ਗੁਰਸ਼ਰਨ ਸਿੰਘ — ਲੋਕ ਮੁਕਤੀ ਨੂੰ ਸਮਰਪਿਤ ਇੱਕ ਪੂਰਾ ਜੀਵਨ

ਪੰਜਾਬ ਦੇ ਪ੍ਰਸਿੱਧ ਇਨਕਲਾਬੀ ਰੰਗਕਰਮੀ, ਇਨਕਲਾਬੀ ਲਹਿਰ ਦੇ ਹਮਰਾਹੀ, ਸੰਗਰਾਮੀ ਸਾਥੀ ਗੁਰਸ਼ਰਨ ਸਿੰਘ ਹੁਣ ਨਹੀਂ ਰਹੇ। 27 ਸਤੰਬਰ 2011 ਨੂੰ ਉਨ੍ਹਾਂ ਆਖ਼ਰੀ ਸਾਹ ਲਏ। ਪੰਜਾਬ ਵਿੱਚ ਥਾਂ-ਥਾਂ ਉਨ੍ਹਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਹੋਏ ਅਤੇ ਅਜੇ ਵੀ ਹੋ ਰਹੇ ਹਨ। ਇਹ ਪੰਜਾਬ ਦੇ ਲੋਕਾਂ ਦੇ ਉਨ੍ਹਾਂ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਹੈ। ਮੌਤ ਅਟੱਲ ਹੈ। ਜੀਵਨ ਸਮੇਤ ਹਰ ਚੀਜ਼ ਦਾ ਹੋਂਦ ਵਿੱਚ ਆਉਣਾ, ਵਧਣਾ-ਫੁੱਲਣਾ ਅਤੇ ਫਿਰ ਖ਼ਤਮ ਹੋਣਾ, ਇਹ ਕੁਦਰਤ (ਪਦਾਰਥ) ਦਾ ਅਟੱਲ ਨਿਯਮ ਹੈ। ਪਰ ਜ਼ਿੰਦਗੀ ਅਤੇ ਮੌਤ ਦਰਮਿਆਨ ਦੇ ਸਮੇਂ ਵਿੱਚ ਕੋਈ ਵਿਅਕਤੀ ਕੀ ਕਰਦਾ ਹੈ, ਇਹ ਬੇਹੱਦ ਮਹੱਤਵਪੂਰਨ ਹੈ। ਅੱਜ ਧਰਤੀ ਦੇ ਜ਼ਿਆਦਾਤਰ ਇਨਸਾਨ ਤਾਂ ਜੀਵਨ ਦਾ, ਦੁਨੀਆਂਦਾਰੀ ਦਾ ਭਾਰ ਢੋਂਦੇ ਹੀ ਜ਼ਿੰਦਗੀ ਗੁਜ਼ਾਰ ਦਿੰਦੇ ਹਨ। ਜ਼ਿਆਦਾਤਰ ਲੋਕਾਂ ਦੇ ਜੀਵਨ ਦੀ ਧੁਰੀ ਨਿੱਜ ਹੁੰਦਾ ਹੈ, ਜਿਸ ਦੁਆਲ਼ੇ ਉਨ੍ਹਾਂ ਦਾ ਪੂਰਾ ਜੀਵਨ ਘੁੰਮਦਾ ਹੈ। ਵਰਤਮਾਨ ਪੂੰਜੀਵਾਦੀ ਪ੍ਰਬੰਧ ਨੇ ਮਨੁੱਖਾਂ ਨੂੰ ਅਮਾਨਵੀਕ੍ਰਿਤ ਸਮੂਹਾਂ ‘ਚ ਬਦਲ ਦਿੱਤਾ ਹੈ। ਹਰ ਕੋਈ ਇੱਕ ਦੂਜੇ ਤੋਂ ਅੱਗੇ ਲੰਘਣਾ ਚਾਹੁੰਦਾ ਹੈ, ਇੱਕ ਦੂਸਰੇ ਦੀ ਧੌਣ ‘ਤੇ ਪੈਰ ਰੱਖ ਕੇ ਵੀ। ਇਸੇ ਦਾ ਦੂਸਰਾ ਪੱਖ ਇਹ ਵੀ ਹੈ ਕਿ ਇਸ ਪ੍ਰਬੰਧ ਦੇ ਸਤਾਏ ਲੋਕਾਂ ‘ਚ ਇਸ ਪ੍ਰਬੰਧ ਵਿਰੋਧੀ, ਇਸ ਪ੍ਰਬੰਧ ਨੂੰ ਬਦਲਣ ਦੀ ਚੇਤਨਾ ਵੀ ਜਨਮ ਲੈਂਦੀ ਹੈ। ਇਹ ਚੇਤਨਾ ਸਭ ਤੋਂ ਪਹਿਲਾਂ ਸਿੱਖਿਅਤ ਬੁੱਧੀਜੀਵੀਆਂ ਦੇ ਦਿਮਾਗ ‘ਚ ਪੈਦਾ ਹੁੰਦੀ ਹੈ। ਫਿਰ ਉਹ ਇਸ ਚੇਤਨਾ ਨੂੰ ਉਨ੍ਹਾਂ ਜਮਾਤਾਂ ਤੱਕ ਲੈ ਕੇ ਜਾਂਦੇ ਹਨ ਜੋ ਇਸ ਪ੍ਰਬੰਧ ਹੱਥੋਂ ਸਭ ਤੋਂ ਵੱਧ ਲੁੱਟੀਆਂ ਲਤਾੜੀਆਂ ਜਾਂਦੀਆਂ ਹਨ। ਹਰ ਤਰ੍ਹਾਂ ਦਾ ਵਿਕਾਸ ਲਗਾਤਾਰਤਾ ਅਤੇ ਤਬਦੀਲੀ ਦੀ ਪ੍ਰਕਿਰਿਆ ‘ਚੋਂ ਲੰਘਦਾ ਹੈ। ਲੋਕ ਮੁਕਤੀ ਲਈ ਆਪਣਾ ਜੀਵਨ ਅਰਪਿਤ ਕਰਨ ਵਾਲ਼ਿਆਂ ‘ਚੋਂ ਕੁੱਝ ਦੇ ਕਦਮ ਸਮੇਂ ਸਮੇਂ ‘ਤੇ ਥਿੜ੍ਹਕਦੇ ਰਹਿੰਦੇ ਹਨ, ਉਹ ਲੋਕ ਮੁਕਤੀ ਦੀ ਲਹਿਰ ਤੋਂ ਲਾਂਭੇ ਹੁੰਦੇ ਰਹਿੰਦੇ ਹਨ ਜਦ ਕਿ ਕੁਝ ਅਜਿਹੇ ਹੁੰਦੇ ਹਨ ਜੋ ਇੱਕ ਵਾਰ ਇਸ ਰਾਹ ‘ਤੇ ਕਦਮ ਰੱਖਦੇ ਹਨ ਤਾਂ ਉਮਰ ਭਰ ਅਡੋਲ ਇਸ ਰਾਹ ‘ਤੇ ਚੱਲਦੇ ਰਹਿੰਦੇ ਹਨ। ਅਜਿਹੇ ਵਿਅਕਤੀ ਹੀ ਇਨਕਲਾਬੀਆਂ ਦੀਆਂ ਨਵੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ। ਗੁਰਸ਼ਰਨ ਸਿੰਘ ਇਸ ਮਗਰਲੀ ਕੋਟੀ ‘ਚ ਆਉਂਦੇ ਹਨ। ਗੁਰਸ਼ਰਨ ਸਿੰਘ ਦੇ ਆਵਦੇ ਸ਼ਬਦਾ ਵਿੱਚ, ”ਸੰਨ 1955 ਦੀ ਗੱਲ ਐ, ਮੈਂ ਉਦੋਂ ਭਾਖੜਾ ਡੈਮ ‘ਤੇ ਕੰਮ ਕਰ ਰਿਹਾ ਸਾਂ। ਮੈਂ ਪਹਾੜ ਦੀ ਚੋਟੀ ‘ਤੇ ਖੜ੍ਹਾ ਸਾਂ। ਥੱਲੇ ਸਤਲੁਜ ਦਰਿਆ ਠਾਠਾਂ ਮਾਰ ਰਿਹਾ ਸੀ। ਅਸੀਂ ਖੱਬੀ ਅਤੇ ਸੱਜੀ ਟਨਲ ਬਣਾ ਰਹੇ ਸਾਂ। ਉਹ ਨੂੰ ਕੱਚਾ ਡੈਮ ਕਹਿਣ ਵਾਸਤੇ ਕਿ ਜਿੱਥੇ ਡੈਮ ਬਣਨੈ, ਉਹ ਜਗ੍ਹਾ ਖਾਲੀ ਕੀਤੀ ਜਾਵੇ। ਪਾਣੀ ਜਿਹੜਾ ਹੈ, ਉਸ ਦਾ ਰੁਖ ਮੋੜਿਆ ਜਾਵੇ ਤਾਂ ਉਸ ਵੇਲੇ ਮੈਂ ਆਪਣੇ ਆਪ ਨੂੰ ਸੰਬੋਧਨ ਹੋ ਕੇ ਕਿਹਾ ਸੀ ਕਿ ਅੱਜ ਸਾਇੰਸ ਦੇ ਯੁੱਗ ਵਿੱਚ ਜੇਕਰ ਅਸੀਂ ਦਰਿਆਵਾਂ ਦੇ ਰੁਖ ਮੋੜ ਸਕਦੇ ਆ ਤਾਂ ਜ਼ਿੰਦਗੀ ਦੇ ਰੁਖ ਕਿਉਂ ਨਹੀਂ ਮੋੜ ਸਕਦੇ। ਇਹ ਮੈਂ ਆਪਣੇ ਆਪ ਨੂੰ ਸੰਬੋਧਨ ਹੋ ਕੇ ਕਿਹਾ ਸੀ ਔਰ ਹੁਣ ਮੈਂ ਮਾਣ ਨਾਲ਼ ਕਹਿ ਸਕਦਾ ਹਾਂ, ਨਿਮਾਣੇ ਜੇਹੇ ਮਾਣ ਨਾਲ਼, ਕਿ ਮੈਂ ਪੂਰੇ ਇਕਵੰਜਾ ਸਾਲ ਇਹ ਬੋਲ ਯਾਦ ਰਖੇ ਨੇ। ਜ਼ਿੰਦਗੀ ਦਾ ਰੁਖ ਮੋੜਨਾ ਏ।”
ਉਨ੍ਹਾਂ ਦੇ ਇਹ ਸ਼ਬਦ 2006 ‘ਚ ਕਹੇ ਸਨ। ਗੁਰਸ਼ਰਨ ਸਿੰਘ ਹੋਰਾਂ ਇਹ ਬੋਲ ਆਪਣੇ ਅੰਤਿਮ ਸਾਹਾਂ ਤੱਕ ਨਾ ਸਿਰਫ਼ ਯਾਦ ਰੱਖੇ, ਸਗੋਂ ਜ਼ਿੰਦਗੀ ਦਾ ਰੁਖ ਮੋੜਨ ਲਈ ਜੂਝਦੇ ਵੀ ਰਹੇ। ਭਾਵੇਂ ਇਹ ਕਲਾ ਦਾ ਖੇਤਰ ਹੋਵੇ ਅਤੇ ਭਾਵੇਂ ਸਿਆਸਤ ਦਾ। ਆਪਣੇ ਅੰਤਿਮ ਦਿਨਾਂ ਵਿੱਚ ਦੇਸ਼ ਦੇ ਹੁਕਮਰਾਨਾਂ ਵੱਲੋਂ ਕੇਂਦਰੀ ਭਾਰਤ ਦੇ ਜੰਗਲ਼ੀ ਖੇਤਰ ਵਿੱਚ ਆਦਿਵਾਸੀਆਂ ਉੱਪਰ ਢਾਹੇ ਜਾ ਰਹੇ ਜ਼ਬਰ ਵਿਰੁੱਧ ਪੰਜਾਬ ਵਿੱਚ ਬਣੇ ‘ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਮੰਚ’ ਦੇ ਕਨਵੀਨਰ ਸਨ।
ਨਾਟ-ਕਲਾ ਉਨ੍ਹਾਂ ਦੀ ਸਰਗਰਮੀ ਦਾ ਮੁੱਖ ਖੇਤਰ ਰਿਹਾ ਹੈ। ਕਈ ਦਹਾਕਿਆਂ ਤੱਕ ਉਹ ਪੰਜਾਬ ਦੇ ਪਿੰਡਾਂ ਵਿੱਚ ਨਾਟਕ ਖੇਡਦੇ ਰਹੇ। ਆਪਣੇ ਨਾਟਕਾਂ ਰਾਹੀਂ ਉਹ ਜਮਾਤੀ ਵੰਡਾਂ, ਜਾਤ ਅਧਾਰਤ ਦਾਬੇ-ਅਪਮਾਨ, ਔਰਤਾਂ ਉੱਪਰ ਜ਼ਬਰ ਵਿਰੁੱਧ ਲੋਕਾਂ ਨੂੰ ਜਗਾਉਂਦੇ ਰਹੇ। ਹਾਕਮ ਜਮਾਤੀ ਪਾਰਟੀਆਂ ਦਾ ਢੋਂਗ ਪਾਖੰਡ, ਸਰਕਾਰੀ ਅਦਾਰਿਆਂ ‘ਚ ਫੈਲਿਆ ਭ੍ਰਿਸ਼ਟਾਚਾਰ ਵੀ ਉਨ੍ਹਾਂ ਦੇ ਵਿਅੰਗ ਦੀ ਮਾਰ ਹੇਠ ਆਇਆ। ਸਿਹਤਮੰਦ ਮਨੋਰੰਜਨ-ਸੱਭਿਆਚਾਰ ਤੋਂ ਵਾਂਝੇ ਪੇਂਡੂ ਗਰੀਬ ਲੋਕਾਂ ਤੱਕ ਆਪਣੇ ਨਾਟਕਾਂ ਰਾਹੀਂ ਨਾ ਸਿਰਫ਼ ਉਨ੍ਹਾਂ ਸਿਹਤਮੰਦ ਮਨੋਰੰਜਨ-ਸੱਭਿਆਚਾਰ ਹੀ ਪਹੁੰਚਾਇਆ ਸਗੋਂ ਉਨ੍ਹਾਂ ਦੀ ਦੁੱਖ ਮੁਸੀਬਤਾਂ ਭਰੀ ਜ਼ਿੰਦਗੀ ਦੇ ਅਸਲ ਕਾਰਨਾਂ ਬਾਰੇ ਦੱਸਣ ਦੀ ਵੀ ਕੋਸ਼ਿਸ਼ ਕੀਤੀ।
80ਵਿਆਂ ਦੇ ਦਹਾਕੇ ‘ਚ ਜਦੋਂ ਪੰਜਾਬ ਵਿੱਚ ਫਿਰਕੂ ਦਹਿਸ਼ਤਗਰਦੀ ਦੀ ਹਨ੍ਹੇਰੀ ਚੱਲ ਰਹੀ ਸੀ, ਜਦੋਂ ਪੰਜਾਬ ਦੇ ਲੋਕ ਹਕੂਮਤੀ ਅਤੇ ਫਿਰਕੂ ਦਹਿਸ਼ਤਗਰਦੀ ਦੇ ਦੋ ਪੁੜਾਂ ਦਰਮਿਆਨ ਪਿਸ ਰਹੇ ਸਨ, ਅਜਿਹੇ ਹਨ੍ਹੇਰੇ ਦੌਰ ਵਿੱਚ ਵੀ ਨਾ ਤਾਂ ਉਨ੍ਹਾਂ ਦੀ ਕਲਮ ਹੀ ਚੁੱਪ ਹੋਈ ਅਤੇ ਨਾ ਹੀ ਅਵਾਜ਼, ਸਗੋਂ ਉਨ੍ਹਾਂ ਨੇ ਹੋਰ ਵੀ ਬੁਲੰਦ ਆਵਾਜ਼ ਵਿੱਚ ਹਕੂਮਤੀ ਅਤੇ ਫਿਰਕੂ ਦਹਿਸ਼ਤ ਦਾ ਵਿਰੋਧ ਕੀਤਾ।
ਮੌਜੂਦਾ ਸਮਾਜੀ ਆਰਥਿਕ ਢਾਂਚੇ ਨੂੰ ਉਹ ਘੋਰ ਨਫ਼ਰਤ ਕਰਦੇ ਸਨ, ਇਸ ਢਾਂਚੇ ਨੂੰ ਮੁੱਢੋਂ ਬਦਲਕੇ, ਇੱਕ ਜਮਾਤੀ ਵੰਡਾਂ ਤੋਂ, ਹਰ ਤਰ੍ਹਾਂ ਦੀ ਲੁੱਟ ਜ਼ਬਰ ਤੋਂ ਰਹਿਤ ਸਮਾਜ ਦੀ ਉਸਾਰੀ ਕਰਨਾ। ਗੁਰਸ਼ਰਨ ਸਿੰਘ ਹੋਰਾਂ ਦੇ ਜੀਵਨ ਦਾ ਉਦੇਸ਼ ਸੀ। ਉਨ੍ਹਾਂ ਦੀ ਨਾਟ-ਕਲਾ ਇਸੇ ਉਦੇਸ਼ ਨੂੰ ਸਮਰਪਤ ਸੀ। ਉਨ੍ਹਾਂ ਨੇ ਆਪਣੀਆਂ ਸਰੀਰਕ-ਮਾਨਸਿਕ ਯੋਗਤਾਵਾਂ ਨੂੰ ਗਰੀਬ ਕਿਰਤੀ ਲੋਕਾਂ ਦੀ ਮੁਕਤੀ ਨੂੰ ਅਰਪਿਤ ਕੀਤਾ। ਉਨ੍ਹਾਂ ਕਦੇ ਵੀ ਆਪਣੀ ਕਲਾ ਨੂੰ ਵਪਾਰ ਨਹੀਂ ਬਣਨ ਦਿੱਤਾ।
ਪਰ ਇੱਥੇ ਅਸੀਂ ਇਹ ਵੀ ਜ਼ਰੂਰ ਕਹਿਣਾ ਚਾਹਾਂਗੇ ਕਿ ਉਹ ਮੌਜੂਦਾ ਸਮਾਜੀ-ਆਰਥਿਕ ਢਾਂਚੇ ਅਤੇ ਉਸ ਦੀ ਗਤਿਕੀ ਨੂੰ ਵਿਗਿਆਨਕ ਢੰਗ ਨਾਲ਼ ਸਮਝਣੋਂ ਅਸਮਰੱਥ ਰਹੇ। ਜਿਸ ਇਨਕਲਾਬ ਲਈ ਉਹ ਜ਼ਿੰਦਗੀ ਭਰ ਜੂਝਦੇ ਰਹੇ, ਉਹ ਉਸ ਇਨਕਲਾਬ ਦੀਆਂ ਚਾਲਕ ਸ਼ਕਤੀਆਂ ਨੂੰ ਨਾ ਸਮਝ ਸਕੇ। ਉਨ੍ਹਾਂ ਜਿਹੇ ਸਮਰੱਥ ਅਤੇ ਬੇਹੱਦ ਸੰਵੇਦਨਸ਼ੀਲ ਕਲਾਕਾਰ ਦੀ ਲੇਖਣੀ ‘ਚੋਂ ਪੰਜਾਬ ਵਿੱਚ ਵੱਡੀ ਪੱਧਰ ‘ਤੇ ਹੋਂਦ ਵਿੱਚ ਆਈ ਸਨਅਤੀ ਮਜ਼ਦੂਰ ਜਮਾਤ ਲਗਭਗ ਪੂਰੀ ਤਰ੍ਹਾਂ ਗਾਇਬ ਰਹੀ। ਪਰ ਇਹ ਗੁਰਸ਼ਰਨ ਸਿੰਘ ਹੋਰਾਂ ਦੀ ਵਿਅਕਤੀਗਤ ਸੀਮਾ ਨਾ ਹੋ ਕੇ, ਪੰਜਾਬ ਵਿੱਚ ਮਾਰਕਸਵਾਦੀ-ਲੈਨਿਨਵਾਦੀ ਲਹਿਰ ਦੇ ਨਾਂ ਨਾਲ਼ ਜਾਣੀ ਜਾਂਦੀ ਉਸ ਲਹਿਰ ਦੀ ਸੀਮਾ ਹੈ, ਜਿਸ ਨਾਲ਼ ਗੁਰਸ਼ਰਨ ਸਿੰਘ ਹੋਰੀਂ ਲੰਬਾ ਸਮਾਂ ਜੁੜੇ ਰਹੇ।
ਗੁਰਸ਼ਰਨ ਸਿੰਘ ਹੋਰਾਂ ਬਹੁਤ ਕੁਝ ਲਿਖਿਆ ਹੈ, ਉਨ੍ਹਾਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ, ਲਿਖਿਆ ਜਾ ਰਿਹਾ ਹੈ ਅਤੇ ਆਉਣ ਵਾਲ਼ੇ ਦਿਨਾਂ ਵਿੱਚ ਬਹੁਤ ਕੁਝ ਲਿਖਿਆ ਜਾਵੇਗਾ। ਇਹ ਸਾਰਾ ਲੇਖਣ ਇੱਕ ਵਿਗਿਆਨਕ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ।
ਗੁਰਸ਼ਰਨ ਸਿੰਘ ਦੇ ਸੰਘਰਸ਼ਸ਼ੀਲ, ਸੰਗਰਾਮੀ ਜੀਵਨ ਨੂੰ ਸਲਾਮ। ਕਿਰਤੀ ਲੋਕਾਂ ਦੀ ਮੁਕਤੀ ਲਈ ਉਨ੍ਹਾਂ ਦੀ ਨਿਹਚਾ-ਪ੍ਰਤੀਬੱਧਤਾ ਨੂੰ ਸਲਾਮ।

One comment to ਗੁਰਸ਼ਰਨ ਸਿੰਘ — ਲੋਕ ਮੁਕਤੀ ਨੂੰ ਸਮਰਪਿਤ ਇੱਕ ਪੂਰਾ ਜੀਵਨ

  1. rahul says:

    gursharan bha ji di jindgi da vigeyanik anaylsis hor kise vi khabbe pakhi group ne nahi kita
    vahut vadhiya

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Connecting to %s