਆਨ ਨਹੀਂ ਕਰ ਸਕਦਾ ਕਿ ਕਿੰਨਾਂ ਥੱਕ ਗਿਆ ਹਾਂ, ਪਰ ਕਿਤਾਬ ਪੂਰੀ ਹੋ ਗਈ ਹੈ।’’
ਕੁਝ ਦਿਨ ਅਰਾਮ ਕਰਨ ਤੋਂ ਬਾਅਦ ਓਸਤਰੋਵਸਕੀ `ਤੁਫ਼ਾਨਾਂ ਦੇ ਜਾਏ’ ਦੇ ਦੂਜੇ ਭਾਗ ’ਤੇ ਕੰਮ ਕਰਨਾ ਚਾਹੁੰਦਾ ਸੀ। ਉਸਦੀ ਇੱਕ ਫਾਈਲ ਵਿੱਚ ਇਹਦੇ ਲਈ ਇਕੱਠੀ ਕੀਤੀ ਗਈ ਇਤਿਹਾਸਿਕ ਸਮੱਗਰੀ ਦਾ ਸੰਖੇਪ ਬਿਓਰਾ ਅਤੇ ਕੁਝ ਪੰਨੇ ਨਾਵਲ ਦੇ ਵੀ ਲਿਖੇ ਹੋਏ ਪਏ ਸਨ। ਉਸਨੂੰ ਆਸ ਸੀ ਕਿ ਉਹ ਨਾਵਲ ਨੂੰ (ਭਾਗ 2 ਅਤੇ 3) ਅਕਤੂਬਰ ਇਨਕਲਾਬ ਦੀ ਵੀਹਵੀਂ ਵਰੇਗੰਢ ਤੱਕ ਭਾਵ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ – ਲਿਖ ਦੇਵੇਗਾ।
. . ਪਰ ਉਹੀ ਖ਼ਤ ਜੋ ਉਸਨੇ ਆਪਣੀ ਮਾਂ ਨੂੰ ਲਿਖਿਆ ਅਤੇ ਜਿਸ ਵਿੱਚੋਂ ਉੱਪਰ ਟੂਕ ਦਿੱਤੀ ਗਈ ਹੈ ਉਸਦੀ ਆਖਰੀ ਰਚਨਾ ਸੀ।
15 ਦਸੰਬਰ ਨੂੰ ਬਿਮਾਰੀ ਦਾ ਇੱਕ ਹੋਰ ਦੌਰਾ ਆਇਆ ਜੋ ਆਖ਼ਰੀ ਅਤੇ ਮਾਰੂ ਸਿੱਧ ਹੋਇਆ। ਜਿਸ ਤਰਾਂ ਉਹ ਦਰਦ ਨਾਲ ਤੜਫ਼ਿਆ, ਉਹ ਕਿਸੇ ਵੀ ਮਨੁੱਖ ਲਈ ਅਸਹਿਣਯੋਗ ਹੁੰਦਾ। ਬੇਵੱਸ ਹੋ ਕੇ ਉਸਨੇ ਮਾਰਫ਼ੀਆ ਦਾ ਇੰਨਜੈਕਸ਼ਨ ਲੈਣਾ ਮਨਜ਼ੂਰ ਕੀਤਾ।
. . ਪਰ ਉਸਨੇ `ਕੋਮਸੋਮੋਲਸਕਾਯਾ ਪ੍ਰਾਵਦਾ’ ਦੇ ਦਫ਼ਤਰ ਟੈਲੀਫ਼ੋਨ ਕੀਤਾ—
. . “ਕੀ ਮਾਡਿ੍ਰਡ ਦੇ ਮੋਰਚੇ ’ਤੇ ਸਾਥੀ ਅਜੇ ਵੀ ਡਟੇ ਹੋਏ ਹੋਏ ਨੇ?’’
. . ਫ੍ਰਾਂਕੋ ਦੀਆਂ ਫ਼ਾਸੀਵਾਦੀ ਫੌਜਾਂ ਸਪੇਨ ਦੀ ਰਾਜਧਾਨੀ ਦਾ ਘੇਰਾ ਪਾਈ ਬੈਠੀਆਂ ਸਨ।
. . ਮਾਡਿ੍ਰਡ ਦਾ ਮੋਰਚਾ ਅਜੇ ਵੀ ਕਾਇਮ ਸੀ ਅਤੇ ਓਸਤਰੋਵਸਕੀ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ—
. . “ਠੀਕ ਐ, ਤਾਂ ਮੈਂ ਵੀ ਡਟਿਆ ਰਹਾਂਗਾ!’’
. . ਪਰ ਇੱਕ ਪਲ ਬਾਅਦ, ਉਦਾਸ ਜਿਹੀ ਅਵਾਜ ਵਿੱਚ ਬੋਲਿਆ —
. . “ਪਰ ਇਸਦੀ ਸੰਭਾਵਨਾ ਨਜ਼ਰ ਨੀ ਆਉਂਦੀ।’’
. . ਬਿਮਾਰੀ ਦਾ ਦੌਰਾ ਏਨਾ ਤੇਜ਼ੀ ਨਾਲ ਆਇਆ ਕਿ ਵਰਿਆਂ ਦੀ ਕਠੋਰ ਮਿਹਨਤ ਨਾਲ ਥੱਕੀ-ਹਾਰੀ ਕਮਜ਼ੋਰ ਦੇਹ ਇਸ ਹਮਲੇ ਨੂੰ ਸਹਿਣ ਨਾ ਕਰ ਸਕੀ।
ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਰਹੀਆਂ। ਉਹ ਇਸ ਦੌਰੇ ਨੂੰ ਰੋਕ ਨਹੀਂ ਸਕੇ। ਮੌਤ ਵੱਧਦੀ ਚਲੀ ਆ ਰਹੀ ਸੀ।
. . ਇੱਕ ਦਿਨ – 21 ਦਸੰਬਰ ਨੂੰ – ਉਹ ਆਪਣੀ ਨਰਸ ਤੋਂ ਪੁੱਛਣ ਲੱਗਾ ਜੋ ਉਸਦੇ ਕਮਰੇ ਵਿੱਚ ਕੰਮ ਕਰਦੀ ਸੀ ਕਿ ਉਹ ਕਿੰਨੇ ਵਰਿਆਂ ਤੋਂ ਨਰਸ ਦਾ ਕੰਮ ਕਰ ਰਹੀ ਹੈ। . .
. . “26 ਵਰਿਆਂ ਤੋਂ,’’ ਉਸਨੇ ਜਵਾਬ ਦਿੱਤਾ।
. . “ਤੇ ਇਸ ਦੌਰਾਨ ਤੂੰ ਬੜੇ ਦੁੱਖ ਤੇ ਪੀੜਾਂ ਵੇਖੀਆਂ ਹੋਣੀਆਂ ਨੇ, ਤੁਹਾਡਾ ਕੰਮ ਈ ਜੋ ਏਹੋ ਜਿਹਾ ਏ?’’
. . “ਹਾਂ, ਬੇਸ਼ੱਕ, ਬਹੁਤ ਕੁਝ ਵੇਖਿਆ ਏ।’’
. . “ਅਤੇ ਹੁਣ ਮੇਰੀ ਵਾਰੀ ਏ, ਮੈਂ ਵੀ ਤੁਹਾਨੂੰ ਖੁਸ਼ੀ ਨਹੀਂ ਦੇ ਸਕਾਂਗਾ।’’
. . ਬੜੀ ਮੁਸ਼ਕਿਲ ਨਾਲ ਨਰਸ ਆਪਣੇ ਹੰਝੂ ਰੋਕ ਸਕੀ।
. . “ਤੂੰ ਕੀ ਕਹਿ ਰਹਿ ਏਂ?’’ ਭਰੋਸਾ ਦੇਣ ਦੀ ਬੇਕਾਰ ਕੋਸ਼ਿਸ਼ ਕਰਦੀ ਹੋਈ ਉਹ ਬੋਲੀ। “ਤੂੰ ਕੁਝ ਈ ਦਿਨਾਂ ’ਚ ਠੀਕ ਹੋ ਜਾਂਏਂਗਾ। ਮੈਨੂੰ ਪੂਰਾ ਯਕੀਨ ਏ। ਤੇ ਤੈਨੂੰ ਤੰਦਰੁਸਤ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਏਗੀ।’’
. . “ਨਹੀਂ, ਨਹੀਂ, ਮੈਂ ਆਪਣੀ ਹਾਲਤ ਚੰਗੀ ਤਰਾਂ ਸਮਝਨਾ। ਮੈਂ ਤੈਨੂੰ ਖੁਸ਼ ਨਹੀਂ ਕਰ ਸਕਾਂਗਾਂ। ਪਰ ਅਫ਼ਸੋਸ, ਮੈਨੂੰ ਆਪਣਾ ਕੰਮ ਪੂਰਾ ਕਰਨ ਲਈ ਇੱਕ ਸਾਲ ਦੀ ਲੋੜ ਸੀ। ਮੈਂ ਕਿੰਨਾਂ ਕੰਮ ਵਿੱਚੇ ਛੱਡ ਕੇ ਜਾ ਰਿਹਾਂ। ਤੇ ਮੇਰੀ ਲੀਗ – ਉਹ ਮੇਰੇ ਤੋਂ ਕਿੰਨੀਆਂ ਚੀਜ਼ਾਂ ਦੀ ਆਸ ਰੱਖਦੀ ਸੀ।’’
. . ਉਸੇ ਰਾਤ, ਜਦੋਂ ਉਸਦੀ ਪਤਨੀ ਉਸਦੇ ਸਰਾਣੇ ਬੈਠੀ ਸੀ, ਉਹ ਕਹਿਣ ਲੱਗਾ -
. . “ਪਿਆਰੀ ਰਾਯਾ, ਮੇਰੀ ਤਬੀਅਤ ਖ਼ਰਾਬ ਹੁੰਦੀ ਜਾ ਰਹੀ ਏ। ਮੈਨੂੰ ਬਹੁਤ ਪੀੜ ਹੋ ਰਹੀ ਏ। ਡਾਕਟਰ ਮੈਨੂੰ ਸੱਚ -ਸੱਚ ਨਹੀਂ ਦੱਸਦੇ। ਮੈਨੂੰ ਲੱਗਦੈ ਕਿ ਇਹ ਦੌਰਾ ਮੈਨੂੰ ਲੈ ਕੇ ਰਹੇਗਾ।’’
. . ਕੁਝ ਦੇਰ ਤੱਕ ਉਹ ਚੁੱਪਚਾਪ ਪਿਆ ਰਿਹਾ। ਸਿਰਫ਼ ਉਸਦੇ ਭਰਵੱਟੇ ਤਣੇ ਹੋਏ ਸਨ, ਜਿਵੇਂ ਉਹ ਪੀੜ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।
. . “ਜੋ ਕੁਝ ਮੈਂ ਤੈਨੂੰ ਕਹਿ ਰਿਹਾਂ, ਇਸਨੂੰ ਤੂੰ ਮੇਰੀਆਂ ਆਖਰੀ ਗੱਲਾਂ ਸਮਝੀਂ। ਹੋ ਸਕਦੈ ਮੈਂ ਇਸ ਤੋਂ ਬਾਅਦ ਆਪਣੀ ਚੇਤਨਾ ਖੋ ਬੈਠਾਂ। ਮੈਂ ਘਟੀਆ ਜਿੰਦਗੀ ਨਹੀਂ ਬਿਤਾਈ। ਮੈਂ ਜੋ ਕੁਝ ਆਂ ਖੁਦ ਬਣਾਇਆ ਹੋਇਆਂ। ਕੁਝ ਵੀ ਸੌਖਾ ਨਹੀਂ ਸੀ, ਕੋਈ ਵੀ ਗੱਲ ਆਪਣੇ ਆਪ ਸਿੱਧੀ ਨੀ ਹੋਈ। ਮੈਂ ਸਦਾ ਸੰਘਰਸ਼ ਕਰਦਾ ਰਿਹਾਂ ਅਤੇ – ਤੂੰ ਤਾਂ ਜਾਣਦੀ ਏਂ- ਮੈਂ ਕਦੇ ਹਾਰ ਨਹੀਂ ਮੰਨੀ। ਅਤੇ ਹੁਣ ਮੈਂ ਇਹੋ ਦੱਸਣਾ ਚਾਹੁੰਨਾਂ ਕਿ ਜੇਕਰ ਕਦੇ ਜਿੰਦਗੀ ਤੇਰੇ ਲਈ ਔਖੀ ਹੋ ਜਾਏ ਤਾਂ ਮੈਨੂੰ ਯਾਦ ਕਰ ਲਈਂ। ਇੱਕ ਗੱਲ ਹੋਰ, ਜਿਸ ਕੰਮ ’ਚ ਵੀ ਤੂੰ ਲੱਗੀ ਏਂ, ਪੜਨਾ ਤੇ ਸਿੱਖਣਾ ਜਾਰੀ ਰੱਖੀਂ। ਇਹਨੂੰ ਕਦੇ ਨਾ ਛੱਡੀਂ। ਅਧਿਐਨ ਬਿਨਾਂ ਕਦੇ ਕੋਈ ਅੱਗੇ ਨੀ ਵੱਧ ਸਕਿਆ। ਤੇ ਸਾਡੀਆਂ ਮਾਵਾਂ ਨੂੰ ਨਾ ਭੁੱਲੀਂ। ਜਿੰਦਗੀ ਭਰ ਉਹਨਾਂ ਸਾਡੀ ਫਿਕਰ ਕੀਤੀ ਏ। ਮੈਨੂੰ ਉਹਨਾਂ ’ਤੇ ਤਰਸ ਆਉਂਦਾ। ਅਸੀਂ ਉਹਨਾਂ ਦੇ ਕਿੰਨੇ ਕਰਜਾਈ ਆਂ। ਕਿੰਨੇ ਕਰਜਾਈ! ਅਸੀਂ ਉਹਨਾਂ ਲਈ ਕੀ ਕੀਤਾ ਏ? ਉਹਨਾਂ ਦਾ ਖਿਆਲ ਰੱਖੀਂ। ਉਹਨਾਂ ਨੂੰ ਕਦੇ ਨਾ ਭੁੱਲੀਂ।’’
. . 22 ਦਿਸੰਬਰ 1936 ਨੂੰ ਓਸਤਰੋਵਸਕੀ ਦੀ ਮੌਤ ਹੋ ਗਈ। ਉਸ ਸਮੇਂ ਉਸਦੀ ਉਮਰ ਸਿਰਫ਼ 32 ਵਰਿਆਂ ਦੀ ਸੀ।
. . ਅਜਿਹਾ ਸੀ ਉਸ ਅਦਭੁੱਤ ਸੂਰਬੀਰ ਦਾ ਅੰਤ – ਜਿਸਦੀ ਜਿੰਦਗੀ ਦਾ ਆਖਰੀ ਸਾਹ ਵੀ ਕਮਿਉਨਿਜਮ ਦੇ ਮਹਾਨ ਨਿਸ਼ਾਨੇ ਲਈ ਕੁਰਬਾਨ ਹੋ ਗਿਆ। ਕਿੰਨੀਂ ਹੌਂਸਲੇ ਵਾਲੀ, ਅਜ਼ਾਦ ਅਤੇ ਖੂਬਸੂਰਤ ਸੀ ਉਸਦੀ ਜਿੰਦਗੀ!
. . ਪਰ ਅਜਿਹੇ ਮਨੁੱਖ ਕਦੋਂ ਮਰਦੇ ਹਨ?
. . ਮੌਤ ਨੇ ਉਸਦੇ ਹੱਥ ਚੋਂ ਉਸ ਸਮੇਂ ਕਲਮ ਖੋਹ ਲਈ ਜਦੋਂ ਉਹ ਆਪਣੇ ਸਿਰਜਣਾਤਮਕ ਕੰਮ ਦੇ ਸ਼ਿਖਰ ’ਤੇ ਸੀ। ਪਰ ਉਸਦੀਆਂ ਸ਼ਾਨਦਾਰ ਰਚਨਾਵਾਂ ਸਾਡੇ ਕੋਲ ਹਨ, ਉਹਦੇ ਸੱਚ ਨਾਲ ਊਰਜਾਵਾਨ ਸਤਰਾਂ, ਉਸਦੀ ਜਿੰਦਗੀ ਦਾ ਸਰਵਉੱਚ ਆਦਰਸ਼ – ਕਿੰਨਾਂ ਸੰਖੇਪ, ਪਰ ਕਿੰਨਾਂ ਮਹਾਨ!
…. … …
